ਪੰਜਾਬੀ ਬੋਲੀ - Punjabi Language

 

ਪ੍ਰਸ਼ਨ 1: ਬੋਲੀ ਕਿਸ ਨੂੰ ਆਖਦੇ ਹਨ?

ਉੱਤਰ : ਕਿਸੇ ਦੇਸ਼ ਜਾਂ ਇਲਾਕੇ ਦੇ ਲੋਕ ਜਿਨ੍ਹਾਂ ਬੋਲਾ ਰਾਹੀਂ ਇਕ ਦੂਸਰੇ ਨਾਲ ਗਲ-ਬਾਤ ਜਾਂ ਬੋਲ-ਚਾਲ ਕਰਦੇ ਅਤੇ ਆਪਣੇ ਮਨ ਦੇ ਵਿਚਾਰ ਅਤੇ ਭਾਵ ਦਸਦੇ ਹਨ, ਉਹਨਾਂ ਬੋਲਾਂ ਅਤੇ ਸ਼ਬਦਾਂ ਦੇ ਇਕੱਠ ਨੂੰ ਬੋਲੀ ਆਖਦੇ ਹਨ।

ਪ੍ਰਸ਼ਨ 2:ਉੱਪ-ਬੋਲੀ ਅਤੇ ਸਾਹਿੱਤਿਕ ਬੋਲੀ ਤੋਂ ਕੀਹ ਭਾਵ ਹੈ?

ਉੱਤਰ : ਬੋਲ-ਚਾਲ ਦੀ ਬੋਲੀ ਦੇ ਵੱਖ-ਵੱਖ ਰੂਪ ਹੁੰਦੇ ਹਨ। ਇਕ ਇਲਾਕੇ ਵਿਚ ਕੁਝ ਖਾਸ ਸ਼ਬਦ ਵਰਤੇ ਜਾਂਦੇ ਹਨ ਅਤੇ ਦੂਜੇ ਵਿਚ ਕੁਝ ਹੋਰ। ਬੋਲ-ਚਾਲ ਦੀ ਬੋਲੀ ਦੇ ਇਨ੍ਹਾਂ ਵੱਖੋ-ਵੱਖਰੇ ਰੂਪਾਂ ਨੂੰ ਉੱਪ-ਬੋਲੀਆਂ ਜਾਂ ਉੱਪ-ਭਾਸ਼ਾਵਾਂ ਆਖਦੇ ਹਨ।

ਸਾਹਿੱਤਿਕ ਜਾਂ ਟਕਸਾਲੀ ਬੋਲੀ ਹੋਣਾ ਬੋਲੀ ਦਾ ਉਹ ਰੂਪ ਹੈ,ਜਿਸ ਦੀ ਲੇਖਕ ਅਤੇ ਸਾਹਿਤਕਾਰ ਆਪਣੀਆਂ ਲਿਖਤਾਂ ਲਈ ਵਰਤੋਂ ਕਰਦੇ ਹਨ। ਇਸ ਵਿਚ ਇਲਾਕੇ ਨਾਲ ਸਬੰਧਤ ਕੋਈ ਅੰਤਰ ਨਹੀਂ ਹੁੰਦਾ। ਸਾਹਿੱਤਿਕ ਜਾਂ ਟਕਸਾਲੀ ਬੋਲੀ ਦਾ ਆਧਾਰ ਵੀ ਬੋਲ-ਚਾਲ ਦੀ ਬੋਲੀ ਹੀ ਹੁੰਦਾ ਹੈ ਪਰੰਤੂ ਸਾਹਿੱਤਿਕ ਜਾਂ ਟਕਸਾਲੀ ਬੋਲੀ ਵਧੇਰੇ ਸ਼ੁੱਧ, ਸਪੱਸ਼ਟ ਅਤੇ ਵਿਆਕਰਣ ਦੇ ਨਿਯਮਾਂ ਵਿਚ ਬੱਝੀ ਹੋਈ ਹੁੰਦੀ ਹੈ। ਪੰਜਾਬੀ ਬੋਲੀ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੀਆਂ 14 ਬੋਲੀਆਂ ਵਿਚੋਂ ਇਕ ਹੈ।

