ਗੁਰੂ ਸਾਹਿਬ ਦੇ ਸਮੇਂ ਤੀਕ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਪੀਰਖਾਨੇ ਸਥਾਪਤ ਹੋ ਚੁਕੇ ਸਨ। ਬਹੁਤ ਸਾਰੇ ਮੁਸਲਮਾਨ ਅਤੇ ਅਨੇਕ ਹਿੰਦੂ ਉਸ ਦੇ ਮੁਰੀਦ ਬਣ ਚੁਕੇ ਸਨ।
ਸਖੀ ਸਰਵਰ ਦੀ ਕਬਰ ਜ਼ਿਲ੍ਹਾ ਡੇਰਾ ਗਾਜ਼ੀ ਖਾਂ (ਹੁਣ ਪਾਕਿਸਤਾਨ) ਵਿਚ, ਡੇਰਾ ਗਾਜ਼ੀ ਖਾਂ ਤੋਂ 20 ਮੀਲ ਪੱਛਮ ਤੇ ਪਿੰਡ ਨਗਾਹੇ ਵਿਚ ਹੈ ਜੋ ਤੇਰ੍ਹਵੀਂ ਸਦੀ ਵਿਚ ਬਣੀ। ਉਥੇ ਹੀ ਇਸ ਦੀ ਘਰਵਾਲੀ ਬੀਬੀ ਬਾਈ ਦੀ ਕਬਰ ਵੀ ਹੈ। ਇਸ ਤਰ੍ਹਾਂ ਇਹ ਸਰਵਰੀਆਂ ਦਾ ਮੁੱਖ ਅਸਥਾਨ ਹੈ। ਆਪਣੇ-ਆਪਣੇ ਇਲਾਕੇ ਦੇ ਮੁਖੀ ਸਰਵਰੀਆਂ ਨੂੰ ਨਾਲ ਲੈ ਕੇ, ਸੁਲਤਾਨ ਦਾ ਝੰਡਾ ਚੁੱਕੀ ਢੋਲ ਵਜਾਉਂਦੇ, ਪੀਰ ਦੀ ਉਸਤਤੀ ਦੇ ਗੀਤ ਗਾਉਂਦੇ, ਹਰ ਸਾਲ ਨਗਾਹੇ ਦੀ ਯਾਤਰਾ ਲਈ ਜਾਂਦੇ। ਨਗਾਹੇ ਤੋਂ ਦੂਜੇ ਦਰਜੇ ਦਾ ਸਥਾਨ ਧੌਂਕਲ ਪਿੰਡ ਦਾ ਪੀਰਖਾਨਾ, ਗੁਜਰਾਂ ਵਾਲੇ ਜ਼ਿਲ੍ਹੇ ਵਿਚ ਵਜ਼ੀਰਾਬਾਦ (ਹੁਣ ਪਾਕਿਸਤਾਨ) ਦੇ ਨੇੜੇ ਹੈ। ਪੀਰ ਨੂੰ ਧੌਂਕਲੀਆ ਇਸੇ ਪਿੰਡ ਦੇ ਨਾਮ ਤੇ ਕਿਹਾ ਜਾਂਦਾ ਹੈ।
ਜਿਵੇਂ ਕਿ ਪੀਰਾਂ, ਫਕੀਰਾਂ, ਸਾਧਾਂ, ਸੰਤਾਂ, ਬਾਬਿਆਂ ਦੇ ਮਾਮਲੇ ਵਿਚ ਅਕਸਰ ਹੁੰਦਾ ਹੈ, ਸਖੀ ਸਰਵਰ ਬਾਰੇ ਵੀ ਉਸ ਵੇਲੇ ਕਈ ਸਾਖੀਆਂ ਮਸ਼ਹੂਰ ਸਨ ਜਿਵੇਂ ਕਿ ਇਹ ਰੋਗ ਕੱਟਦਾ ਹੈ, ਜ਼ਮੀਨ, ਧਨ-ਦੌਲਤ ਤੇ ਇੱਜ਼ਤ ਬਖ਼ਸ਼ਦਾ ਹੈ, ਪੁੱਤਰ ਦਿੰਦਾ ਹੈ, ਲਹਿਰਾਂ-ਬਹਿਰਾਂ ਕਰਦਾ ਹੈ, ਆਦਿ, ਆਦਿ। ਇਸ ਕਰਕੇ ਪੀਰ ਦੀ ਦੂਰ-ਦੂਰ ਤਕ ਪ੍ਰਸਿੱਧੀ ਹੋ ਗਈ ਸੀ।
ਪਿੰਡ ਵਿਚ ਸਥਾਪਤ ਪੀਰਖਾਨੇ ਵਿਚ ਪੀਰ ਦੀ ਕਬਰ ਬਣਾਈ ਜਾਂਦੀ, ਜਿਥੇ ਵੀਰਵਾਰ ਦੇ ਵੀਰਵਾਰ ਸੁਲਤਾਨੀਏ ਜਮ੍ਹਾਂ ਹੁੰਦੇ ਅਰ ਭੇਟਾ ਚੜ੍ਹਾਉਂਦੇ। ਢੋਲ ਡੱਗੇ ਨਾਲ ਉੱਚੀ ਆਵਾਜ਼ ਵਿਚ ਪੀਰ ਦੇ ਗੁਣ ਗਾਉਂਦੇ। ਜ਼ਮੀਨ (ਤੰਦੂਰ) ਨੂੰ ਗਰਮ ਕਰਕੇ ਪਕਾਇਆ ਹੋਇਆ ਤੇ ਗੁੜ ਨਾਲ ਚੋਪੜਿਆ ਸਵਾ ਮਣ ਆਟੇ ਦਾ ਰੋਟ ਪੀਰ ਦੀ ਕਬਰ ਉਤੇ ਚੜ੍ਹਾਇਆ ਜਾਂਦਾ। ਭਿਰਾਈ (ਡੱਗਾ ਲਾਉਣ ਵਾਲਾ, ਪੀਰ ਦਾ ਪੁਜਾਰੀ) ਮੰਤਰ ਪੜ੍ਹ ਕੇ ਕੁਝ ਰੋਟ ਆਪ ਲੈ ਲੈਂਦਾ ਅਤੇ ਬਾਕੀ ਪੈਰੋਕਾਰਾਂ ਵਿਚ ਵੰਡ ਦਿੰਦਾ।
ਭਾਈ ਮੰਝ ਸਿੱਖਾਂ ਦੇ ਪੰਜਵੇਂ ਸਤਿਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸਿੱਖ ਹੋਏ ਹਨ। ਉਨ੍ਹਾਂ ਗੁਰੂ ਅਤੇ ਗੁਰੂ-ਘਰ ਦੀ ਸੇਵਾ ਦਾ ਅਜਿਹਾ ਨਮੂਨਾ ਦੱਸਿਆ ਕਿ ਇਹ ਸੇਵਾ ਸਿੱਖਾਂ ਵਾਸਤੇ ਉਦਾਹਰਣ ਰੂਪ ਹੋ ਗਈ। ਉਨ੍ਹਾਂ ਦਾ ਅਸਲ ਨਾਮ ਤੀਰਥਾ ਸੀ ਪਰ ਗੋਤ ਦੇ ਨਾਮ ਤੋਂ ਮੰਝ ਨਾਮ ਪ੍ਰਸਿੱਧ ਹੋਇਆ।
ਮਹਾਨ ਕੋਸ਼ ਅਨੁਸਾਰ ਮੰਝ ਆਪਣੇ ਆਪ ਨੂੰ ਚੰਦਰਬੰਸੀ ਕਹਿੰਦੇ ਰਾਜਪੂਤਾਂ ਦਾ ਇਕ ਗੋਤ ਹੈ। ਰਾਜਾ ਸਲਵਾਨ ਵੀ ਇਸੇ ਗੋਤ ਵਿਚੋਂ ਹੋਇਆ ਹੈ। ਜਲੰਧਰ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਇਸ ਜਾਤੀ ਦੇ ਬਹੁਤ ਪਿੰਡ ਹਨ। ਭਾਈ ਮੰਝ ਵੀ ਇਸੇ ਜਾਤੀ ਵਿਚੋਂ ਸਨ। ਉਹ ਇਲਾਕੇ ਦੇ ਚੌਧਰੀ ਹੋਣ ਕਰਕੇ ਆਪਣੇ ਪਿੰਡ ਅਤੇ ਇਲਾਕੇ ਦੇ ਸਿਰਕੱਢਾਂ ਵਿਚ ਗਿਣੇ ਜਾਂਦੇ ਸਨ। ਇਤਿਹਾਸ ਵਿਚ ਆਉਂਦਾ ਹੈ ਕਿ ਆਪ ਜਿੱਧਰ ਜਾਂਦੇ, 500 ਦੇ ਲਗਭਗ ਲੋਕ ਉਨ੍ਹਾਂ ਦੇ ਨਾਲ ਹੁੰਦੇ। ਉਨ੍ਹਾਂ ਦਾ ਆਦਰ-ਮਾਣ, ਸਤਕਾਰ ਹਰ ਕੋਈ ਕਰਦਾ ਸੀ। ਉਹ ਸਖੀ ਸਰਵਰ ਦੇ ਪੁਜਾਰੀ ਸਨ।
ਭਾਈ ਮੰਝ ਦੇ ਮਾਤਾ, ਪਿਤਾ ਅਤੇ ਜਨਮ ਬਾਰੇ ਇਤਿਹਾਸ ਵਿਚ ਕੋਈ ਹਵਾਲਾ ਨਹੀਂ ਮਿਲਦਾ। ਏਨਾ ਪਤਾ ਲੱਗਦਾ ਹੈ ਕਿ 1585 ਈਸਵੀ ਵਿਚ (ਸੰਮਤ 1642) ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸਿੱਖ ਧਰਮ ਗ੍ਰਹਿਣ ਕੀਤਾ। ਆਪ ਦੇ ਪਿੰਡ ਬਾਰੇ ਵੀ ਮੱਤਭੇਦ ਪਾਏ ਜਾਂਦੇ ਹਨ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂਕਵੀ ਸੰਤੋਖ ਸਿੰਘ, ਗਿਆਨੀ ਅਮਰ ਸਿੰਘ ਅਤੇ ਸ. ਦਪਿੰਦਰ ਸਿੰਘ-- ਦੁਆਬੇ ਦਾ ਨਗਰ, ਮੰਜ ਕੀ ਲਿਖਦੇ ਹਨ ਜਦ ਕਿ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਕੰਗਮਾਈ ਦੱਸਦੇ ਹਨ। ਉਨ੍ਹਾਂ ਮੁਤਾਬਿਕ ਇਹ ਛੋਟਾ ਜਿਹਾ ਪਿੰਡ, ਜ਼ਿਲ੍ਹਾ ਤੇ ਤਹਿਸੀਲ ਹੁਸ਼ਿਆਰਪੁਰ, ਥਾਣਾ ਹਰਿਆਣਾ ਵਿਚ, ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਵਾਇਵੀ (ਉੱਤਰ-ਪੱਛਮੀ) ਕੋਣ 11 ਮੀਲ ਹੈ। ਇਸ ਪਿੰਡ ਵਿਚ ਭਾਈ ਮੰਝ ਜੀ ਦਾ ਅਸਥਾਨ ਹੈ, ਜਿਸ ਥਾਂ ‘ਤੇ ਗੁਰੂ ਅਰਜਨ ਦੇਵ ਜੀ ਨੇ ਭੀ ਚਰਨ ਪਾਏ ਸਨ। ਪ੍ਰਿੰਸੀਪਲ ਸਤਿਬੀਰ ਸਿੰਘ ਕੁਝ ਇਤਿਹਾਸਕ ਜੀਵਨੀਆਂ ਵਿਚ ਇਸ ਦਾ ਸਮਰਥਨ ਕਰਦੇ ਹਨ। ਇਹ ਇਤਿਹਾਸਕ ਤੱਥ ਦੇ ਵਧੇਰੇ ਨਜ਼ਦੀਕ ਅਤੇ ਸਹੀ ਲੱਗਦਾ ਹੈ। ਹੋ ਸਕਦਾ ਹੈ ਦੋਵੇਂ ਨਾਮ ਇਕੋ ਪਿੰਡ ਦੇ ਹੋਣ ਪਰ ਇਸ ਬਾਰੇ ਕੋਈ ਵੇਰਵਾ ਇਤਿਹਾਸ ਵਿਚ ਨਹੀਂ ਮਿਲਦਾ।
