ਗੁਰਸਿੱਖੀ ਜੀਵਨ ਅਤੇ ਸੇਵਾ ਦਾ ਨਮੂਨਾ: ਮਹਾਨ ਸ਼ਹੀਦ : ਭਾਈ ਜੈਤਾ ਜੀ (1649 ਈ:- 1704 ਈ:)

ਮਹਾਨ ਸ਼ਹੀਦ : ਭਾਈ ਜੈਤਾ ਜੀ (2 ਨਵੰਬਰ 1649 ਈ:- 1704 ਈ:)

ਡਾ. ਰਛਪਾਲ ਸਿੰਘ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ।

ਖੋਖਰ ਰੰਗਰੇਟਿਆਂ ਦੇ ਵਸਾਏ ਹੋਏ ਪਿੰਡਾਂ ਵਿੱਚੋਂ ਰੰਗੜ ਨੰਗਲ, ਭਰੋਵਾਲ, ਵੈਰੋਵਾਲ, ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਿੰਡ ਰਾਏ ਨੰਗਲ ਪ੍ਰਸਿੱਧ ਹਨ। ਰਾਏ ਨੰਗਲ ਦਾ ਪ੍ਰਸਿੱਧ ਜੱਟ “ਕੱਥੂ ਰੰਧਾਵਾ” ਆਪਣੇ ਪਰਵਾਰ ਸਮੇਤ ਜਿੱਥੇ ਆ ਕੇ ਵੱਸਿਆ, ਉਸ ਪਿੰਡ ਦਾ ਨਾਮ ਕੱਥੂ+ਨੰਗਲ ਅਰਥਾਤ ‘ਕੱਥੂਨੰਗਲ’ ਪੈ ਗਿਆ।

ਭਾਈ ਜੈਤਾ ਜੀ ਦੇ ਵੰਸ਼ ਦੇ ਮੋਢੀ, ਭਾਈ “ਰਾਇ ਕਲਿਆਣ” ਕੱਥੂਨੰਗਲ ਦੇ ਹੀ ਰਹਿਣ ਵਾਲੇ ਸਨ ਅਤੇ ਇੱਥੇ ਹੀ ਉਨ੍ਹਾਂ ਦੀ ਮ੍ਰਿਤੂ ਹੋਈ ਸੀ। ਰਾਏ ਕਲਿਆਣ ਦੇ ਪੁੱਤਰ ਸ੍ਰੀ ਰਾਮ ਜਸ ਭਾਨ, ਕੱਥੂਨੰਗਲ ਨੂੰ ਛੱਡ ਕੇ ਅੰਤ, ਗੱਗੋਮਾਹਲ (ਜ਼ਿਲ੍ਹਾ ਸ੍ਰੀ ਅੰਮ੍ਰਿਤਸਰ) ਵਿਖੇ ਆ ਕੇ ਵੱਸ ਗਏ ਸਨ।

ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਹੁਕਮ ਅਨੁਸਾਰ 1570 ਈ: ਵਿੱਚ ਨਗਰ ਰਾਮਦਾਸਪੁਰ (ਰਮਦਾਸ) ਵਸਾਇਆ ਗਿਆ। ਜਿਸ ਦਾ ਪ੍ਰਬੰਧ ਬਾਬਾ ਬੁੱਢਾ ਜੀ ਦੇ ਪੜਪੋਤੇ, ਬਾਬਾ ਝੰਡਾ ਸਿੰਘ ਜੀ ਨੂੰ ਸੌਂਪਿਆ ਗਿਆ। ਇਸੇ ਪਿੰਡ (ਰਮਦਾਸ) ਵਿਖੇ ਹੀ ਸ੍ਰੀ ਰਾਮਜਸ ਭਾਨ ਦੇ ਪੁੱਤਰ ਭਾਈ ਸਦਾ ਨੰਦ ਜੀ ਦੇ ਘਰ 2 ਨਵੰਬਰ 1649 ਈ: ਨੂੰ ਮਾਤਾ ਕਰਮ ਦੇਵੀ ਦੀ ਕੁੱਖੋਂ, ਭਾਈ ਜਾਗੂ ਜੀ ਦਾ ਜਨਮ ਹੋਇਆ। ਜੋ ਬਾਅਦ ਵਿੱਚ ਭਾਈ ਜੈਤਾ ਜੀ ਅਰਥਾਤ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।