ਪੰਜਾਬੀ ਬੋਲੀ

1. ਇਹ ਬੜੀ ਸਰਲ ਅਤੇ ਸਪੱਸ਼ਟ ਬੋਲੀ ਹੈ।

2. ਇਹ ਜਿਸ ਤਰ੍ਹਾਂ ਬੋਲੀ ਜਾਂਦੀ ਹੈ ਉਸੇ ਤਰ੍ਹਾਂ ਹੀ ਲਿਖੀ ਜਾਂਦੀ ਹੈ।

3. ਇਸ ਵਿਚ ਘ, ਝ, ਢ, ਭ, ਧ ਅਤੇ ੜ ਦੀਆਂ ਸਪੱਸ਼ਟ ਧੁਨੀਆਂ ਇਸ ਨੂੰ ਹੋਰ ਬੋਲੀਆਂ ਨਾਲੋਂ ਨਿਖੇੜਦੀਆਂ ਹਨ।

4. ਇਹ ਦੂਜੀਆਂ ਬੋਲੀਆਂ ਤੋਂ ਸ਼ਬਦ ਲੈ ਕੇ ਆਪਣੇ ਵਿਚ ਸਮੋ ਲੈਂਦੀ ਹੈ। ਇਸ ਤਰ੍ਹਾਂ ਇਹ ਬੋਲੀ ਹਰ ਤਰ੍ਹਾਂ ਹੀ ਨਵੀਨ ਰਹਿੰਦੀ ਹੈ।

5. ਇਸ ਦੀ ਆਪਣੀ ਸੁਤੰਤਰ ਲਿੱਪੀ ਹੈ ਜਿਸਨੂੰ ਗੁਰਮੁੱਖੀ ਲਿੱਪੀ ਆਖਦੇ ਹਨ।

ਲਿੱਪੀ

ਬੋਲੀ ਦੀਆਂ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਵਾਸਤੇ ਕੁਝ ਚਿੰਨਾਂ (Symbols) ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨਾਂ ਨੂੰ ਵਰਣ ਜਾਂ ਅੱਖਰ ਕਹਿੰਦੇ ਹਨ। ਇਹਨਾਂ ਵਰਣਾਂ ਜਾਂ ਅੱਖਰਾਂ ਦੇ ਸਮੂਹ ਨੂੰ ਉਸ ਬੋਲੀ ਦੀ “ਲਿੱਪੀ” ਜਾਂ “ਵਰਣਮਾਲਾ” ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਹਿੰਦੀ ਬੋਲੀ ਦੀ ਲਿੱਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਦੀ ਲਿੱਪੀ ਰੋਮਨ ਹੈ। ਇਸੇ ਤਰਾਂ ਪੰਜਾਬੀ ਬੋਲੀ ਦੀ ਲਿੱਪੀ ਗੁਰਮੁੱਖੀ ਹੈ। ਗੁਰਮੁੱਖੀ ਲਿੱਪੀ ਦਾ ਪ੍ਰਚਲਤ ਜਾਂ ਪ੍ਰਸਿਧ ਨਾਂ “ਪੈਂਤੀ” ਜਾਂ “ਪੈਤੀ-ਅਖਰੀ” ਵੀ ਹੈ। ਪੰਜਾਬੀ ਬੋਲੀ ਦੇ ਪੈਂਤੀ (35) ਅੱਖਰ ਹਨ ਜੋ ਪੰਜ - ਪੰਜ ਦੀਆਂ ਸੱਤ (7) ਟੋਲੀਆਂ ਜਾਂ ਵਰਗਾਂ (groups)ਵਿਚ ਵੰਡੇ ਗਏ ਹਨ: ਜਿਵੇਂ:--

ਪੈਂਤੀ ਅੱਖਰੀ

ੳ ਅ ੲ ਸ ਹ .....ਮੁਖ ਵਰਗ ਜਾਂ ਟੋਲੀ

ਕ ਖ ਗ ਘ ਙ .....ਕ ਵਰਗ

ਚ ਛ ਜ ਝ ਞ .....ਚ ਵਰਗ

ਟ ਠ ਡ ਢ ਣ .....ਟ ਵਰਗ

ਤ ਥ ਦ ਧ ਨ .....ਤ ਵਰਗ

ਪ ਫ ਬ ਭ ਮ .....ਪ ਵਰਗ

ਯ ਰ ਲ ਵ ੜ .....ਯ ਵਰਗ

ਨਵੀਨ ਟੋਲੀ

ਇਹਨਾਂ ਪੈਂਤੀ ਅੱਖਰਾਂ ਵਿਚੋਂ ਪੰਜ ਅੱਖਰਾਂ ਹੇਠ ਬਿੰਦੀ ( .) ਲਾ ਕੇ ਪੰਜ ਨਵੇਂ ਅੱਖਰ ਬਣਾਏ ਗਏ ਹਨ। ਇਹਨਾਂ ਪੰਜ ਨਵੇਂ ਅੱਖਰਾਂ ਦੀ ਟੋਲੀ ਨੂੰ ਨਵੀਨ ਟੋਲੀ ਆਖਦੇ ਹਨ।