ਜਿਵੇਂ ਕਿ ਅੱਗੇ ਦੱਸਿਆ ਜਾ ਚੁਕਾ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਆਉਣ ਤੋਂ ਪਹਿਲੋਂ ਭਾਈ ਮੰਝ ਜੀ ਸਖੀ ਸਰਵਰ ਦੇ ਉਪਾਸ਼ਕ ਅਤੇ ਮੁੱਖ ਪੁਜਾਰੀ ਸਨ। ਉਨ੍ਹਾਂ ਨੇ ਆਪਣੇ ਘਰ ਵਿਚ ਸਖੀ ਸਰਵਰ ਦਾ ਅਸਥਾਨ, ਪੀਰਖਾਨਾ ਬਣਾ ਰੱਖਿਆ ਸੀ। ਲਾਗਲੇ ਪਿੰਡਾਂ ਦੇ ਸਰਵਰੀਏ ਵੀਰਵਾਰ ਨੂੰ ਭਾਈ ਮੰਝ ਜੀ ਦੇ ਘਰ, ਪੀਰ ਦੀ ਕਬਰ ਉਤੇ ਇਕੱਠੇ ਹੁੰਦੇ, ਰੋਟ ਚੜ੍ਹਾਉਂਦੇ, ਢੋਲ-ਢਮੱਕੇ ਨਾਲ ਪੀਰ ਦੇ ਗੁਣ ਗਾਇਣ ਕਰਦੇ। ਭਾਈ ਮੰਝ ਜੀ ਡੋਲੀਆਂ ਖਿਡਾਉਂਦੇ। ਜਾਦੂ-ਟੂਣੇ ਕਰਦੇ, ਤਵੀਤ ਬਣਾ ਕੇ ਲੋਕਾਂ ਨੂੰ ਦਿੰਦੇ। ਉਹ ਹਰ ਸਾਲ ਬਹੁਤ ਵੱਡਾ ਸੰਗ ਲੈ ਕੇ ਆਉਂਦੇ, ਢੋਲ ਵਜਾਉਂਦੇ ਪਿੰਡੋ-ਪਿੰਡ ਫਿਰਦੇ ਹੋਏ ਨਿਗਾਹੇ ਜਾਂਦੇ ਸਨ।
ਭਾਈ ਤਿਲੋਕਾ, ਗੜ੍ਹਸ਼ੰਕਰ ਦੇ ਕਿਸੇ ਸਮੇਂ ਦੇ ਬੜੇ ਤਕੜੇ ਅਤੇ ਮੁਖੀ ਸਰਵਰੀਏ, ਸਿੱਖੀ ਧਾਰਨ ਕਰਨ ਉਪਰੰਤ ਗੁਰਮਤਿ ਦੀ ਕਮਾਈ ਸਦਕਾ ਗੁਰੂ ਜੀ ਵੱਲੋਂ ਕੰਢੀ ਅਤੇ ਬੀਤ ਦੇ ਇਲਾਕੇ ਦੇ ਪ੍ਰਚਾਰਕ ਸਨ। ਇਕ ਵਾਰ ਇਕ ਜੋਗੀ ਨੇ ਇਕ ਸਾਲ ਦਾ ਸਵਰਗ ਅਤੇ ਮੁਕਤੀ ਦਾ ਲਾਰਾ ਲਾ ਕੇ ਸਾਰਾ ਪਿੰਡ ਇਕੱਠਾ ਕਰ ਲਿਆ। ਭਾਈ ਤਿਲੋਕਾ ਜੀ ਨਾ ਗਏ। ਅਖੇ ਜੋਗੀ ਦਾ ਸਵਰਗ ਤਾਂ ਮਰਨ ਮਗਰੋਂ ਮਿਲਣਾ ਹੈ। ਮੈਨੂੰ ਮੇਰੇ ਗੁਰੂ ਨੇ ਹੁਣੇ ਹੀ ਸਵਰਗ ਬਖ਼ਸ਼ਿਆ ਹੋਇਆ ਹੈ। ਜੋਗੀ ਨੇ ਭਾਈ ਤਿਲੋਕਾ ਜੀ ਨੂੰ ਵੱਸ ਵਿਚ ਕਰਨ ਵਾਸਤੇ ਸਦਾ ਲਈ ਸਵਰਗ ਦੀ ਪੇਸ਼ਕਸ਼ ਕੀਤੀ। ਭਾਈ ਤਿਲੋਕਾ ਜੀ ਤੇ ਕੋਈ ਅਸਰ ਨਾ ਹੋਇਆ। ਸਿੱਖੀ ਸਿਦਕ ਵੇਖ ਕੇ ਜੋਗੀ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਖੁਦ ਆਇਆ ਅਤੇ ਉਨ੍ਹਾਂ ਨਾਲ ਗੁਰੂ ਕੇ ਚੱਕ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਸਿੱਖੀ ਧਾਰਨ ਕੀਤੀ। ਇਸ ਗੱਲ ਦੀ ਇਲਾਕੇ ਵਿਚ ਬੜੀ ਚਰਚਾ ਚੱਲੀ।
ਕੰਗਮਾਈ ਦੇ ਕੁਝ ਘਰਾਂ ਦੀ ਗੜ੍ਹਸ਼ੰਕਰ ਰਿਸ਼ਤੇਦਾਰੀ ਸੀ। ਉਨ੍ਹਾਂ ਰਾਹੀਂ ਗੱਲ ਕੰਗਮਾਈ ਪੁੱਜੀ ਅਤੇ ਭਾਈ ਮੰਝ ਜੀ ਦੇ ਕੰਨੀਂ ਪੈ ਗਈ। ਭਾਗ ਸਥਾਨਾ ਦੇ ਲਿਖੇ ਅਨੁਸਾਰ ਉਨ੍ਹਾਂ ਦੇ ਦਿਲ ਵਿਚ ਵੀ ਗੁਰੂ ਕੇ ਚੱਕ ਜਾਣ ਦਾ ਸ਼ੌਂਕ ਜਾਗਿਆ। ਉਸ ਵਰ੍ਹੇ ਨਗਾਹੇ ਦੀ ਜ਼ਿਆਰਤ ਤੋਂ ਪਰਤਦਿਆਂ, ਗੁਰੂ ਕੇ ਚੱਕ ਨਜ਼ਦੀਕ ਰਾਤ ਦੇ ਕਿਆਮ ਸਮੇਂ ਸ਼ਾਮੀ ਅਤੇ ਸਵੇਰੇ ਗੁਰੂ ਦਰਬਾਰ ਵਿਚ ਚਲੇ ਗਏ। ਉਥੇ ਗੁਰਬਾਣੀ ਕੀਰਤਨ ਅਤੇ ਨਿਸ਼ਕਾਮ ਸੇਵਾ ਦੇ ਚੱਲ ਰਹੇ ਪ੍ਰਵਾਹ ਤੋਂ ਆਪ ਬਹੁਤ ਪ੍ਰਭਾਵਤ ਹੋਏ। ਸੰਗ ਪਿੰਡ ਨੂੰ ਤੋਰ ਕੇ ਆਪ ਗੁਰੂ ਕੇ ਚੱਕ ਹੀ ਟਿਕ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਪੇਸ਼ ਹੋ ਗੁਰਸਿੱਖੀ ਦੀ ਦਾਤ ਮੰਗੀ।
ਗੁਰੂ ਜੀ ਨੇ ਫ਼ੁਰਮਾਇਆ, "ਸਿੱਖੀ ਬੜੀ ਔਖੀ ਹੈ। ਇਹ ਖੰਨਿਓਂ ਤਿੱਖੀ, ਵਾਲੋਂ ਨਿੱਕੀ ਧਾਰ ਵਾਲਾ ਬਿਖਮ ਮਾਰਗ ਹੈ। ਇਸ ਤੇ ਚੱਲਦਿਆਂ ਲਬ, ਲੋਭ, ਹੰਕਾਰ, ਤ੍ਰਿਸ਼ਨਾ ਤਿਆਗਣੇ ਪੈਂਦੇ ਹਨ। ਲੋਕ-ਲਾਜ ਤਿਆਗ ਕੇ ਮਨ ਮਾਰਨਾ ਪੈਂਦਾ ਹੈ। ਤੂੰ ਇਲਾਕੇ ਦਾ ਚੌਧਰੀ ਹੈਂ। ਉਸਤਰਿਆਂ ਦੀ ਮਾਲਾ ਤੋਂ ਤੂੰ ਕੀ ਲੈਣਾ ਹੈ? "
ਬਿਖਮ ਮਾਰਗ ਚੱਲਣ ਦੀਆਂ ਸਾਰੀਆਂ ਸ਼ਰਤਾਂ ਮੰਨਦਿਆਂ ਭਾਈ ਮੰਝ ਨੇ ਗਿੜਗਿੜਾ ਕੇ ਬੇਨਤੀ ਕੀਤੀ, "ਸਤਿਗੁਰ ਜੀ! ਚਾਹੇ ਰੱਖੋ, ਚਾਹੇ ਮਾਰੋ। ਏਥੇ ਆ ਕੇ ਮੈਂ ਆਪ ਜੀ ਦੇ ਚਰਨ-ਕੰਵਲਾਂ (ਭਾਵ ਆਪ ਦੀ ਨਿਮ੍ਰਤਾ ਸਹਿਤ ਸਿਖਿਆ ਧਾਰਨ ਕਰਨ) ਜੋਗਾ ਹੀ ਹੋ ਗਿਆ ਹਾਂ।"
ਗੁਰੂ ਜੀ ਬੋਲੇ, "ਅੱਗੇ ਕਿਸ ਦਾ ਸਿੱਖ ਹੈਂ?"