ਭਾਈ ਜੈਤਾ ਜੀ ਬਾਬਾ ਝੰਡਾ ਸਿੰਘ ਦੇ ਨਾਲ ਹਰ ਕੰਮ ਵਿੱਚ ਸਲਾਹਕਾਰ ਵੀ ਸਨ। ਬਾਬਾ ਝੰਡਾ ਸਿੰਘ ਦੀ ਮ੍ਰਿਤੂ ਤੋਂ ਉਪਰੰਤ ਉਨ੍ਹਾਂ ਦੇ ਪੁੱਤਰ ਭਾਈ ਗੁਰਦਿੱਤਾ ਜੀ ਨੂੰ ਨਗਰ ਰਾਮਦਾਸਪੁਰ (ਰਮਦਾਸ) ਦਾ ਕਾਰਜ ਸੌਂਪਿਆ ਗਿਆ। ਭਾਈ ਜੈਤਾ ਜੀ ਨੇ, ਭਾਈ ਗੁਰਦਿੱਤਾ ਜੀ ਦੀ ਸੇਵਾ ਬੜੇ ਸ਼ਰਧਾ ਭਾਵ ਨਾਲ ਕੀਤੀ ਅਤੇ ਉਸ ਦੀ ਸੰਗਤ ਦੀ ਰੰਗਤ ਕਰਕੇ ਹੀ, ਉਹ ਸਿੱਖ ਬਣੇ ਸਨ।

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦ ਜੋਤੀ ਜੋਤ ਸਮਾਏ ਤਾਂ ਉਨ੍ਹਾਂ ਨੇ ਭਾਈ ਗੁਰਬਖ਼ਸ਼ ਮਸੰਦ ਨੂੰ ‘ਗੁਰਿਆਈ ਮਰਯਾਦਾ ਅਨੁਸਾਰ ‘ਬਾਬਾ ਬਕਾਲਾ’ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਭੇਜਿਆ ਸੀ। ਭਾਈ ਗੁਰਬਖ਼ਸ਼ ਮਸੰਦ ਦੇ ਨਾਲ, ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ ਵੀ ਸਨ।

ਇਸ ਤੋਂ ਬਾਅਦ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਲੱਗੇ ਰਹੇ। ਦਿੱਲੀ ਵਿੱਚ ਸ਼ਹਾਦਤ ਲਈ ਜਾਣ ਤੋਂ ਪਹਿਲਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੀ ਬਾਂਹ, ਭਾਈ ਗੁਰਦਿੱਤਾ ਜੀ (ਵੰਸ਼ ਬਾਬਾ ਬੁੱਢਾ ਜੀ) ਦੇ ਹੱਥ ਫੜਾਉਣ ਵੇਲੇ ਵੀ, ਭਾਈ ਜੈਤਾ ਜੀ ਉਨ੍ਹਾਂ ਦੇ ਨਾਲ ਸਨ।

ਗੁਰੂ ਜੀ ਦੀ ਖ਼ਬਰ ਲੈਣ ਲਈ ਭਾਈ ਜੈਤਾ ਜੀ ਦਿੱਲੀ ਗਏ। ਕੋਤਵਾਲੀ ਦਾ ਦਰੋਗਾ ਅਬਦੁੱਲ ਰਹਿਮਾਨ ਖਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਅਤੇ ਪਵਿੱਤਰ ਵਿਵਹਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਚਰਨਾਂ ਦਾ ਭੌਰਾ ਬਣ ਚੁੱਕਾ ਸੀ।