ਪੰਜ ਨਵੇਂ ਅੱਖਰ ਹਨ : ਸ਼ ਖ਼ ਗ਼ ਜ਼ ਫ਼ ਅਤੇ ਫਿਰ ਇਨ੍ਹਾਂ ਨਾਲ ਇਕ ਹੋਰ ਨਵੀਨ ਅੱਖਰ ਲ਼ ਵਧਾਇਆ ਗਿਆ।

ਇਹ ਛੇ ਅੱਖਰ ਇਸ ਤਰਾਂ ਹਨ। ਸ਼ ਖ਼ ਗ਼ ਜ਼ ਫ਼ ਲ਼

ਇਨ੍ਹਾਂ ਛੇ ਅੱਖਰਾਂ ਵਿੱਚੋਂ ਹੁਣ ਦੋ ਅੱਖਰ ਸ਼ ਅਤੇ ਜ਼ ਹੀ ਬਹੁਤਾ ਵਰਤੇ ਜਾਂਦੇ ਹਨ। ਬਾਕੀ ਦੇ ਚਾਰ ਨਵੀਨ ਅੱਖਰਾਂ ਦੀ ਵਰਤੋਂ ਨਾਂਹ ਦੇ ਬਰਾਬਰ ਹੈ।

ਪੰਜਾਬੀ ਬੋਲੀ ਦੀ ਵਿਆਕਰਣ

ਹੋਰ ਬੋਲੀਆਂ ਦੀ ਤਰਾਂ ਪੰਜਾਬੀ ਬੋਲੀ ਨੂੰ ਸ਼ੁੱਧ ਅਤੇ ਠੀਕ ਢੰਗ ਨਾਲ ਲਿਖਣ,ਬੋਲਣ ਅਤੇ ਪ੍ਰਸਾਰਨ ਦੇ ਆਪਣੇ ਨੇਮ ਹਨ। ਇਹਨਾਂ ਨੇਮਾਂ ਦੇ ਸਮੂਹ ਨੂੰ ਪੰਜਾਬੀ ਬੋਲੀ ਦੀ ਵਿਆਕਰਣ ਕਿਹਾ ਜਾਂਦਾ ਹੈ।

ਵਿਆਕਰਣ ਦੇ ਤਿੰਨ ਭਾਗ ਹਨ:-

(1) ਵਰਣ-ਬੋਧ (Orthography)

(2) ਸ਼ਬਦ-ਬੋਧ (Etymology)

(3) ਵਾਕ-ਬੋਧ (Syntax)

ਵਰਣ-ਬੋਧ:- ਵਰਣ ਦਾ ਦੂਜਾ ਨਾ ਅੱਖਰ ਹੈ। ਵਿਆਕਰਣ ਦੇ ਜਿਸ ਭਾਗ ਵਿਚ ਅੱਖਰਾਂ, ਲਗਾਂ ਮਾਤਰਾਂ ਦੇ ਰੂਪ ਅਤੇ ਉਹਨਾਂ ਦਾ ਉਚਾਰਨ ਦਾ ਗਿਆਨ ਮਿਲੇ, ਉਸ ਭਾਗ ਨੂੰ ਵਰਣ-ਬੋਧ ਜਾਂ ਅੱਖਰ-ਬੋਧ ਆਖਦੇ ਹਨ।

ਸ਼ਬਦ-ਬੋਧ:- - ਵਿਆਕਣ ਦੇ ਜਿਸ ਭਾਗ ਵਿਚ ਸ਼ਬਦਾਂ ਦੀ ਵੰਡ, ਰਚਨਾ ਅਤੇ ਰੂਪਾਂਤਰ ਦੇ ਮੋਟੇ ਮੋਟੇ ਨੇਮਾਂ ਬਾਰੇ ਪੂਰਨ ਗਿਆਨ ਮਿਲੇ, ਉਸ ਨੂੰ ਸ਼ਬਦ-ਬੋਧ ਆਖਦੇ ਹਨ।

ਵਾਕ-ਬੋਧ-:- - ਵਿਆਕਣ ਦੇ ਜਿਸ ਭਾਗ ਵਿਚ ਸ਼ਬਦਾਂ ਤੋਂ ਵਾਕ ਰਚਨਾ ਦੇ ਨੇਮ ਅਤੇ ਢੰਗ ਦੱਸੇ ਜਾਂਦੇ ਹਨ, ਉਸ ਭਾਗ ਨੂੰ ਵਾਕ-ਬੋਧ ਆਖਦੇ ਹਨ।

ਪੰਜਾਬੀ ਬੋਲੀ ਦੇ ਵਰਣ-ਬੋਧ ਜਾਂ ਅੱਖਰ-ਬੋਧ (Orthography) ਗੁਰਮੁਖੀ ਚਿੰਨ੍ਹਾਂ (ਲਿੱਪੀ) (Lippi) ਵਿਚ ਲਿਖੇ ਜਾਂਦੇ ਹਨ।

ਇਹ ਚਿੰਨ੍ਹ ਤਿੰਨ੍ਹ ਪ੍ਰਕਾਰ ਦੇ ਹਨ:-

(1) ਅੱਖਰ (2) ਲਗਾਂ (3) ਲਗਾਖਰ

(1) ਅੱਖਰ ਜਾਂ ਵਰਣ

ਊਪਰ ਦੱਸੇ ਜਾ ਚੁਕੇ ਹਨ।

(2) ਲਗਾਂ

ਅਖਰਾਂ ਨਾਲ ਹੀ ਬੋਲੀ ਦਾ ਉਚਾਰਨ ਪੂਰਾ ਨਹੀਂ ਹੁੰਦਾ। ਜਿਨ੍ਹਾਂ ਚਿੰਨਾਂ ਦੀ ਸਹਾਇਤਾ ਨਾਲ ਬੋਲੀ ਦਾ ਉਚਾਰਨ ਹੁੰਦਾ ਹੈ ਉਹਨਾਂ ਨੂੰ ਲਗਾਂ ਜਾਂ ਮਾਤਰਾਂ ਆਖਦੇ ਹਨ। ਗੁਰਮੁਖੀ ਲਿਪੀ ਵਿਚ ਦਸ (10) ਲਗਾਂ ਹਨ। ਇਹਨਾਂ ਦੇ ਨਾਮ ਅਤੇ ਰੂਪ

ਹੇਠ ਲਿਖੇ ਅਨੁਸਾਰ ਹਨ:--

ਸਵਰ/ ਸ੍ਵਰ (Vowels)

ੳ ਅ ੲ ਅੱਖਰਾਂ ਨਾਲ ਹੇਠ ਲਿਖੀਆਂ ਲਗਾਂ ਲਗਦੀਆਂ ਹਨ, ਜਿਵੇਂ:- ਕੰਨਾ = ਾ , ਸਿਹਾਰੀ = ਿ , ਬਿਹਾਰੀ = ੀ , ਔਂਕੜ = ੁ , ਦੁਲੈਂਕ = ੂ , ਕਨੌੜਾ = ੌ

ਲਗਾਂ ਲਗਣ ਪਿਛੋਂ ਇਹ ਦਸ ਅੱਖਰ ਸ੍ਵਰ (Vowels) ਕਹਾਉਂਦੇ ਹਨ ਅਤੇ ਇਸ ਤਰਾਂ ਲਿਖੇ ਜਾਂਦੇ ਹਨ:

ਉ ਊ

ਅ ਆ ਐ ਔ

ਇ ਈ ਏ

ਵਿਅੰਜਨ (Consonants)

