ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੀ ਯਾਤਰਾ ਕਰ ਰਹੇ ਸਨ। ਉਹ ਹਰ ਯਾਤਰਾ ਲਈ ਆਪਣੇ ਪਿਆਰੇ ਮਿੱਤਰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਾਂਦੇ ਸਨ। ਪਿੰਡ ਪਿੰਡ ਜਾਕੇ ਲੋਕਾਂ ਨਾਲ ਵਿਚਾਰਾਂ ਕਰਦੇ ਅਤੇ ਲੋਕਾਂ ਨੂੰ ਸੱਚ ਬੋਲਣਾ, ਧਰਮ ਦੀ ਕਮਾਈ ਕਰਨਾ, ਆਪਸ ਵਿੱਚ ਪਿਆਰ ਨਾਲ ਰਹਿਣਾ ਅਤੇ ਰੱਬ ਨੂੰ ਯਾਦ ਰੱਖਣ ਦਾ ਸੰਦੇਸ਼ ਦੇ ਕੇ ਗੁਰ ਜੀ ਅੱਗੇ ਤੁਰ ਪੈਂਦੇ ਸਨ। ਇਸ ਤਰਾਂ ਉਹ 1521 ਈ: ਵਿੱਚ ਏਮਨਾਬਾਦ ਪਹੁੰਚੇ।ਏਮਨਾਬਾਦ ਹੁਣ ਪੂਰਬੀ ਪਾਕਿਸਤਾਨ ਵਿੱਚ ਹੈ।ਏਮਨਾਬਾਦ ਦਾ ਪਹਿਲਾ ਨਾਮ ਸੈਦਪੁਰ ਸੀ।
ਭਾਈ ਲਾਲੋ ਨਾਮ ਦਾ ਇੱਕ ਮਨੁੱਖ ਏਮਨਾਬਾਦ ਵਿੱਚ ਰਹਿੰਦਾ ਸੀ। ਭਾਈ ਲਾਲੋ ਇੱਕ ਬਹੁਤ ਪਿਆਰ ਵਾਲਾ ਮਨੁੱਖ ਸੀ। ਬੜੇ ਸਬਰ ਅਤੇ ਸੰਤੋਖ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਉਹ ਕਦੇ ਝੂਠ ਨਹੀ ਸੀ ਬੋਲਦਾ ਅਤੇ ਕਿਸੇ ਦਾ ਹੱਕ ਨਹੀ ਸੀ ਮਾਰਦਾ। ਆਪਣੀ ਦਸਾਂ ਨਹੂੰਆਂ ਦੀ ਮੇਹਨਤ ਅਤੇ ਸੱਚ ਦੀ ਕਮਾਈ ਨਾਲ ਪਰਵਾਰ ਪਾਲਦਾ ਸੀ। ਆਪਣੀ ਕਮਾਈ ਵਿੱਚੋਂ ਹਿੱਸਾ ਕਢਕੇ ਲੋੜਵੰਦਾਂ ਦੀ ਸਹਾਇਤਾ ਵੀ ਕਰਦਾ ਸੀ। ਲੋਕ ਉਸਨੂੰ ਸਤਿਕਾਰ ਅਤੇ ਪਿਆਰ ਦੇਂਦੇ ਸਨ। ਕਿੱਤੇ ਵਜੋਂ ਉਹ ਕਾਰੀਗਰ ਸੀ ਅਤੇ ਲੁਹਾਰਾ, ਤਰਖਾਨਾ ਕੰਮ ਕਰਦਾ ਸੀ। ਉਹ ਇੱਕ ਐਸਾ ਮਨੁਖ ਸੀ ਜੋ ਕੰਮ ਕਰਦਿਆਂ ਹੋਇਆਂ ਹਰ ਵਕਤ ਪ੍ਰਮਾਤਮਾਂ ਨੂੰ ਯਾਦ ਕਰਦਾ ਰਹਿੰਦਾ ਸੀ। ਉਹ ਆਏ ਹੋਏ ਯਾਤਰੀਆਂ ਦੀ ਸੇਵਾ ਕਰਦਾ ਸੀ। ਭਾਈ ਲਾਲੋ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਆਪਣੇ ਘਰ ਰਹਿਣ ਲਈ ਜੀ ਆਇਆਂ ਕਿਹਾ।