ਭਾਈ ਮੰਝ ਨੇ ਅਧੀਨਗੀ ਸਹਿਤ ਆਖਿਆ, "ਜੀ, ਮੈਂ ਸਖੀ ਸਰਵਰ ਦਾ ਪੈਰੋਕਾਰ ਰਿਹਾ ਹਾਂ ਜੀ। ਘਰ ਵਿਚ ਪੀਰ ਦੀ ਕਬਰ ਹੈ ਜੀ, ਜਿਥੇ ਹਰ ਵੀਰਵਾਰ ਸੰਗ ਜੁੜਦਾ ਹੈ। ਟੂਣੇ-ਟਮਾਣੇ ਵੀ ਕਰਦਾ ਹਾਂ। ਵਰ੍ਹੇ ਪਿੱਛੋਂ ਸੰਗ ਲੈ ਕੇ ਨਗਾਹੇ ਜ਼ਿਆਰਤ ਵਾਸਤੇ ਜਾਂਦਾ ਹਾਂ। ਹੁਣ ਵੀ ਉਥੋਂ ਹੀ ਆ ਰਿਹਾ ਹਾਂ। ਸੰਗ ਤੋਰ ਦਿੱਤਾ ਹੈ। ਮੈਂ ਇਸ ਅਸਥਾਨ ਨਾਲ ਜੁੜ ਬੈਠਾ ਹਾਂ ਜੀ।"
ਗੁਰੂ ਜੀ ਨੇ ਬਚਨ ਕੀਤਾ, "ਭਾਈ! ਸਿੱਖੀ ਉਤੇ ਸਿੱਖੀ ਨਹੀਂ ਟਿਕਦੀ। ਪਹਿਲੀ ਸਿੱਖੀ ਛੱਡਣੀ ਪਵੇਗੀ। ਘਰ ਜਾ ਕੇ ਸਖੀ ਸਰਵਰ ਦੀ ਕਬਰ ਢਾਹ। ਇਲਾਕੇ ਦੀ ਚੌਧਰ ਛੱਡ। ਸੰਗ ਦੀ ਅਗਵਾਈ ਤਿਆਗ। ਪ੍ਰਮਾਤਮਾ ਦੇ ਗੁਣਾਂ ਨੂੰ ਜਾਣ, ਸਮਝ ਅਤੇ ਦ੍ਰਿੜ੍ਹਤਾ ਨਾਲ ਇਸ ਨੂੰ ਜੀਵਨ ਵਿੱਚ ਅਪਣਾ ਲੈ। ਸਾਧ-ਸੰਗਤ ਦੀ ਸੇਵਾ ਕਰ। ਅਸੀਂ ਬੁਲਾਵਾਂਗੇ ਤਾਂ ਆਵੀਂ। ਸਤਿਗੁਰੂ ਮਿਹਰਾਂ ਦੇ ਘਰ ਵਿਚ ਆ ਕੇ ਬਖਸ਼ਿਸ਼ਾਂ ਕਰੇਗਾ।"
ਸਤਿਗੁਰੂ ਜੀ ਦਾ ਹੁਕਮ ਪਾ ਕੇ ਭਾਈ ਮੰਝ ਨੇ ਪਿੰਡ ਅਪੜਦਿਆਂ ਹੀ ਘਰ ਵਿਚ ਬਣਾਏ ਪੀਰਖਾਨੇ ਵਾਲੀ ਸਰਵਰ ਦੀ ਕਬਰ ਢਾਹ ਦਿੱਤੀ। ਢੋਲ ਪਾੜ ਦਿੱਤਾ। ਵੀਰਵਾਰ ਆਇਆ, ਪਿੰਡ ਅਤੇ ਲਾਗੇ-ਬੰਨੇ ਦੇ ਸਰਵਰੀਏ ਨੇਮ ਨਾਲ ਆਏ। ਅੱਗੋਂ ਭਾਈ ਤੀਰਥੇ ਦੇ ਘਰ ਪੀਰਖਾਨਾ ਹੀ ਕੋਈ ਨਾ ਸੀ। ਉਨ੍ਹਾਂ ਦੱਸਿਆ ਕਿ ਉਹ ਗੁਰੂ ਕੇ ਚੱਕ ਵਾਲੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਬਣ ਗਏ ਹਨ। ਸਰਵਰੀਏ ਨਹੀਂ ਰਹੇ। ਨਾ ਉਨ੍ਹਾਂ ਢੋਲ ਤੇ ਡੱਗਾ ਲਾਉਣਾ ਹੈ। ਨਾ ਸਖੀ ਸਰਵਰ ਦੇ ਗੁਣ ਗਾਉਣੇ ਹਨ। ਨਾ ਰੋਟ ਪਕਾਉਣਾ, ਵੰਡਣਾ ਹੈ। ਨਾ ਜਾਦੂ, ਟੂਣੇ, ਤਵੀਤ ਕਰਨੇ ਹਨ। ਨਾ ਡੋਲੀਆਂ ਖਿਡਾਉਣੀਆਂ ਹਨ। ਉਨ੍ਹਾਂ ਨੂੰ ਗੁਰਬਾਣੀ ਸਿੱਖਿਆ ਅਨੁਸਾਰੀ ਜੀਵਨ-ਜਾਂਚ (ਭਾਵ ਨਾਮ ) ਦ੍ਰਿੜ੍ਹ ਕਰਨ ਨੂੰ ਮਿਲ ਗਿਆ ਹੈ।
ਲੋਕ ਬੜੇ ਨਿਰਾਸ਼ ਹੋਏ। ਭਾਈ ਮੰਝ ਦੀ ਇਸ ਤਰ੍ਹਾਂ ਬਦਲੀ ਹੋਈ ਮੱਤ ਉਤੇ ਉਨ੍ਹਾਂ ਨੂੰ ਗੁੱਸਾ ਵੀ ਬਹੁਤ ਆਇਆ। ਕਹਿਣ ਲੱਗੇ, "ਤੀਰਥਾ! ਤੂੰ ਜਾਹਰਾ ਪੀਰ ਸਖੀ ਸਰਵਰ ਨੂੰ ਛੱਡ ਕੇ ਚੰਗਾ ਨਹੀਂ ਕੀਤਾ। ਤੂੰ ਕੁਰਾਹੇ ਪੈ ਗਿਆ ਹੈਂ। ਵੇਖੀਂ! ਪੀਰ ਨੇ ਤੈਨੂੰ ਬਰਬਾਦ ਕਰ ਦੇਣਾ ਹਈ! ਤੂੰ ਇਲਾਕੇ ਲਈ ਵੀ ਕੋਈ ਮੁਸੀਬਤ ਲਿਆਏਂਗਾ। ਅਜੇ ਵੀ ਵੇਲਾ ਹੈ। ਸਿੱਧੇ ਰਾਹ ਆ ਜਾ। ਸਾਡਾ ਚੌਧਰੀ ਹੈਂ, ਚੌਧਰੀ ਬਣਿਆ ਰਹੁ।" ਭਾਈ ਮੰਝ ਨੇ ਅੱਗੋਂ ਸਮਝਾਇਆ ਕਿ ਪੀਰਾਂ, ਫਕੀਰਾਂ, ਜਾਦੂ, ਟੂਣਿਆਂ ਨੂੰ ਛੱਡ ਕੇ ਇਕ ਪਰਮਾਤਮਾ ਦੇ ਉਪਾਸ਼ਕ ਬਣੋ, ਜਿਸ ਨੇ ਸਭ ਨੂੰ ਪੈਦਾ ਕੀਤਾ ਹੈ। ਇਸੇ ਵਿਚ ਹੀ ਅਸਲੀ ਆਤਮਕ ਸੁਖ ਹੈ।
ਪਰ ਤੈਸ਼ ਵਿਚ ਆਏ ਸ਼ਰੀਕ ਸੌਖਿਆਂ ਕਿਥੇ ਸਮਝਦੇ ਸਨ! ਉਨ੍ਹਾਂ ਨੇ ਭਾਈ ਮੰਝ ਨੂੰ ਬਰਾਦਰੀ ਵਿਚੋਂ ਛੇਕ ਦਿੱਤਾ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਜੋ ਦੇਣਾ ਸੀ ਦੱਬ ਲਿਆ। ਜਿਨ੍ਹਾਂ ਦੇਣਾ ਸੀ, ਉਹ ਦੇਣ ਨਾ। ਲੈਣ ਵਾਲੇ ਆ ਕੇ ਤੰਗ ਕਰਨ। ਆਪ ਜੀ ਨੇ ਜੋ ਪੱਲੇ ਸੀ ਦੇ ਦਿੱਤਾ। ਜਦ ਪੱਲਿਓਂ ਮੁੱਕ ਗਿਆ ਤਾਂ ਲਹਿਣੇਦਾਰ ਸ਼ਰੀਕ ਘਰ ਦਾ ਸਾਮਾਨ ਚੁੱਕ ਕੇ ਲੈ ਗਏ। ਡੰਗਰ ਵੱਛਾ ਖੋਲ੍ਹ ਕੇ ਲੈ ਗਏ। ਬਾਹਰ ਫਸਲ ਪੱਠਾ ਆਪਣੇ ਡੰਗਰ ਛੱਡ ਕੇ ਉਜਾੜ ਦਿੱਤਾ। ਘਰ ਬੱਝੇ ਪਸ਼ੂ ਭੁੱਖ ਨਾਲ ਕਮਜ਼ੋਰ ਹੋ ਮਰਨ ਲੱਗੇ ਤਾਂ ਭਾਈ ਮੰਝ ਨੇ ਉਨ੍ਹਾਂ ਦੇ ਰੱਸੇ ਖੋਲ੍ਹ ਦਿੱਤੇ। ਨਾ ਕੋਈ ਬੋਲੇ, ਬੁਲਾਵੇ। ਜੋ ਨਰਮ ਦਿਲ ਸਨ ਉਹ ਵੀ ਪਿੰਡ ਦੇ ਡਾਢਿਆਂ, ਕਪੱਤਿਆਂ ਤੋਂ ਡਰਦੇ ਪਾਸਾ ਵੱਟ ਕੇ ਲੰਘ ਜਾਂਦੇ। ਭਾਈ ਜੀ ਸ਼ਾਂਤਮਈ ਨਾਲ ਸਭ ਕੁਝ ਝਲਦੇ ਰਹੇ। ਕਿਸੇ ਨਾਲ ਬੋਲ ਵਿਗਾੜ ਨਾ ਕੀਤਾ, ਨਾ ਹੱਥ ਚੁੱਕਿਆ।