ਭਾਈ ਜੈਤਾ ਜੀ ਨੇ ਇਸ ਦਰੋਗੇ ਦੀ ਸਹਾਇਤਾ ਨਾਲ ਪਿੰਜਰੇ ਵਿੱਚ ਬੰਦ ਗੁਰੂ ਜੀ ਦੇ ਦਰਸ਼ਨ ਕੀਤੇ। ਗੁਰੂ ਜੀ ਨੇ ਉਸ ਸਮੇਂ ਭਾਈ ਜੈਤਾ ਜੀ ਨੂੰ ਕਿਹਾ ਸੀ ਕਿ, “ਉਹ ਵਰਤਣ ਵਾਲੇ ਭਾਣੇ ਤਕ ਦਿੱਲੀ ਵਿੱਚ ਹੀ ਰਹੇ।

ਗੁਰੂ ਜੀ ਨੇ ਭਾਈ ਜੈਤਾ ਜੀ ਰਾਹੀਂ ਬਜ਼ਾਰ ਵਿੱਚੋਂ ਪੱਗ ਮੰਗਵਾਈ ਅਤੇ ਆਪਣੇ ਇਕ ਸਿੱਖ “ਬ੍ਰਹਮ ਭੱਟ” ਰਾਹੀਂ ਅਨੰਦਪੁਰ ਸਾਹਿਬ ਵਿਖੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਭੇਜੀ। ਜੋ ਭਾਈ ਰਾਮ ਕੌਰ (ਗੁਰਬਖਸ਼ ਸਿੰਘ) ਜੀ ਦੇ ਹੱਥੀਂ ‘ਸ੍ਰੀ ਗੁਰੂ ਗੋਬਿੰਦ ਸਿੰਘ’ ਦੇ ਸਿਰ ’ਤੇ ਸਜਾਈ ਗਈ।

11 ਨਵੰਬਰ 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਹਜ਼ਾਰਾਂ ਲੋਕਾਂ ਦੀ ਭੀੜ ਵਿੱਚ, ਭਾਈ ਜੈਤਾ ਜੀ ਵੀ ਖੜੇ ਸਨ। ਬਹਾਦਰ ਸੂਰਮੇ ਦੇ ਖ਼ੂਨ ਨੇ ਉਬਾਲਾ ਖਾਧਾ।ਏਨੇ ਨੂੰ ਜ਼ੋਰ ਦੀ ਹਨ੍ਹੇਰੀ ਆਈ। ਹਨ੍ਹੇਰੀ ਦੀ ਆੜ ਵਿੱਚ, ਇਸ ਨਿਰਭੈ ਯੋਧੇ ਨੇ, ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ, ਪਹਿਰੇਦਾਰਾਂ ਤੋਂ ਅੱਖਾਂ ਬਚਾ ਕੇ, ਗੁਰੂ ਸਾਹਿਬ ਦੇ ਖ਼ੂਨ ਨਾਲ ਲੱਥ-ਪੱਥ ਸੀਸ ਨੂੰ, ਬੜੀ ਫੁਰਤੀ ਨਾਲ ਉਠਾ ਲਿਆ। ਵਗ ਰਹੀ ਕਹਿਰੀ ਹਨ੍ਹੇਰੀ ਅਤੇ ਲੋਕਾਂ ਦੀ ਭੀੜ ਦੀ ਭਗਦੜ ਵਿੱਚ, ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ, ਦਿੱਲੀ ਤੋਂ ਬਾਹਰ ਨਿਕਲ ਗਏ ਅਤੇ ਬਚਦੇ ਬਚਾਉਂਦੇ ਕੀਰਤਪੁਰ ਸਾਹਿਬ ਪਹੁੰਚ ਗਏ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ ਅਤੇ ਇਸ ਸੀਸ ਨੂੰ ਵੱਡੀ ਘਾਲਣਾ ਘਾਲ ਕੇ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਆਪਣੀਆਂ ਨਿੱਕੀਆਂ ਬਾਹਾਂ ਵਿੱਚ ਲੈਂਦੇ ਹੋਏ ਹਿੱਕ ਨਾਲ ਲਾ ਕੇ ਮਹਾਨ ਕਰਤੱਵ ਦੀ ਭਰਵੀਂ ਸ਼ਲਾਘਾ ਕੀਤੀ ਅਤੇ ਬਚਨ ਕੀਤਾ, “ਇਹ ਰੰਗਰੇਟਾ, ਗੁਰੂ ਕਾ ਬੇਟਾ ਹੈ”