ਏਮਨਾਬਾਦ ਵਿੱਚ ਇੱਕ ਮਲਕ ਭਾਗੋ ਨਾਮ ਦਾ ਮਨੁੱਖ ਵੀ ਰਹਿੰਦਾ ਸੀ ।ਮਲਕ ਭਾਗੋ ਬਹੁਤ ਪੈਸੇ ਵਾਲਾ ਸੀ ਅਤੇ ਆਲੇ ਦੁਆਲੇ ਦੇ ਸਭ੍ਹ ਪਿੰਡਾਂ ਵਿੱਚ ਜਾਣਿਆਂ ਜਾਂਦਾ ਸੀ। ਮਲਕ ਭਾਗੋ ਵਪਾਰ ਕਰਦਾ ਸੀ ਅਤੇ ਉਸਦੇ ਕਈ ਨੌਕਰ ਚਾਕਰ ਸਨ। ਉਹ ਆਪਣੇ ਨੌਕਰਾਂ ਨੂੰ ਪੂਰੀ ਤਨਖਾਹ ਨਹੀਂ ਸੀ ਦੇਂਦਾ ਅਤੇ ਉਹਨਾਂ ਕੋਲੋਂ ਬਹੁਤ ਕੰਮ ਲੈਂਦਾ ਸੀ। ਇਸਤਰਾਂ ਕਰਕੇ ਉਸਨੇ ਬਹੁਤ ਪੈਸੇ ਇੱਕਠੇ ਕਰ ਲਏ ਸਨ। ਬੜਾ ਅਮੀਰ ਅਤੇ ਬੜਾ ਹੰਕਾਰੀ ਵੀ ਸੀ। ਕਿਸੇ ਦੀ ਸਹਾਇਤਾ ਨਹੀਂ ਸੀ ਕਰਦਾ। ਗਰੀਬ ਲੋਕਾਂ ਨਾਲ ਉਸਦਾ ਵਤੀਰਾ ਵਿਹਾਰ ਠੀਕ ਨਹੀਂ ਸੀ।ਬ ਹੁਤੇ ਲੋਕ ਉਸ ਤੋਂ ਡਰਦੇ ਸਨ ਅਤੇ ਉਸਨੂੰ ਚੰਗਾ ਮਨੁੱਖ ਨਹੀ ਸਨ ਜਾਣਦੇ।
ਆਪਣੇ ਪੈਸਿਆਂ ਦਾ ਦਿਖਾਵਾ ਕਰਦਾ ਸੀ ਅਤੇ ਲੋਕਾਂ ਕੋਲੋਂ ਆਪਣੀ ਸੋਭ੍ਹਾ (ਵਡਿਆਈ) ਕਰਵਾ ਕੇ ਖੁੱਸ਼ ਹੁੰਦਾ ਸੀ। ਇਸ ਲਈ ਉਹ ਕਦੇ ਕਦੇ ਆਪਣੇ ਘਰ ਲੰਗਰ ਬਣਵਾ ਕੇ ਏਮਨਾਬਾਦ ਦੇ ਲੋਕਾਂ ਨੂੰ ਆਪਣੇ ਘਰ ਖਾਣੇ ਲਈ ਸੱਦਾ ਦੇਂਦਾ ਸੀ। ਮਲਕ ਭਾਗੋ ਨੂੰ ਖੁੱਸ਼ ਕਰਨ ਲਈ, ਕਈ ਲੋਕ ਖਾਣੇ ਦੇ ਸੱਦੇ 'ਤੇ ਜਾਂਦੇ ਅਤੇ ਉਸ ਲਈ ਕਈ ਮਹਿੰਗੀਆਂ ਵਸਤੂਆਂ ਤੁਹਫੇ (ਗਿਫਟ) ਵੱਜੋਂ ਲਿਆਉਂਦੇ ਸਨ। ਮਲਕ ਭਾਗੋ ਦੇ ਘਰ ਖਾਣਾ ਖਾ ਕੇ ਲੋਕ ਉਸਦੀ ਬਹੁਤ ਝੂਠੀ ਸੋਭ੍ਹਾ (ਵਡਿਆਈ ਜਾਂ ਉਸਤਤ) ਕਰਦੇ ਅਤੇ ਕਹਿੰਦੇ ਕਿ ਮਲਕ ਭਾਗੋ ਤੂੰ ਬਹੁਤ ਦਾਨੀ ਅਤੇ ਚੰਗਾ ਮਨੁੱਖ ਹੈਂ।
ਇਸ ਵੇਰਾਂ, ਜਦ ਬਹੁਤ ਸਾਰੇ ਲੋਕ ਖਾਣਾ ਖਾ ਗਏ ਤਾਂ ਮਲਕ ਭਾਗੋ ਨੇ ਆਪਣੇ ਨੌਕਰਾਂ ਤੋਂ ਪੁੱਛਿਆ ਕਿ ਪਿੰਡ ਵਿੱਚ ਕੋਈ ਹੈ ਜੋ ਮੇਰੇ ਘਰ ਖਾਣਾ ਖਾਣ ਲਈ ਨਹੀ ਆਇਆ?