ਭਾਈ ਮੰਝ ਆਪਣੀ ਘਰਵਾਲੀ ਅਤੇ ਲੜਕੀ ਨੂੰ ਵੀ ਸਹਿਜ ਅਵਸਥਾ ਵਿਚ ਰਹਿਣ ਦੀ ਪ੍ਰੇਰਨਾ ਦਿੰਦੇ। ਪਿੰਡ ਅਤੇ ਆਸ-ਪਾਸ ਕੋਈ ਕੰਮ ਨਾ ਮਿਲਣ ‘ਤੇ, 11 ਮੀਲ ਪੈਂਡਾ ਝਾਗ ਸ਼ਹਿਰ ਹੁਸ਼ਿਆਰਪੁਰ ਵਿਚ ਮਿਹਨਤ-ਮਜ਼ਦੂਰੀ ਕਰਕੇ, ਮਾੜੀ-ਮੋਟੀ ਕਮਾਈ ਕਰ ਕੇ ਰਾਤ ਨੂੰ ਘਰ ਪੁੱਜਦੇ। ਉਸੇ ਵਿਚ ਹੀ ਗੁਜ਼ਾਰਾ ਕਰਦੇ। ਉਸੇ ਵਿਚੋਂ ਹੀ ਲੋੜਵੰਦ ਗਰੀਬ-ਗੁਰਬੇ, ਅਨਾਥ ਦੀ ਯਥਾ ਜੋਗ ਸੇਵਾ ਕਰਦੇ। ਰੱਬ ਦਾ ਸ਼ੁਕਰ ਅਦਾ ਕਰ, ਹਰ ਸਮੇਂ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ। ਸਤਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ।
ਛੇ ਮਹੀਨੇ ਲੰਘ ਗਏ। ਮਿਹਰਾਂ ਦੇ ਸਾਈ, ਸਤਿਗੁਰੂ ਜੀ ਨੇ ਸਿੱਖ ਦਾ ਹੌਸਲਾ ਜਾਚਣ ਵਾਸਤੇ ਹਜ਼ੂਰੀ ਗੁਰਸਿੱਖ (ਮੇਵੜੇ) ਹੱਥੀਂ ਹੁਕਮਨਾਮਾ ਭੇਜਿਆ। ਭਾਈ ਮੰਝ ਸਾਹਮਣੇ ਹੁਕਮਨਾਮੇ ਦੀ ਦਰਸ਼ਨ ਭੇਟਾ ਲਈ ਵੀ ਕੁਝ ਨਹੀਂ ਸੀ। ਭਾਈ ਮੰਝ ਜੀ ਹੁਕਮਨਾਮਾ ਵਸੂਲ ਕੀਤਾ। ਮੱਥਾ ਟੇਕਿਆ, ਚੁੰਮਿਆ, ਅੱਖਾਂ ਨਾਲ ਲਾਇਆ ਅਤੇ ਬੜੀ ਖੁਸ਼ੀ ਅਤੇ ਸਤਿਕਾਰ ਭਾਵਨਾ ਨਾਲ ਪੜ੍ਹਿਆ। ਹੁਕਮਨਾਮੇ ਵਿਚ ਸਬਰ ਸਬੂਰੀ ਨਾਲ, ਗੁਰੂ ਦੇ ਭਾਣੇ ਵਿਚ ਰਹਿੰਦਿਆਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸੇਵਾ, ਪਰਉਪਕਾਰ, ਹਲੀਮੀ ਦੀ ਸੰਥਾ ਦ੍ਰਿੜ ਕਰਾਈ ਗਈ ਸੀ।
ਹੁਕਮਨਾਮਾ ਪਾ ਕੇ ਭਾਈ ਮੰਝ ਖੁਸ਼ੀ ਵਿਚ ਮਿਆਉਂਦੇ ਨਹੀਂ ਸਨ। ਭਾਵੇਂ ਗੁਰੂ ਦਰਬਾਰ ਹਾਜ਼ਰ ਹੋਣ ਦਾ ਕੋਈ ਵੇਰਵਾ ਨਹੀਂ ਸੀ ਪਰ ਇਹ ਗੱਲ ਘੱਟ ਨਹੀਂ ਸੀ ਕਿ ਸਤਿਗੁਰੂ ਜੀ ਨੇ ਯਾਦ ਤਾਂ ਕੀਤਾ ਹੈ। ਗੁਰ ਜੀ ਨੇ ਉਸ ਨੂੰ ਭੁਲਾਇਆ ਨਹੀਂ। ਓਧਰ ਪਿੰਡ ਦੇ ਅਥਰੇ, ਸ਼ਰਾਰਤੀ ਸਾਕਤ, ਭਾਈ ਸਾਹਿਬ ਦੀ ਸਿੱਖੀ ਬਦਲੇ ਏਨੀ ਵੱਡੀ ਕੁਰਬਾਨੀ ਉਤੇ ਹੈਰਾਨ ਹੋ ਰਹੇ ਸੀ। ਉਨ੍ਹਾਂ ਅੰਦਰਲਾ ਮਨਮੁਖ ਜਿਵੇਂ ਸ਼ਰਮਿੰਦਾ ਜਿਹਾ ਹੋ ਰਿਹਾ ਸੀ। ਹੁਣ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿਚ ਉਨ੍ਹਾਂ ਪ੍ਰਤੀ ਸ਼ਰਧਾ ਨਿੰਮਣ ਲੱਗੀ।
ਭਾਈ ਮੰਝ ਗੁਰੂ ਜੀ ਦੇ ਹੁਕਮਨਾਮੇ ਦੀ ਖ਼ੁਮਾਰੀ ਵਿਚ ਜਿਵੇਂ ਉੱਡਦੇ ਫਿਰਦੇ। ਫ਼ਲ ਲੱਦੀਆਂ ਟਾਹਣੀਆਂ ਵਾਂਗ ਉਹ ਅੱਗੇ ਨਾਲੋਂ ਵੀ ਹਲੀਮ, ਨਿਮਾਣੇ ਅਤੇ ਸ਼ਰੀਕਾਂ ਦੀ ਹਰੇਕ ਗਲ ਦਾ ਉੱਤਰ ਮੁਸਕਰਾਹਟ ਵਿਚ ਦਿੰਦੇ। ਕਿਸੇ ਨਾਲ ਵੀ ਉਨ੍ਹਾਂ ਨੂੰ ਸ਼ਿਕਾਇਤ, ਸ਼ਿਕਵਾ ਨਹੀਂ ਸੀ। ਨਾ ਗੁੱਸਾ ਸੀ, ਨਾ ਗਿਲਾ, ਨਾ ਕੋਈ ਮਿਹਣਾ, ਨਾ ਉਲ੍ਹਾਮਾ। ਸ਼ਰੀਕਾਂ ਦੀ ਕਿਸੇ ਵੀ ਵਧੀਕੀ ਦਾ, ਕਿਸੇ ਵੀ ਧੱਕੇ ਦਾ, ਕਿਸੇ ਵੀ ਸ਼ਰਾਰਤ ਦਾ ਕੋਈ ਜੁਆਬ ਨਾ ਦਿੰਦੇ। "ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ" ਵਾਲੀ ਅਵਸਥਾ ਉਨ੍ਹਾਂ ਤੇ ਪੂਰੀ ਤਰ੍ਹਾਂ ਢੁੱਕਦੀ ਸੀ।
ਸਤਿਗੁਰ ਦੇ ਭਾਣੇ ਵਿਚ ਮਖ਼ਮੂਰ ਭਾਈ ਮੰਝ ਪਹਿਰ ਰਾਤ ਰਹਿੰਦੀ ਉਠਦੇ। ਸੌਚ-ਇਸ਼ਨਾਨ ਉਪਰੰਤ ਅਕਾਲ ਪੁਰਖੁ ਨੂੰ ਯਾਦ ਕਰਦੇ। ਗੁਰੂ-ਦਰਬਾਰੋਂ ਲਿਖ ਕੇ ਲਿਆਂਦੇ ਜਪੁ ਜੀ ਸਾਹਿਬ ਦਾ ਪਾਠ ਕਰਦੇ, ਸ਼ਬਦਾਂ ਦਾ ਕੀਰਤਨ ਕਰਦੇ। ਮੂੰਹ ਹਨ੍ਹੇਰੇ ਹੀ ਹੁਸ਼ਿਆਰਪੁਰ ਨੂੰ ਚੱਲ ਪੈਂਦੇ। ਸਾਰਾ ਦਿਨ ਮਿਹਨਤ ਮਜ਼ੂਰੀ ਕਰ ਦੋ-ਚਾਰ ਟਕੇ ਜੋ ਉਹ ਕਮਾਉਂਦੇ, ਉਨ੍ਹਾਂ ਦਾ ਆਟਾ, ਲੂਣ, ਤੇਲ ਆਦਿ ਲੈ ਪਿੰਡ ਨੂੰ ਪਰਤਦੇ। ਕੋਈ ਗਰੀਬ-ਗੁਰਬਾ, ਲੋੜਵੰਦ ਰਾਹ ਵਿਚ ਮਿਲਦਾ ਤਾਂ ਘਰ ਵਾਸਤੇ ਖਰੀਦੀ ਰਸਦ ਵਿਚੋਂ ਉਸ ਦੇ ਅਰਪਣ ਕਰਦੇ। ਕੋਈ ਗੁਰਮੁਖ ਪਿਆਰਾ ਮਿਲਦਾ ਤਾਂ ਬਲਿਹਾਰ ਬਲਿਹਾਰ ਹੋ ਜਾਂਦੇ। ਆਪਣਾ ਆਪ ਨਿਛਾਵਰ ਕਰਨ ਤਕ ਜਾਂਦੇ। ਜਾਂਦੇ-ਆਉਂਦੇ ਸਾਰੀ ਵਾਟ ਵਾਹਿਗੁਰੂ ਜਾਪ ਜਪਦੇ, ਕੰਠ ਹੋਏ ਸ਼ਬਦ ਪੜ੍ਹਦੇ, ਅਤੇ ਬੜੀ ਦੇਰ, ਖਾਓ-ਪੀਓ ਵੇਲੇ ਪਿੰਡ ਅਪੜਦੇ। ਇਹ ਉਨ੍ਹਾਂ ਦਾ ਨਿੱਤ ਦਾ ਕਰਮ ਸੀ।