1699 ਦੀ ਵੈਸਾਖੀ ਵਾਲੇ ਦਿਨ, ਖਾਲਸੇ ਨੂੰ ਪਰਗਟ ਕਰਨ ’ਤੇ ਭਾਈ ਜੈਤਾ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ “ਪਾਹੁਲ” ਲਈ ਅਤੇ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਬਣ ਗਏ। ਦਸਮ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰੇ ਦੇ ‘ਨਗਾਰਚੀ’ ਵਜੋਂ ਆਪ ਜੀ ਨੂੰ ਸੇਵਾ ਸੌਂਪੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ ਲੈਣ ਵਾਲੇ ਹਰ ਸਿੱਖ ਨੂੰ ਪਾਹੁਲ ਦੇਣ ਪਿਛੋਂ ਸਿਖਿਆ ਦੇ ਤੌਰ 'ਤੇ ਕਿਹਾ ਕਿ ਅੱਜ ਤੋਂ ਤੇਰੀ ਪਹਿਲੀ ਕੁਲ ਨਾਸ਼, ਤੇਰਾ ਪਹਿਲਾ ਧਰਮ ਨਾਸ਼ ਹੈ, ਤੇਰਾ ਪਹਿਲਾ ਕਰਮ ਨਾਸ਼ ਹੈ,ਆਦਿ । ਅੱਜ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈਂ ਅਤੇ ਅਨੰਦ ਪੁਰ ਸਾਹਿਬ ਦਾ ਵਾਸੀ ਹੈਂ। ਅੱਜ ਤੋਂ ਤੂੰ ਹਰ ਜੀਵ ਜੰਤ ਅਤੇ ਮਨੁਖ ਮਾਤਰ ਵਿੱਚ ਇਕ ਪ੍ਰਮਾਤਮਾ ਨੂੰ ਹੀ ਪਛਾਨਣਾ ਹੈ ਅਤੇ ਰੱਬ ਦੀ ਕੁਦਰਤ ਨੂੰ ਪਿਆਰ ਕਰਨਾ ਹੈ।

ਭਾਈ ਜੈਤਾ ਜੀ ਬੰਦੂਕ ਅਤੇ ਤੀਰ-ਕਮਾਨ ਦਾ ਨਿਸ਼ਾਨਾ ਲਾਉਣ ਵਿੱਚ ਨਿਪੁੰਨ ਸਨ। ਭਾਈ ਜੈਤਾ ਜੀ ਨੇ ਜਿੱਥੇ ਰਣਜੀਤ ਨਗਾਰੇ ਦੇ ਨਗਾਰਚੀ ਵਜੋਂ ਸੇਵਾ ਨਿਭਾਈ, ਉੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਸ਼ਸਤਰ ਵਿੱਦਿਆ ਸਿਖਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਧਰਮ-ਯੁੱਧਾਂ ਜਿਵੇਂ ਭੰਗਾਣੀ ਦਾ ਯੁੱਧ, ਨਦੌਣ ਦੀ ਜੰਗ, ਨਿਰਮੋਹਗੜ੍ਹ ਦਾ ਯੁੱਧ, ਸ੍ਰੀ ਅਨੰਦਪੁਰ ਸਾਹਿਬ ਦੀ ਜੰਗ ਆਦਿ ਧਰਮ ਯੁੱਧਾਂ ਵਿੱਚ ਭਾਈ ਜੈਤਾ ਜੀ ਗੁਰੂ ਜੀ ਦੀ ਫੌਜ ਵਿੱਚ ਧਰਮੀ ਯੋਧੇ ਵਾਂਗ ਕਰਤੱਬ ਨਿਭਾਉਂਦੇ ਰਹੇ।

ਭਾਈ ਜੈਤਾ ਜੀ ਦਾ ਵਿਆਹ 1688 ਈ: ਵਿੱਚ ਪਿੰਡ ਰਿਆੜਕੀ (ਪੱਟੀ) ਦੇ ਭਾਈ ਸੁਜਾਨ ਸਿੰਘ ਦੀ ਪੁੱਤਰੀ ਬੀਬੀ ਰਾਜ ਕੌਰ ਨਾਲ ਹੋਇਆ। ਆਪ ਜੀ ਦੇ ਚਾਰ ਪੁੱਤਰ ਸਨ। ਭਾਈ ਗੁਰਦਿਆਲ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ।