ਸ ਤੋਂ ਲੈ ਕੇ ੜ ਤੱਕ, ਇਹ 32 ਅੱਖਰਾਂ ਨੂੰ ਵਿਅੰਜਨ ਕਿਹਾ ਜਾਂਦਾ ਹੈ।

......ਸ ਹ

ਕ ਖ ਗ ਘ ਙ

ਚ ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਇਹ ਚੇਤੇ ਰੱਖਣ ਵਾਲੀ ਗਲ ਹੈ ਕਿ ੳ, ਅ ਅਤੇ ੲ ਨਾਲ ਸਾਰੀਆਂ ਲਗਾਂ ਦੀ ਵਰਤੋਂ ਨਹੀਂ ਹੁੰਦੀ। ਉਦਾਹਰਨ ਵਜੋਂ ‘ੳ’ ਅੱਖਰ ਨਾਲ ਕੇਵਲ ਔਂਕੜ ‘ ੁ ‘ ਅਤੇ ਦੁਲੈਂਕੜ ‘ ੂ ‘ ਦੀ ਹੀ ਵਰਤੋਂ ਹੁੰਦੀ ਹੈ। ਇਸੇ ਤਰਾਂ ‘ ਅ ‘ ਅੱਖਰ ਨਾਲ ਮੁਕਤਾ, ‘ ਾ ‘, ਲਾਂਵ, ‘ ੇ ‘ ਅਤੇ ਦਲਾਂਵ ‘ ੈ ‘ ‘ ੲ ‘ ਨਾਲ ‘ ਿ‘, ‘ ੀ ‘ ਅਤੇ ‘ ੇ ‘ ਹੀ ਵਰਤੇ ਜਾਂਦੇ ਹਨ।

ਬਾਕੀ ਰਹਿੰਦੇ ‘ ਸ ’ ਤੋਂ ਲੈਕੇ ‘ੜ’ਤਕ, ਇਹਨਾਂ ਹਰ ਇਕ 32 ਅੱਖਰਾਂ ਨਾਲ ‘ਮੁਕਤਾ ’ ਤੋਂ ਲੈ ਕੇ ‘ਕਨੌੜਾ ‘ ਤਕ ਸਾਰੀਆਂ ਹੀ ਲਗਾਂ ਵਰਤੀਆਂ ਜਾਂਦੀਆਂ ਹਨ।

ਨਾਸਕੀ ਜਾਂ ਅਨੁਨਾਸਕ ਅੱਖਰ

ਗੁਰਮੁੱਖੀ ਲਿੱਪੀ ਦੇ ਉਹਨਾਂ ਅੱਖਰਾਂ ਨੂੰ ਨਾਸਕੀ ਜਾਂ ਅਨੁਨਾਸਕ ਅੱਖਰ ਕਹਿੰਦੇ ਹਨ ਜਿਨ੍ਹਾਂ ਦੀ ਆਵਾਜ਼ ਨਾਸਾਂ ਵਿਚੋਂ ਨਿਕਲਦੀ ਹੈ। ਸਾਡੀ ਇਸ ਗੁਰਮੁੱਖੀ ਲਿੱਪੀ ਵਿਚ ਙ, ਞ, ਣ, ਨ, ਮ - ਪੰਜ ਅੱਖਰ ਜਾਂ ਵਰਣ ਨਾਸਕੀ ਹਨ।

ਦੁੱਤ ਅੱਖਰ ਜਾਂ ਸੰਯੁਕਤ ਅੱਖਰ

ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰਾਂ ਨੂੰ ਦੁੱਤ ਜਾਂ ਸੰਯੁਕਤ ਅੱਖਰ ਆਖਦੇ ਹਨ। ਇਹਨਾਂ ਦੋ ਅੱਖਰਾਂ ਦੇ ਮੇਲ ਵਿਚ ਇਕ ਅੱਖਰ ਦੂਜੇ ਦੇ ਪੈਰ ਵਿਚ ਲਿਖਿਆ ਜਾਂਦਾ ਹੈ ਅਤੇ ਮਿਲ ਕੇ ਇਕ ਆਵਾਜ਼ ਪੈਦਾ ਕਰਦੇ ਹਨ। ਇਹਨਾਂ ਦੋਨਾਂ ਵਿਚਕਾਰ ਕੋਈ ਲਗ–ਮਾਤਰ ਨਹੀਂ ਬੋਲਦੀ,

ਜਿਵੇਂ ਪੜ੍ਹਨਾ, ਅਤੇ ਮੁੜ੍ਹਕਾ ਵਿਚ ‘ ੜ੍ਹ ’, ਪ੍ਰੀਤਮ ਅਤੇ ਪ੍ਰਕਾਸ਼ ਵਿਚ ‘ਪ੍ਰ ’ ਅਤੇ ਸ੍ਵਾਸ ਵਿਚ ‘ਸ੍ਵ ’ ਦੁੱਤ ਅੱਖਰ ਹਨ।

ਲਗਾਖਰ

ਲਗਾਖਰ ਗੁਰਮੁੱਖੀ ਲਿੱਪੀ ਦੇ ਉਹ ਚਿੰਨ੍ਹ ਹਨ ਜਿਹੜੇ ਅੱਖਰਾਂ ਨਾਲ ਲਗਾਂ ਤੋਂ ਪਿਛੋਂ ਲਗਦੇ ਹਨ। ਗੁਰਮੁੱਖੀ ਵਿਚ ਤਿੰਨ ਲਗਾਖਰ ਬਿੰਦੀ ( ਂ ) , ਟਿੱਪੀ ( ੰ ) ਅਤੇ ਅੱਧਕ ( ੱ ) ਪ੍ਰਚਲਤ ਹਨ।