ਨੌਕਰਾਂ ਨੇ ਉਤਰ ਦਿੱਤਾ ਕਿ ਭਾਈ ਲਾਲੋ ਅਤੇ ਉਸਦੇ ਘਰ ਠਹਿਰੇ ਹੋਏ ਦੋ ਪਰਾਹੁਣੇ ਨਹੀ ਆਏ।
ਮਲਕ ਭਾਗੋ ਨੂੰ ਇਹ ਸੁਣਕੇ ਅਚੰਬਾ ਅਤੇ ਕੁੱਝ ਦੁੱਖ ਵੀ ਹੋਇਆ। ਉਸ ਨੇ ਕਿਹਾ ਕਿ ਉਹ ਕਿਉਂ ਨਹੀ ਆਏ? ਜਾਉ, ਉਹਨਾਂ ਨੂੰ ਜਾ ਕੇ ਦੱਸੋ ਕਿ ਮੈਂ ਕਿੰਨੇ ਸਵਾਦੀ ਅਤੇ ਕੀਮਤੀ ਭੋਜਨ ਬਨਵਾਏ ਹਨ ਅਤੇ ਕਹੋ ਕਿ ਉਹ ਵੀ ਆ ਕੇ ਖਾਣਾ ਖਾ ਕੇ ਮਲਕ ਭਾਗੋ ਦੀਆਂ ਖੁੱਸ਼ੀਆਂ ਲੈਣ।
ਨੌਕਰਾਂ ਨੇ ਜਾ ਕੇ ਭਾਈ ਲਾਲੋ ਅਤੇ ਗੁਰੂ ਜੀ ਨੂੰ ਮਲਕ ਭਾਗੋ ਵਲੋਂ ਫਿਰ ਸੱਦਾ ਦਿੱਤਾ ਅਤੇ ਇਹ ਵੀ ਕਿਹਾ ਕਿ ਜੇ ਉਹ ਨਾਂ ਆਏ ਤਾਂ ਮਲਕ ਭਾਗੋ ਉਹਨਾਂ ਨਾਲ ਗੁੱਸੇ ਹੋ ਜਾਵੇਗਾ।
ਗੁਰੂ ਜੀ ਨੌਕਰਾਂ ਦੀ ਇਹ ਗਲ ਸੁਣਕੇ, ਮਲਕ ਭਾਗੋ ਦੇ ਘਰ ਚਲੇ ਗਏ ਪਰ ਖਾਣਾ ਖਾਣ ਤੋਂ ਨਾਂਹ ਕਰ ਦਿੱਤੀ। ਇਹ ਸੁਣਕੇ ਮਲਕ ਭਾਗੋ ਨਾਰਾਜ਼ ਹੋ ਕੇ ਕਹਿਣ ਲੱਗਾ ਕਿ ਤੁਸੀਂ ਮੇਰੇ ਘਰ ਖਾਣਾ ਕਿਉਂ ਨਹੀ ਖਾਂਦੇ। ਮੈਂ ਇੱਕ ਧਨੀ ਮਨੁਖ ਹਾਂ ਅਤੇ ਸਾਰੇ ਇਲਾਕੇ ਦੇ ਲੋਕ ਮੈਨੂੰ ਜਾਣਦੇ ਹਨ। ਜਿਸਦੇ ਘਰ ਠਹਿਰੇ ਹੋ ਮੈਂ ਉਸ ਨਾਲੋਂ ਬਹੁਤ ਧਨੀ ਹਾਂ। ਤੁਸੀਂ ਉਸਦੇ ਘਰ ਦਾ ਭੋਜਨ ਖਾਣਾ ਪਸੰਦ ਕਰਦੇ ਹੋ ਜਦੋਂ ਕਿ ਮੇਰੇ ਘਰ ਬੜੇ ਸਵਾਦੀ ਅਤੇ ਕੀਮਤੀ ਭੋਜਨ ਤਿਆਰ ਕੀਤੇ ਹੋਏ ਹਨ। ਤੁਸੀਂ ਮੇਰੇ ਘਰ ਭੋਜਨ ਨਾ ਖਾ ਕੇ ਮੇਰੀ ਹੇਠੀ ਕਰ ਰਹੇ ਹੋ।
ਗੁਰੂ ਜੀ ਨੇ ਝੱਟ ਸਮਝ ਲਿਆ ਕਿ ਮਲਕ ਭਾਗੋ ਦੇ ਹੰਕਾਰ ਨੂੰ ਬੜੀ ਸੱਟ ਵੱਜੀ ਹੈ। ਗੁਰੂ ਜੀ ਗਲ ਬਾਤ ਕਰਨ ਵਿੱਚ ਬਹੁਤ ਨਿਪੁੰਨ ਸਨ। ਗੁਰੂ ਜੀ ਨੇ ਪਿਆਰ ਨਾਲ ਪਰ ਬੜੀ ਦ੍ਰਿੜਤਾ ਅਤੇ ਬੜੇ ਹੀ ਚੰਗੇ ਤਰੀਕੇ ਨਾਲ ਮਲਕ ਭਾਗੋ ਨੂੰ ਸਮਝਾਇਆ ਅਤੇ ਕਿਹਾ ਕਿ ਮਲਕ ਭਾਗੋ ਤੂੰ ਆਪਣੇ ਧੰਨ ਦਾ ਮਾਣ ਕਰਦਾ ਹੈਂ। ਕੋਈ ਵੀ ਬਹੁਤੇ ਧਨ ਕਰਕੇ ਚੰਗਾ ਨਹੀ ਆਖਿਆ ਜਾ ਸਕਦਾ। ਆਪਣੀ ਮੇਹਨਤ ਦੀ ਕਮਾਈ ਕਰਕੇ ਧੰਨ ਕਮਾਣਾ ਚੰਗਾ ਹੁੰਦਾ ਹੈ, ਲੋਕਾਂ ਦਾ ਹੱਕ ਮਾਰਕੇ ਨਹੀਂ। ਚੰਗੇ ਕੰਮ ਕਰਨ ਅਤੇ ਗਰੀਬਾਂ ਦੀ ਸਹਾਇਤਾ ਕਰਨ ਨਾਲ ਚੰਗਾ ਮਨੁੱਖ ਬਣਦਾ ਹੈ। ਤੂੰ ਲੋਕਾਂ ਦੀ ਹੱਕ ਦੀ ਕਮਾਈ ਮਾਰਕੇ ਧਨੀ ਬਣਿਆ ਹੈ। ਇਸ ਤਰਾਂ ਤੂੰ ਪਾਪ ਦੀ ਕਮਾਈ ਕਰਦਾ ਹੈਂ ਅਤੇ ਫਿਰ ਉਹਨਾਂ ਲੋਕਾਂ ਨੂੰ ਖਾਣਾ ਖੁਆ ਕੇ ਉਹਨਾਂ ਤੋਂ ਆਪਣੀ ਵਡਿਆਈ ਅਤੇ ਬੱਲੇ ਬੱਲੇ (ਸੋਭ੍ਹਾ) ਕਰਵਾਂਦਾ ਹੈ। ਗੁਰੂ ਜੀ ਨੇ ਮਲਕ ਭਾਗੋ ਨੂੰ ਦੱਸਿਆ ਕਿ ਇਸ ਨਾਲ ਉਸਦਾ ਹੰਕਾਰ ਹੋਰ ਵੱਧਦਾ ਹੈ ਜਿਹੜਾ ਕਿ ਪ੍ਰਮਾਤਮਾਂ ਨੂੰ ਮਨਜ਼ੂਰ ਨਹੀ।
ਗੁਰੂ ਜੀ ਨੇ ਮਲਕ ਭਾਗੋ ਨੂੰ ਕਿਹਾ ਇਹ ਕਮਾਈ ਉਸਦੀ ਆਪਣੀ ਮਿਹਨਤ ਦੀ ਕਮਾਈ ਨਹੀਂ ਹੈ।ਇਹ ਵੀ ਕਿਹਾ ਕਿ ਉਸਦੀ ਕਮਾਈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਅਤੇ ਇਹੋ ਜਿਹੀ ਕਮਾਈ ਵਿੱਚੋਂ ਤਿਆਰ ਕੀਤਾ ਭੋਜਨ ਖਾ ਕੇ ਮੇਰੀ ਆਤਮਾਂ ਨੂੰ ਦੂੱਖ ਹੋਵੇਗਾ ਅਤੇ ਮੇਰਾ ਮਨ ਪ੍ਰਮਾਤਮਾ ਦੀ ਭਗਤੀ ਵਿੱਚ ਨਹੀਂ ਲੱਗੇਗਾ।
ਗੁਰੂ ਜੀ ਨੇ ਉਸਨੂੰ ਦੱਸਿਆ ਕਿ ਭਾਈ ਲਾਲੋ ਇੱਕ ਨਿਰਮਾਨ ਅਤੇ ਭਲਾ ਮਨੁੱਖ ਹੈ। ਉਸ ਦੀ ਕਮਾਈ ਧਰਮ ਅਤੇ ਸੱਚ ਦੀ ਕਮਾਈ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਅਤੇ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ।