(ਪੰਨਾ 967)
ਥੋੜ੍ਹਾ ਖਾਣ, ਥੋੜ੍ਹਾ ਸੌਣ ਤੇ ਸਖ਼ਤ ਮਿਹਨਤ ਨਾਲ ਭਾਈ ਮੰਝ ਦਾ ਸਰੀਰ ਖਾਸਾ ਹੀ ਲਿੱਸਾ ਹੋ ਗਿਆ ਸੀ ਐਪਰ ਆਤਮਾ ਉਨ੍ਹਾਂ ਦੀ ਅੱਗੇ ਨਾਲੋਂ ਕਿਤੇ ਜ਼ਿਆਦਾ ਬਲਵਾਨ ਸੀ। ਪਿੰਡ ਅਤੇ ਇਲਾਕੇ ਵਾਲੇ ਉਨ੍ਹਾਂ ਦਾ ਇਹ ਨਿੱਤ ਕਰਮ ਅਤੇ ਦੁੱਖਾਂ ਦੇ ਬਾਵਜੂਦ ਚੜ੍ਹਦੀਆਂ ਕਲਾ ਵਾਲਾ ਜੀਵਨ ਵੇਖ ਹੈਰਾਨ ਹੁੰਦੇ। ਕਈ ਤਾਂ ਉਨ੍ਹਾਂ ਦੇ ਸਿਦਕ ਉਤੇ ਮਨ ਹੀ ਮਨ ਵਿਚ ਕੁਰਬਾਨ ਜਾਣ ਲੱਗ ਪਏ ਸਨ।
ਇਸ ਤਰ੍ਹਾਂ ਕੁਝ ਸਮਾਂ ਹੋਰ ਲੰਘ ਗਿਆ।
ਆਖਰ “ਚਰਨ ਸਰਨਿ ਗੁਰ ਏਕ ਪੈਂਡਾ ਜਾਇ ਚਲ, ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ॥” ਦੀ ਭਾਵਨਾ ਪੂਰੀ ਹੋਈ। ਪਰੇਮ-ਤਰੰਗ ਉਛਾਲਾ ਖਾਧਾ। ਸਿੱਖ ਦੇ ਸਿਦਕ ਨੇ ਸਤਿਗੁਰੂ ਜੀ ਦੇ ਹਿਰਦੇ ਖਿੱਚ ਪਾਈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਹਾਜ਼ਰ ਹੋਣ ਦਾ ਹੁਕਮਨਾਮਾ ਭੇਜਿਆ। ਹੁਸ਼ਿਆਰਪੁਰੋਂ ਪਰਤਦਿਆਂ ਜਦ ਉਨ੍ਹਾਂ ਨੂੰ ਮੇਵੜੇ ਸਿੱਖ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਖੁਸ਼ੀ ਵਿਚ ਖੀਵੇ ਹੋ ਗਏ। ਸਤਕਾਰ ਵਜੋਂ ਉਸ ਦੇ ਚਰਨਾਂ ਤੇ ਸੀਸ ਰੱਖਿਆ। ਇਹ ਸਿੱਖ ਮੇਰੇ ਸਤਿਗੁਰੂ ਦੇ ਦਰਬਾਰ, ਉਨ੍ਹਾਂ ਦੇ ਹਜ਼ੂਰ ਵਿਚੋਂ ਆਇਆ ਹੈ। ਉਸ ਦੇ ਪੈਰ ਧੋਤੇ, ਯਥਾ ਜੋਗ ਅੰਨ ਪਾਣੀ ਛਕਾਇਆ।
ਭਾਈ ਮੰਝ ਨੇ ਹੁਕਮਨਾਮਾ ਪ੍ਰਾਪਤ ਕੀਤਾ। ਪਹਿਲੇ ਵਾਂਗ ਹੀ ਹੁਕਮਨਾਮੇ ਨੂੰ ਮੱਥਾ ਟੇਕਿਆ, ਚੁੰਮਿਆ, ਅੱਖਾਂ ਨਾਲ ਲਾਇਆ, ਸਿਰ-ਮੱਥੇ ਤੇ ਰੱਖਿਆ, ਵਾਚਿਆ। ਪੰਜਵੇਂ ਪਾਤਸ਼ਾਹ ਜੀ ਵੱਲੋਂ ਤੁਰੰਤ ਗੁਰੂ ਕੇ ਚੱਕ ਪੁੱਜਣ ਦਾ ਹੁਕਮ ਸੀ। ਬੜੇ ਚਾਅ ਤੇ ਉਮਾਹ ਨਾਲ ਭਾਈ ਮੰਝ ਮੇਵੜੇ ਸਿੱਖ ਦੇ ਹਮਰਾਹ ਗੁਰੂ ਕੇ ਚੱਕ ਗੁਰੂ-ਚਰਨਾਂ ਵਿਚ ਜਾ ਹਾਜ਼ਰ ਹੋਏ। ਜਾਣੀਂ-ਜਾਣ ਸਤਿਗੁਰੂ ਬੋਲੇ "ਭਾਈ ਮੰਝ ਆ ਗਿਆ ਏਂ? ਜਾਹ ਫਿਰ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ! ਸੇਵਾ, ਸਿਮਰਨ ਤੇ ਪਰਉਪਕਾਰ ਵਿਚੋਂ ਹੀ ਸਿੱਖੀ ਮਿਲਣੀ ਹੈ।"
ਹੁਕਮ ਪਾ ਕੇ ਭਾਈ ਮੰਝ ਉਸੇ ਵੇਲੇ ਤੋਂ ਸੇਵਾ ਵਿਚ ਲੱਗ ਗਏ। ਉਨ੍ਹਾਂ ਦਿਨਾਂ ਵਿਚ ਗੁਰੂ ਦੇ ਚੱਕ ਦੇ ਦੁਆਲੇ ਘਣੇ ਜੰਗਲ ਸਨ। ਭਾਈ ਮੰਝ ਗੁਰੂ ਕੇ ਲੰਗਰ ਵਾਸਤੇ ਲੱਕੜੀਆਂ ਲਿਆਉਂਦੇ, ਪਾਣੀ ਢੋਂਦੇ, ਬਰਤਨ ਮਾਂਜਦੇ, ਝਾੜੂ ਦਿੰਦੇ। ਗੱਲ ਕੀ, ਜੋ ਕੋਈ ਸੇਵਾ ਨਜ਼ਰ ਆਉਂਦੀ, ਝੱਟ ਕਰਨ ਲੱਗ ਜਾਂਦੇ। ਮੂੰਹ ਵਿਚ ਹਰ ਵੇਲੇ ਵਾਹਿਗੁਰੂ ਨਾਮ ਜਪਦੇ ਰਹਿੰਦੇ। ਦੋਵੇਂ ਵੇਲੇ ਕਥਾ ਕੀਰਤਨ ਦਾ ਅਨੰਦ ਮਾਣਦੇ। ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖੀ ਦੀ ਕਾਰ ਵਿਚ ਜੁਟ ਪੈਂਦੇ। ਪ੍ਰਸ਼ਾਦ ਦੋਵੇਂ ਵੇਲੇ ਲੰਗਰ ਵਿਚੋਂ ਛਕਦੇ।
ਕਈ ਮਹੀਨੇ ਬੀਤ ਗਏ। ਗੁਰੂ ਸਾਹਿਬ ਦੀ ਮਿਹਰ ਦੀ ਨਜ਼ਰ ਨਾ ਪ੍ਰਾਪਤ ਹੋਈ। ਭਾਈ ਮੰਝ ਨੇ ਵੀ ਸਿਮਰਨ ਤੇ ਸੇਵਾ ਦੀ ਲਗਨ ਟੁੱਟਣ ਨਾ ਦਿੱਤੀ। ਇਕ ਦਿਨ ਭਾਈ ਮੰਝ ਲੰਗਰ ਵਿਚੋਂ ਪ੍ਰਸ਼ਾਦਾ ਛਕ ਕੇ ਨਿਕਲ ਰਹੇ ਸਨ ਕਿ ਸਤਿਗੁਰਾਂ ਦੇ ਸਾਹਮਣੇ ਹੋਣ ਦਾ ਸਬੱਬ ਬਣਿਆ। ਭਾਈ ਜੀ ਦਰਸ਼ਨ ਪਾ ਕੇ ਗਦ-ਗਦ ਹੋ ਗਏ। ‘ਹਉ ਘੋਲੀ ਜੀਉ ਘੋਲਿ ਘੁਮਾਈ’ ਵਾਲੀ ਅਵਸਥਾ ਵਿਚ ਪਹੁੰਚ ਗਏ।
ਬਚਨ ਹੋਆ ਮਿਹਰਵਾਨ ਦਾ ਕਿ "ਭਾਈ ਮੰਝ! ਕੀ ਕਰਦਾ ਹੈਂ?"
"ਜੀ ਆਪ ਜੀ ਦੇ ਹੁਕਮ ਮੁਤਾਬਕ ਸੇਵਾ ਵਿਚ ਲੱਗ ਰਿਹਾ ਹਾਂ।"
"ਰੋਟੀ ਕਿਥੋਂ ਖਾਂਦਾ ਹੈਂ?"
"ਜੀ ਲੰਗਰ ਵਿਚੋਂ।"
"ਇਹ ਤਾਂ ਭਾਈ ਕੋਈ ਸੇਵਾ ਨਾ ਹੋਈ! ਇਹ ਤਾਂ ਮਜ਼ਦੂਰੀ ਹੋਈ ਨਾ?"