1704 ਈ: ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਵੇਲੇ, ਮੁਗ਼ਲਾਂ ਵੱਲੋਂ ਗੁਰੂ ਜੀ ਅਤੇ ਸਿੰਘਾਂ ਉੱਪਰ ਕਹਿਰ ਦਾ ਹੱਲਾ ਬੋਲ ਦਿੱਤਾ ਗਿਆ। ਭਾਈ ਜੈਤਾ ਜੀ ਇਸੇ ਘਮਸਾਣ ਯੁੱਧ ਵਿੱਚ ਸ਼ਹੀਦ ਹੋ ਗਏ।

ਜਿਸ ਨਿਰਭੈਤਾ ਨਾਲ ਭਾਈ ਜੈਤਾ ਜੀ ਨੇ ਨੌਵੇਂ ਸਤਿਗੁਰੂ ਜੀ ਦਾ ਸੀਸ ਉਠਾ ਕੇ, ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਅਤੇ ਅਦੁੱਤੀ ਸ਼ਹਾਦਤ, ਵਰਗੀ ਮਿਸਾਲ ਸਿੱਖ ਇਤਿਹਾਸ ਵਿੱਚ ਅਕਾਸ਼ ਵਿੱਚ ਚਮਕਣ ਵਾਲੇ ਚੰਦ ਵਾਂਗ ਸਦਾ ਹੀ ਅਮਰ ਰਹੇਗੀ।

ਨਿਰਸੰਦੇਹ ਭਾਈ ਜੈਤਾ ਜੀ ਦਾ ਵਿਲੱਖਣ ਜੀਵਨ ਅਤੇ ਅਦੁੱਤੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਲਈ ਪ੍ਰੇਰਿਤ ਕਰਦੀ ਰਹੇਗੀ।

A Quick Review of ਭਾਈ ਜੀਵਨ ਸਿੰਘ ( ਜੈਤਾ ਜੀ)

1. ਭਾਈ ਜੈਤਾ ਜੀ ਦੇ ਜੀਵਨ ਬਾਰੇ ਵਿਸਥਾਰ ਸਹਿਤ ਦੱਸੋ।

2. ਭਾਈ ਜੈਤਾ ਜੀ ਕੌਣ ਸਨ ਅਤੇ ਇਨ੍ਹਾਂ ਦਾ ਨਾਮ ਜੀਵਨ ਸਿੰਘ ਜੀ ਕਿਵੇਂ ਅਤੇ ਕਦੋਂ ਰੱਖਿਆ ਗਿਆ?

3. ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਸਮੇਂ ਭਾਈ ਜੈਤਾ ਜੀ ਕਿਥੇ ਸਨ ?

4. ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਉਪਰੰਤ ਭਾਈ ਜੈਤਾ ਜੀ ਨੇ ਕੀ ਕੀਤਾ?

5. ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਕੀ ਬਚਨ ਕੀਤੇ ਸਨ ?

6. ਭਾਈ ਜੀਵਨ ਸਿੰਘ ਕਿੱਥੇ ਸ਼ਹੀਦ ਹੋਏ?

7. ਭਾਈ ਜੀਵਨ ਸਿੰਘ ਜੀ ਸਿੱਖ ਇਤਹਾਸ ਵਿੱਚ ਕਿਵੇਂ ਜਾਣੇ ਜਾਣਗੇ, ਕਾਰਨ ਦੱਸੋ ?

8. ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪਾਹੁਲ ਛਕਾਉਣ ਵੇਲੇ ਸਿੱਖ/ਖਾਲਸੇ ਨੂੰ ਸਿੱਖੀ ਦੇ ਕੀ ਨਿਯਮ ਦ੍ਰਿੜ ਕਰਵਾਏ ਸਨ?

Back to previous page

Akali Singh Services, History | Sikhism | Sikh Youth Camp Programs | Punjabi and GurbaniGrammar | Home