ਇਹ ਸੁਣਕੇ ਮਲਕ ਭਾਗੋ ਸ਼ਰਮਿੰਦਾ ਹੋਇਆ ਅਤੇ ਗੁਰੂ ਜੀ ਦੇ ਪੈਰੀ ਪੈ ਕੇ ਮਾਫੀ ਮੰਗ ਲਈ। ਉਸਨੇ ਗੁਰੂ ਜੀ ਨਾਲ ਵਾਇਦਾ ਕੀਤਾ ਕਿ ਉਹ ਅੱਗੇ ਤੋਂ ਮੇਹਨਤ ਅਤੇ ਸੱਚ ਦੀ ਕਮਾਈ ਕਰੇਗਾ। ਲੋਕਾਂ ਨਾਲ ਪਿਆਰ ਅਤੇ ਨਿਆਂ ਦਾ ਵਤੀਰਾ ਕਰੇਗਾ ਅਤੇ ਆਪਣਾ ਹੰਕਾਰ ਤਿਆਗ ਦੇਵੇਗਾ।
ਭਾਈ ਲਾਲੋ ਅਤੇ ਮਲਕ ਭਾਗੋ 'ਤੇ ਇੱਕ ਝਾਤ
ਪ੍ਰਸ਼ਨ:
1. ਗੁਰੂ ਜੀ ਲੋਕਾਂ ਨੂੰ ਕੀ ਸੰਦੇਸ਼ ਦੇਂਦੇ ਸਨ?
2. ਭਾਈ ਲਾਲੋ ਅਤੇ ਮਲਕ ਭਾਗੋ ਕਿਹੋ ਜਿਹੇ ਮਨੁੱਖ ਸਨ?
3. ਕੀ ਜਿਸ ਕੋਲ ਬਹੁਤੇ ਪੈਸੇ ਹੋਣ ਉਹ ਬੜਾ ਚੰਗਾ ਮਨੁੱਖ ਹੁੰਦਾ ਹੈ ਅਤੇ ਕੀ ਸਾਰੇ ਧਨੀ ਲੋਕ ਚੰਗੇ ਹੁੰਦੇ ਹਨ?
4. ਕੀ ਭਾਈ ਲਾਲੋ ਚੰਗੇ ਕੰਮ ਕਰਦਾ ਸੀ ਜੋ ਮਲਕ ਭਾਗੋ ਨਹੀ ਸੀ ਕਰਦਾ?
5. ਮਲਕ ਭਾਗੋ ਕਿਸ ਤਰਾਂ ਬਹੁਤ ਧਨੀ ਬਣਿਆ ਸੀ?
6. ਕੀਹ ਜਿਹਨਾਂ ਕੋਲ ਘੱਟ ਪੈਸੇ ਹਨ ਉਹ ਬੁਰੇ ਲੋਕ ਹਨ?
7. ਗੁਰੂ ਜੀ ਕਿਹੜੇ ਸ਼ਹਿਰ ਵਿੱਚ ਪਹੁੰਚੇ ਅਤੇ ਕਿਸਦੇ ਘਰ ਠਹਿਰੇ ਸਨ ਅਤੇ ਕਿਉਂ?
8. ਗੁਰੂ ਜੀ ਨੇ ਮਲਕ ਭਾਗੋ ਦੇ ਘਰ ਖਾਣਾ ਕਿਉਂ ਨਹੀਂ ਸੀ ਖ੍ਹਾਧਾ?
9. ਗੁਰੂ ਜੀ ਨੇ ਮਲਕ ਭਾਗੋ ਨੂੰ ਕੀ ਸਮਝਾਇਆ?
10. ਮਲਕ ਭਾਗੋ ਨੇ ਗੁਰੂ ਜੀ ਨਾਲ ਕੀ ਵਾਇਦਾ ਕੀਤਾ ਸੀ?
11. ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਭਾਈ ਲਾਲੋ ਵਰਗਾ ਹੈ?
12. ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜੋ ਮਲਕ ਭਾਗੋ ਵਰਗਾ ਹੈ?
13. ਕੀ ਤੁਸੀਂ ਭਾਈ ਲਾਲੋ ਬਨਣਾ ਚਾਹੋਗੇ ਕਿ ਮਲਕ ਭਾਗੋ ਅਤੇ ਕਿਉਂ?
14. ਅਸੀਂ ਇਸ ਸਾਖੀ ਤੋਂ ਕੀ ਸਿੱਖਦੇ ਹਾਂ?