ਭਾਈ ਮੰਝ ਚੁੱਪ, ਹੱਥ ਜੋੜ, ਨੀਵੀਂ ਪਾਈ ਖੜ੍ਹੇ ਰਹੇ।
ਗੁਰੂ ਸਾਹਿਬ ਨੇ ਗੱਲ ਅੱਗੇ ਤੋਰਦੇ ਫ਼ੁਰਮਾਇਆ, "ਭਾਈ! ਸੇਵਾ ਉਹ ਹੁੰਦੀ ਹੈ ਜੋ ਨਿਸ਼ਕਾਮ ਕੀਤੀ ਜਾਵੇ। ਬਦਲੇ ਵਿਚ ਕੁਝ ਨਾ ਲਿਆ ਜਾਵੇ। ਨਾ ਮੰਗਿਆ ਜਾਵੇ, ਨਾ ਇੱਛਾ ਕੀਤੀ ਜਾਵੇ। ਸੋ ਭਾਈ, ਜੇ ਪਰਮ-ਪਦ ਪ੍ਰਾਪਤ ਕਰਨੀ ਹੈ ਤਾਂ ਲੰਗਰ ਵਿਚੋਂ ਰੋਟੀ-ਪਾਣੀ ਛਕਣਾ ਛੱਡ ਦੇਹ। ਕਮਾਈ ਕਰਕੇ ਰੋਟੀ ਖਾਹ। ਨਾਮ ਦਾ ਜਾਪ, ਸੇਵਾ, ਕਿਰਤ ਕਮਾਈ, ਵੰਡ ਕੇ ਛਕਣਾ ਗੁਰਸਿੱਖੀ ਦੇ ਥੰਮ੍ਹ ਹਨ।"
ਭਾਈ ਮੰਝ ਦੇ ਜਿਵੇਂ ਕਪਾਟ ਖੁੱਲ੍ਹ ਗਏ। ਅੰਤਰ ਗਿਆਨ ਹੋ ਗਿਆ। ਉਸ ਦਿਨ ਤੋਂ ਉਨ੍ਹਾਂ ਨੇਮ ਬਣਾ ਲਿਆ। ਯਥਾ-ਸ਼ਕਤ ਇਕ ਜਾਂ ਦੋ ਪੰਡਾਂ ਲੱਕੜਾਂ ਲੰਗਰ ਲਈ ਲਿਆਉਂਦੇ। ਫਿਰ ਇਕ ਪੰਡ ਲੱਕੜਾਂ ਦੀ ਜਾਂ ਘਾਹ ਦੀ ਲਿਆ ਕੇ ਬਜ਼ਾਰ ਵਿਚ ਵੇਚ ਕੇ ਜੋ ਟਕਾ ਦੋ ਟਕੇ ਵੱਟਦੇ ਉਸ ਦਾ ਦਸਵੰਧ ਕੱਢ ਕੇ ਬਜ਼ਾਰੋਂ ਰੋਟੀ-ਪਾਣੀ ਛਕਦੇ। ਬਾਕੀ ਦਾ ਵਕਤ ਗੁਰੂ-ਦਰਬਾਰ ਵਿਚ ਸੇਵਾ ਕਰਦੇ। ਪੱਖਾ ਫੇਰਨਾ, ਪਾਣੀ ਢੋਣਾ, ਝਾੜੂ ਮਾਰਨਾ, ਬਰਤਨ ਮਾਂਜਣੇ। ਦੋਵੇਂ ਵਕਤ ਕਥਾ ਕੀਰਤਨ ਸੁਣਨਾ। ਹਰ ਵਕਤ ਵਾਹਿਗੁਰੂ ਜਾਪ ਜਪਦੇ ਰਹਿਣਾ। ਇਸ ਤਰ੍ਹਾਂ ਸੇਵਾ, ਸਿਮਰਨ ਕਰਦੇ ਹੋਏ, ਭਾਈ ਮੰਝ, ਸਿੱਖੀ ਦੀ ਉੱਪਰਲੀ ਮੰਜ਼ਲ ਤੇ ਜਾ ਪੁੱਜੇ।
ਇਸੇ ਤਰ੍ਹਾਂ ਸਿੱਖ ਦਾ ਸਿਦਕ ਵੇਖਣ ਲਈ ਇਕ ਦਿਨ ਗੁਰੂ ਜੀ ਨੇ ਆਖਿਆ, "ਭਾਈ, ਤੈਂ ਸਿੱਖ ਹੋ ਕੇ ਕੀ ਖੱਟਿਆ? ਧਨ ਨਾਸ ਹੋ ਗਿਆ ਅਤੇ ਰਾਤ ਦਿਨੇ ਤੈਨੂੰ ਭੀ ਚੈਨ ਨਹੀਂ।"
ਭਾਈ ਮੰਝ ਜੋ ਹਰ ਵੇਲੇ ਪ੍ਰਸੰਨ-ਚਿੱਤ ਰਹਿੰਦੇ ਸਨ, ਨੇ ਹੱਥ ਜੋੜ, ਸੀਸ ਝੁਕਾਉਂਦਿਆਂ ਅਰਜ਼ ਗੁਜ਼ਾਰੀ। "ਗੁਰਦੇਵ ਜੀਓ! ਮੈਂ ਝੂਠਾ ਧਨ ਗਵਾ ਕੇ ਵਾਹਿਗੁਰੂ ਨਾਮ ਦਾ ਐਸਾ ਸੱਚਾ ਧਨ ਲੱਭਾ ਹੈ ਜਿਸ ਨੂੰ ਚੋਰ-ਉਚੱਕਾ ਚੁਰਾ ਨਹੀਂ ਸਕਦਾ, ਰਾਜਾ ਖੋਹ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ। ਇਹ ਪ੍ਰਾਪਤੀ ਵੱਡੇ ਭਾਗਾਂ ਨਾਲ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ।"
ਗੁਰੂ ਜੀ ਬਹੁਤ ਖੁਸ਼ ਹੋਏ ਕਿ ਸੋਨਾ ਪਾਸੇ ਦਾ ਬਣ ਗਿਆ ਹੈ।
ਅਤੇ ਲਓ, ਗੁਰੂ ਜੀ ਦੀਆਂ ਨਜ਼ਰਾਂ ਵਿਚ ਪ੍ਰਮਾਣਿਕ ਸਿੱਖ ਬਣਨ ਦਾ ਮੌਕਾ ਵੀ ਆ ਗਿਆ। ਭਾਈ ਮੰਝ ਨੇਮ ਮੁਤਾਬਿਕ ਅੱਜ ਚੱਕ ਰਾਮਦਾਸ ਤੋਂ ਪੂਰਬ ਕੋਣ, ਦੋ ਕੁ ਮੀਲ ਦੀ ਵਿੱਥ ਤੇ ਪਿੰਡ ਚਾਟੀਵਿੰਡ ਦੀ ਜੂਹ ਚੋਂ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਲੈ ਕੇ ਆ ਰਹੇ ਸਨ ਕਿ ਕਾਲੀ-ਬੋਲ਼ੀ ਹਨ੍ਹੇਰੀ ਆ ਗਈ। ਲੱਕੜਾਂ ਦਾ ਭਾਰੀ ਗੱਠਾ, ਜੰਗਲ ਦਾ ਬਿਖੜਾ ਪੈਂਡਾ, ਬੇਓੜਕ ਹਨ੍ਹੇਰੀ। ਭਾਈ ਮੰਝ ਇਕ ਕਦਮ ਅੱਗੇ ਨੂੰ ਪੁੱਟਣ, ਤੇਜ਼ ਹਵਾ ਚਾਰ ਕਦਮ ਪਿੱਛੇ ਨੂੰ ਧੱਕ ਦੇਵੇ। ਕਦੇ ਐਸਾ ਵਰੋਲਾ ਆਵੇ ਜੋ ਕਿੰਨੇ ਕਿੰਨੇ ਕਦਮ ਸੱਜੇ ਜਾਂ ਖੱਬੇ ਲੈ ਜਾਵੇ। ਇਕ ਤਾਂ ਹਨ੍ਹੇਰੀ ਨਾਲ ਦਿਨੇ ਹੀ ਰਾਤ ਪੈ ਗਈ ਅਤੇ ਦੂਜਾ ਹਨ੍ਹੇਰੀ ਦਾ ਘੱਟਾ ਮਿੱਟੀ ਅੱਖਾਂ ਨਾ ਖੋਲ੍ਹਣ ਦੇਵੇ। ਬਚਾਅ ਵਾਸਤੇ ਕਿਸੇ ਰੁੱਖ ਜਾਂ ਝਾੜ ਦਾ ਆਸਰਾ ਤੱਕ ਬੈਠ ਜਾਣ ਨਾਲ ਗੁਰੂ ਕੇ ਲੰਗਰ ਵਿਚ ਲੱਕੜਾਂ ਪੁਚਾਉਣ ਵਿਚ ਦੇਰੀ ਹੋ ਜਾਣੀ ਸੀ। ਫੇਰ ਮੇਘੇ (ਮੀਂਹ) ਦਾ ਕੀ ਪਤਾ, ਕਦੋਂ ਛਹਿਬਰ ਲਾ ਦੇਵੇ ਤੇ ਬਾਲਣ ਭਿੱਜ ਜਾਵੇ। ਭਾਈ ਮੰਝ ਜੀ ਸਿਰੜ ਤੇ ਸਿਦਕ ਨਾਲ ਗੁਰੂ ਆਸਰੇ ਗੁਰੂ ਕੇ ਚੱਕ ਦੀ ਸੇਧ ਰੱਖ ਕੇ ਡਾਂਡੇ-ਮੀਂਡੇ ਤੁਰੇ ਜਾ ਰਹੇ ਸਨ।