ਬਿੰਦੀ (ਂ) ਅਤੇ ਟਿੱਪੀ ( ੰ ) ਦੀਆਂ ਆਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ। ਇਹ ਅੱਧੇ ‘ਨ’ ਦੀ ਆਵਾਜ਼ ਸ਼ਬਦਾਂ ਨੂੰ ਨਾਸਕੀ ਬਨਾਉਣ ਲਈ ਵਰਤੀ ਜਾਂਦੀ ਹੈ। ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਕੁਝ ਲਗਾਂ ਨਾਲ ਕੇਵਲ ਬਿੰਦੀ ਲਗਦੀ ਹੈ ਅਤੇ ਬਾਕੀ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਣਾਂ ਵਜੋਂ:

ਬਿੰਦੀ ਛੇ ਲਗਾਂ ਨਾਲ ਵਰਤੀ ਜਾਂਦੀ ਹੈ, ਜਿਵੇਂ ਕਿ:-

ਕੰਨਾ ਨਾਲ ( ਾਂ ) ਜਿਵੇਂ - ਕਾਂ, ਮਾਂ, ਗਾਂਵਾਂ, ਗਾਵਾਂ, ਆਦਿ।

ਬਿਹਾਰੀ ਨਾਲ ( ੀਂ ) ਜਿਵੇਂ - ਸ਼ੀਂਹ, ਹੀਂਗਣਾ, ਸਾਈਂ, ਆਦਿ।

ਲਾਵਾਂ ਨਾਲ ( ੇਂ ) ਜਿਵੇਂ - ਗੇਂਦਾ, ਸੇਂਮਾ, ਮੇਂਗਣਾਂ ਆਦਿ।

ਦੁਲਾਵਾਂ ਨਾਲ ( ੈਂ ) ਜਿਵੇਂ - ਕੈਂਠਾ, ਪੈਡਾ, ਗੈਂਡਾ, ਆਦਿ ।

ਹੋੜਾ ਨਾਲ ( ੋਂ ) ਜਿਵੇਂ - ਧੋਂਦਾ, ਰੋਂਦਾ, ਤੋਂ, ਆਦਿ ।

ਕਨੌੜਾ ਨਾਲ ਬਿੰਦੀ( ੌਂ ) ਜਿਵੇਂ - ਸੌਂਦਾ, ਲੌਂਗ, ਭੌਂਦਾ, ਆਦਿ ।

ਕਿਉਂਕਿ ਪੰਜਾਬੀ ਬੋਲੀ ਇੱਕ ਸੁਤੰਤਰ ਅਤੇ ਆਪਣੇ ਆਪ ਵਿਚ ਇਕ ਸੰਪੂਰਨ ਬੋਲੀ ਹੈ, ਇਸ ਵਿਚ ਲਿਖੇ ਜਾਣ ਵਾਲੇ ਗਣਤ ਵਿਚ ਵਰਤੇ ਜਾਂਦੇ ਚਿੰਨ ਜਾਂ ਹਿੰਦਸੇ ਇਸ ਤਰਾਂ ਹਨ:

ਹਿੰਦਸੇ (Numerals)

ਪੰਜਾਬੀ ਵਿਆਕਰਣ ਦੇ ਹੋਰ ਬਹੁਤ ਪੱਖ ਹਨ, ਜਿਵੇਂ, ਨਾਂਵ, ਪੜਨਾਂਵ,ਵਿਸ਼ੇਸ਼ਨ.., ਕਰਤਾ, .. ਕਾਰਕ, ...., ਇਕ ਵਚਨ, ਬਹੁ ਵਚਨ, ਲਿੰਗ, ਪੁਲਿੰਗ, ., ਕਾਲ, ਵਾਚ,.. ਆਦਿ ਜਿਨ੍ਹਾਂ ਲਈ ਕੋਈ ਚੰਗੀ ਵਿਆਕਰਣ ਦੀ ਪੁਸਤਕ ਲੈ ਕੇ ਪੜ੍ਹਨੇ ਜ਼ਰੂਰੀ ਹਨ।

Vieweres are most welcome to send in their suggestions for improving the contents to pabk2010@hotmail.com.

Akali Singh Services | History-Society |Sikhism | Sikh Youth Camp Programs | Home