ਪਰਖ ਦੀ ਘੜੀ ਜਿਵੇਂ ਲੰਮੀ ਹੋ ਗਈ। ਘੁੱਟ ਕੇ ਥੋੜ੍ਹੀਆਂ ਜਿਹੀਆਂ ਅੱਖਾਂ ਖੋਲ੍ਹੀ, ਅੰਨ੍ਹੀ ਟੋਹ ਨਾਲ ਓਬੜ-ਖਾਬੜ ਜ਼ਮੀਨ ‘ਤੇ ਅਤੀ ਕਠਨਾਈ ਨਾਲ ਤੁਰੇ ਜਾਂਦ,ੇ ਭਾਈ ਮੰਝ ਨੂੰ ਸੁਲਤਾਨਵਿੰਡ ਪਿੰਡ ਦੇ ਲਾਗੇ ਖੂਹ ਦਾ ਪਤਾ ਨਾ ਲੱਗਾ ਅਤੇ ਉਹ ਲੱਕੜੀਆਂ ਦੇ ਗੱਠੇ ਸਮੇਤ ਉਸ ਵਿਚ ਜਾ ਪਏ। ਸੱਟਾਂ ਤਾਂ ਕੁਝ ਲੱਗੀਆਂ ਪਰ ਭਾਈ ਮੰਝ ਜੀ ਲੱਕੜੀਆਂ ਨੂੰ ਬੜੀ ਪਕਿਆਈ ਨਾਲ ਸੰਭਾਲੀ ਰੱਖਿਆ ਅਤੇ ਖੂਹ ਵਿਚਲੇ ਪਾਣੀ ਵਿਚ ਭਿਜਣੋਂ ਬਚਾਈ ਰੱਖਿਆ। ਆਪ ਨੂੰ ਅਜੇ ਵੀ ਇਹੋ ਇਕੋ ਚਿੰਤਾ ਲੱਗ ਰਹੀ ਸੀ ਕਿ ਮਤਾਂ ਬਾਹਲੀ ਦੇਰ ਹੋ ਜਾਵੇ, ਗੁਰੂ ਕੇ ਲੰਗਰ ਵਿਚ ਬਾਲਣ ਚਾਲੇ ਪਾ ਜਾਵੇ ਜਾਂ ਫਿਰ ਕਣੀਆਂ ਪੈਣ ਲੱਗ ਪੈਣ ਤੇ ਲੱਕੜਾਂ ਭਿੱਜ ਜਾਣ। ਮਜ਼ਬੂਰੀ ਵੱਸ ਉਹ ਗੱਠਾ ਸਿਰ ਤੇ ਚੁੱਕੀ ਖੜ੍ਹੇ ਖਲੋਤੇ ਗੁਰੂ-ਚਰਨਾਂ ਨਾਲ ਜੁੜ ਗਏ। ਉੱਚੀ ਦੇਣੀ "ਧੰਨ ਗੁਰੂ ਅਰਜਨ ਦੇਵ ਜੀ" ਬੋਲਦੇ, ਕਦੀ ਵਾਹਿਗੁਰੂ ਗੁਰਮੰਤਰ ਜਪਦੇ, ਕਦੀ ਕੰਠ ਬਾਣੀ ਪੜ੍ਹਨ ਲੱਗਦੇ।
ਫਿਰ ਕੀ ਸੀ, ਸਿੱਖ ਦੀ ਸੁਣੀ ਗਈ। ਹਨੇਰੀ ਬੰਦ ਹੋਣ ‘ਤੇ, ਉਸ ਖੂਹ ਕੋਲੋਂ ਦੀ ਕੋਈ ਲੰਘ ਰਿਹਾ ਸੀ ਕਿ ਖੂਹ ਵਿੱਚੋਂ ਉਸਦੇ ਕੰਨੀ ਆਵਾਜ਼ ਪਈ। ਜਦ ਉਸ ਨੇ ਖੂਹ ਵਿੱਚ ਝਾਤੀ ਪਾਈ ਤਾਂ ਖੂਹ ਵਿੱਚ ਕਿਸੇ ਨੂੰ ਦੇਖ ਕੇ ਪਹਿਲਾਂ ਘਬਰਾਇਆ ਅਤੇ ਫਿਰ ਪੁਛਿਉ ਸੂ ਕਿ ਖੂਹ ਵਿੱਚ ਕੌਣ ਹੈ ਅਤੇ ਕਿਵੇਂ ਖੂਹ ਵਿੱਚ ਡਿੱਗਾ ਹੈ। ਜਦ ਉਸਨੂੰ ਪਤਾ ਲੱਗਾ ਤਾਂ ਉਸਨੇ ਲੋਕਾਂ ਨੂੰ ਆਵਾਜ਼ਾਂ ਦਿਤੀਆਂ ਅਤੇ "ਇਕ ਲੰਮਾ ਰੱਸਾ ਲੈ ਕੇ ਮੇਰੇ ਮਗਰ ਆਓ। ਸਿੱਖ ਖੂਹ ਵਿਚ ਡਿੱਗ ਪਿਆ ਹੈ, ਉਸ ਨੂੰ ਕੱਢਣਾ ਹੈ।" ਜਦ ਉਹ ਦੌੜਿਆ ਆ ਰਿਹਾ ਸੀ ਅਤੇ ਪਿੱਛੇ ਰੱਸਾ ਲੈ ਕੇ ਇਕ ਭੱਜਦਾ ਜਾ ਰਿਹਾ ਸੀ ਅਤੇ ਉਸ ਦੇ ਪਿੱਛੇ ਜਿਉਂ ਜਿਉਂ ਸਿੱਖ ਸੰਗਤ ਸੁਣਦੀ, ਦੌੜੀ ਜਾ ਰਹੀ ਹੈ।
ਹਨ੍ਹੇਰੀ ਕਾਫ਼ੀ ਥੰਮ੍ਹ ਚੁਕੀ ਸੀ। ਝਦ ਉਹ ਉਥੇ ਆਣ ਪੁੱਜੇ ਜਿਥੇ ਭਾਈ ਮੰਝ ਖੂਹ ਵਿਚ ਡਿੱਗੇ ਉੱਚੀ-ਉੱਚੀ "ਧੰਨ ਗੁਰੂ ਅਰਜਨ ਦੇਵ, ਸਤਿ ਕਰਤਾਰ, ਸਤਿਨਾਮ ਵਾਹਿਗੁਰੂ" ਪੁਕਾਰ ਰਹੇ ਸਨ। ਸਿੱਖ ਸੰਗਤ ਭਾਈ ਮੰਝ ਨੂੰ ਚੋਖੇ ਡੂੰਘੇ ਪਾਣੀ ਵਿਚ ਸਿਰ ਤੇ ਭਾਰੀ ਲੱਕੜਾਂ ਚੁੱਕੀ ਖਲੋਤੇ ਵੇਖ, ਹੈਰਾਨ ਰਹਿ ਗਈ। ਹਰ ਪਾਸਿਓਂ ਧੰਨ ਸਿੱਖ ਤੇ ਧੰਨ ਸਿੱਖੀ ਦੀ ਆਵਾਜ਼ ਆ ਰਹੀ ਸੀ।
"ਭਾਈ ਮੰਝ, ਘਬਰਾਓ ਨਾ। ਅਸੀਂ ਆ ਪੁੱਜੇ ਹਾਂ। ਲਓ! ਰੱਸਾ ਆਇਆ ਜੇ! ਇਸ ਨੂੰ ਫੜ ਕੇ ਬਾਹਰ ਨਿਕਲ ਆਓ।" ਬਾਹਰੋਂ ਇਕ ਨੇ ਉੱਚੀ ਆਵਾਜ਼ ਦਿੱਤੀ ਕਿ "ਭਾਈ ਮੰਝ! ਪਹਿਲੇ ਲੱਕੜਾਂ ਸੁੱਟਕੇ ਬਾਹਰ ਆ ਜਾਓ।"
"ਨਾ ਭਾਈ! ਲੱਕੜਾਂ ਗਿੱਲੀਆਂ ਹੋ ਜਾਣਗੀਆਂ। ਗੁਰੂ ਜੀ ਦੀ ਕਿਰਪਾ ਸਦਕਾ ਮੈਂ ਤਾਂ ਠੀਕ ਹਾਂ। ਆਪ ਜੀ ਪਹਿਲੋਂ ਲੱਕੜਾਂ ਕਢਾਓ। ਗੱਠਾ ਮੈਂ ਲੱਜ ਨਾਲ ਬੰਨ੍ਹ ਦਿੱਤਾ ਹੈ। ਉੱਪਰ ਖਿਚਵਾ ਲਓ।" ਭਾਈ ਮੰਝ ਨੇ ਅਤੀ ਅਧੀਨਗੀ ਸਹਿਤ ਤਰਲੇ ਭਰੀ ਆਵਾਜ਼ ਵਿਚ ਬੇਨਤੀ ਕੀਤੀ।
ਧੰਨ ਭਾਈ ਮੰਝ! ਕਿੰਨੇ ਚਿਰ ਦਾ ਸਿਰ ਤੇ ਭਾਰ ਚੁੱਕੀ ਪਾਣੀ ਵਿਚ ਖਲੋਤਾ ਹੈਂ! ਭਾਰ ਦੀ ਪਰਵਾਹ ਨਹੀਂ। ਅਜੇ ਵੀ ਲੱਕੜਾਂ ਨਹੀਂ ਭਿੱਜਣ ਦੇਣੀਆਂ ਲੋਚਦਾ!
ਪਹਿਲੋਂ ਲੱਕੜਾਂ ਕੱਢੀਆਂ ਗਈਆਂ, ਫਿਰ ਭਾਈ ਮੰਝ ਜੀ ਬਾਹਰ ਨਿਕਲੇ।
ਜਦ ਗੁਰੂ ਜੀ ਨੂੰ ਇਸ ਵਾਰਤਾ ਦਾ ਪਤਾ ਚਲਿਆ ਤਾਂ ਸਤਿਗੁਰਾਂ ਨੇ ਸਿੱਖ ਨੂੰ ਮਿਲ ਕੇ, ਗਲਵਕੜੀ ਵਿਚ ਲੈ ਕੇ ਛਾਤੀ ਨਾਲ ਲਾ ਲਿਆ ਅਤੇ ਮਿਹਰਾਂ ਦੇ ਘਰ ਵਿਚ ਆਏ। ਬਚਨ ਕੀਤਾ:
ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ।
ਮੰਝ ਗੁਰੂ ਕਾ ਬੋਹਿਥਾ, ਜੱਗ ਲੰਘਣ ਹਾਰਾ।
(ਇਹ ਦੋ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਹਨ। ਇਤਿਹਾਸਕਾਰਾਂ ਦੇ ਜਜ਼ਬਾਤਾਂ ਦਾ ਉਲੇਖ ਹੈ। ਬੋਹਿਥਾ ਦਾ ਭਾਵ ਜਹਾਜ਼ ਤੋਂ ਹੈ।)
ਸਤਿਗੁਰੂ ਜੀ ਦੀਆਂ ਬਖ਼ਸ਼ਿਸ਼ਾਂ ਹੋ ਗਈਆਂ। ਗੁਰਸਿੱਖ ਨਿਹਾਲ, ਨਿਹਾਲ ਹੋ ਗਿਆ। ਉਸ ਦੀ ਘਾਲ ਥਾਇ ਪਈ।
ਸਤਿਗੁਰੂ ਜੀ ਨੇ ਭਾਈ ਮੰਝ ਨੂੰ ਪਰੀਖਿਆ ਵਿਚੋਂ ਪੂਰੇ ਉਤਰਨ ਪਿੱਛੋਂ ਦੁਆਬੇ ਦਾ ਪ੍ਰਚਾਰਕ ਥਾਪਿਆ। ਇਸ ਮਹਾਨ ਗੁਰਸਿੱਖ ਨੇ ਦੇਗ ਦੇ ਨਾਲ ਨਾਮ ਦਾ ਵੀ ਲੰਗਰ ਲਾ ਕੇ ਲੋਕਾਈ ਦੇ ਸੁੱਤੇ ਭਾਗ ਜਗਾਏ। ਦੂਰ ਦੂਰ ਤਕ ਲੋਕਾਂ ਨੂੰ ਸਖੀ ਸਰਵਰ ਦੀਆਂ ਕਬਰਾਂ ਪੂਜਣ ਤੋਂ ਹੋੜ ਕੇ ਗੁਰਸਿੱਖੀ ਦੇ ਸੱਚੇ ਸਿੱਧ-ਪੱਧਰੇ ਮਾਰਗ ਪਾਇਆ। ਸ਼ਰੀਕੇ ਭਾਈਚਾਰੇ ਅਤੇ ਇਲਾਕੇ ਦੇ ਲੋਕਾਂ ‘ਤੇ ਭਾਈ ਜੀ ਦੇ ਸਿਦਕ ਤੇ ਸਿਰੜ ਦਾ ਬੜਾ ਪ੍ਰਭਾਵ ਪਿਆ। ਸਾਰੇ ਹੀ ਨਗਾਹੀਏ ਪੀਰ ਨੂੰ ਤਿਆਗ ਕੇ ਭਾਈ ਮੰਝ ਜੀ ਦੇ ਮਗਰ ਲੱਗ ਤੁਰੇ। ਉਨ੍ਹਾਂ ਦੇ ਘਰ ਜਿਥੇ ਅੱਗੇ ਢੋਲ ਵੱਜਦਾ ਸੀ, ਰੋਟ ਪੱਕਦਾ ਸੀ, ਸਖੀ ਸਰਵਰ ਦੇ ਗੀਤ ਗਾਏ ਜਾਂਦੇ ਸਨ, ਉਥੇ ਹੁਣ ਗੁਰਸਿੱਖਾਂ ਦੇ ਜੋੜ-ਮੇਲੇ ਹੋਣ ਲੱਗੇ, ਗੁਰਬਾਣੀ ਦੇ ਉਚਾਰਨ ਅਤੇ ਸ਼ਬਦ ਕੀਰਤਨ ਦੇ ਆਵਾਜ਼ੇ ਆਉਣ ਲੱਗੇ।
1594 ਈਸਵੀ (ਸੰਮਤ 1651) ਵਿਚ ਸਤਿਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਿੰਡ ਕੰਗਮਾਈ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ, ਜਿਸ ਤੋਂ ਭਾਈ ਮੰਝ ਨੇ ਵੀ ਆਪਣੀ ਸੇਵਾ ਸਫਲ ਜਾਣੀ।ਸਤਿਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਅਤੇ ਭਾਈ ਮੰਝ ਦੀ ਸੇਵਾ ਪ੍ਰਣਾਏ, ਇਥੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਸਸ਼ੋਭਿਤ ਹੈ। ਕਿਸੇ ਸਮੇਂ ਪਿੰਡ ਮਾਛੀਆਂ, ਗ੍ਰੰਥਪੁਰ ਤੇ ਕੰਗਮਾਈ ਦੀ ਸਾਰੀ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਸੀ, ਪਰ ਹੁਣ ਕੋਈ ਜ਼ਮੀਨ-ਜਾਗੀਰ ਨਹੀਂ ਹੈ। ਕੇਵਲ ਸਾਧ ਸੰਗਤ ਦੇ ਚੜ੍ਹਾਵੇ ਨਾਲ ਲੰਗਰ ਚਲਦਾ ਹੈ। ਇਸ ਇਲਾਕੇ ਦੇ ਲੋਕ ਬਹੁਤ ਪ੍ਰੇਮ ਨਾਲ ਦਰਸ਼ਨ ਕਰਨ ਆਉਂਦੇ ਹਨ। ਪਹਿਲੀ ਮਾਘ ਨੂੰ ਇਥੇ ਬਹੁਤ ਵੱਡਾ ਮੇਲਾ ਲੱਗਦਾ ਹੈ।
ਪਿੰਡ ਸੁਲਤਾਨਵਿੰਡ (ਅੰਮ੍ਰਿਤਸਰ) ਦੇ ਨਜ਼ਦੀਕ ਜਿਸ ਖੂਹ ਵਿਚ ਭਾਈ ਮੰਝ ਡਿੱਗੇ ਸਨ, ਉਥੇ ਹੁਣ ਬੜਾ ਸੁੰਦਰ ਗੁਰਦੁਆਰਾ ਹੈ ਜੋ "ਖੂਹ ਭਾਈ ਮੰਝ" ਦੇ ਨਾਂ ਨਾਲ ਪ੍ਰਸਿੱਧ ਹੈ। ਗੁਰੂ ਕਾ ਲੰਗਰ ਹਰ ਵੇਲੇ ਚਲਦਾ ਹੈ। ਇਥੇ ਹਰ ਸਾਲ ਅੱਸੂ ਵਿੱਚ ਬਹੁਤ ਭਾਰੀ ਮੇਲਾ ਭਰਦਾ ਹੈ।
ਭਾਈ ਮੰਝ ਦੀ ਅਦੁੱਤੀ ਇਤਿਹਾਸਕ ਕਥਾ ਕਰੁਣਾ ਅਤੇ ਸਿਦਕ ਪੱਖੋਂ ਕਿਸੇ ਮਿਥਿਹਾਸਕ ਮਿਥ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ। ਵਿਚਾਰਨ ਵਾਲੀ ਗੱਲ ਹੈ ਕਿ ਮਿਥਿਹਾਸਕ ਕਹਾਣੀਆਂ ਦਾ ਜਿਥੇ ਬੜੇ ਜ਼ੋਰ-ਸ਼ੋਰ ਅਤੇ ਕਰੁਣਾਮਈ ਤੇ ਡਰਾਮਾਈ ਢੰਗ ਨਾਲ ਪ੍ਰਚਾਰ ਹੁੰਦਾ ਆ ਰਿਹਾ ਹੈ ਜਿਨ੍ਹਾਂ ਬਾਰੇ ਹਰ ਕੋਈ ਥੋੜ੍ਹੀ ਬਹੁਤੀ ਜਾਣਕਾਰੀ ਜ਼ਰੂਰ ਰੱਖਦਾ ਹੈ; ਉਥੇ ਭਾਈ ਮੰਝ ਜੀ ਦੀ ਹਕੀਕੀ ਇਤਿਹਾਸਕ ਜੀਵਨੀ ਬਾਰੇ ਦੁਨੀਆਂ ਤਾਂ ਕੀ, ਸਿੱਖ ਵੀ ਸ਼ਾਇਦ ਕੋਈ ਵਿਰਲਾ ਹੀ ਜਾਣਦਾ ਹੋਵੇ। ਮਾਇਆਵੀ ਸੁਖਾਂ ਵਿਚ ਗ਼ਲਤਾਨ ਆਪਣੇ ਵਿਰਸੇ ਪ੍ਰਤੀ ਏਨੇ ਕੁ ਜਾਗਰੂਕ ਹਾਂ ਅਸੀਂ!
ਪੀਊ ਦਾਦੇ ਦਾ ਖਜ਼ਾਨਾ ਖੋਲ੍ਹ ਕੇ ਤਾਂ ਦੇਖੀਏ, ਇਸ ਵਿਚ ਕਿੰਨੇ ਅਰ ਕੈਸੇ ਕੈਸੇ ਮੋਤੀ, ਮਣੀਆਂ ਤੇ ਮਾਣਕ ਮਿਲਦੇ ਹਨ!
ਸਰੋਤ:
ਪ੍ਰਿੰ. ਸੰਤੋਖ ਸਿੰਘ, ਈਸਟ ਮੋਹਨ ਨਗਰ, ਅੰਮ੍ਰਿਤਸਰ-143006
Brief Review
1. ਇਸ ਲੇਖ ਤੋਂ ਅਸੀਂ ਕੀ ਸਿਖਦੇ ਹਾਂ ? ਵਿਸਥਾਰ ਨਾਲ ਦਸੋ।
2. ਮੰਗਲਾਚਰਨ " ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ " ਤੋਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਭੂ, ਪ੍ਰਮਾਤਮਾ, ਰੱਬ ਜਾਂ ਅਕਾਲ ਪੁਰਖੁ ਦਾ ਕੀ ਸਰੂਪ ਪਤਾ ਲਗਦਾ ਹੈ? ਵਿਸਥਾਰ ਨਾਲ ਦਸੋ।
3. ਗੁਰੂ ਨਾਨਕ ਦੇਵ ਜੀ ਅਨੁਸਾਰ "ਅਕਾਲ ਪੁਰਖੁ" ਕਿੰਨੇ ਹਨ?
4. ਗੁਰੂ ਜੀ ਨੇ ਜੋ ਬਚਨ ਕੀਤਾ, "ਭਾਈ! ਸਿੱਖੀ ਉਤੇ ਸਿੱਖੀ ਨਹੀਂ ਟਿਕਦੀ, ਇਸ ਤੋਂ ਕੀ ਭਾਵ ਹੈ? ਵਿਸਥਾਰ ਸਹਿਤ ਦਸੋ।
5. ਕੀ ਕੋਈ ਸਿੱਖ ਹੋ ਕੇ ਸਖੀ ਸਰਵਰ ਦਾ ਚੇਲਾ ਵੀ ਹੋ ਸਕਦਾ ਹੈ?
6. ਸੇਵਾ ਤੋਂ ਕੀ ਭਾਵ ਹੈ?
7. ਕੀ ਸਿੱਖ ਹੋ ਕੇ ਅਸੀਂ ਕਬਰਾਂ ਉਤੇ ਜੋਤਾਂ ਜਗਾ ਕੇ ਕਬਰਾਂ ਨੂੰ ਪੂਜ ਸਕਦੇ ਹਾਂ, ਟੂਣੇ, ਤਵੀਤ ਅਤੇ ਧਾਗੇ ਆਦਿ ਕਰਵਾ ਸਕਦੇ ਹਾਂ? ਇਸਦਾ ਉੱਤਰ ਦਲੀਲਾਂ ਸਹਿਤ ਦੇਵੋ।
8. ਕੀ ਸਿੱਖ ਹੋ ਕੇ ਸਾਨੂੰ ਜੋਤਸ਼ੀਆਂ 'ਤੇ ਵੀ ਵਿਸ਼ਵਾਸ਼ ਰਖਣਾ ਚਾਹੀਦਾ ਹੈ ਅਤੇ ਜੋਤਸ਼ੀ ਤੋਂ ਪੁੱਛਾਂ ਪੁਆ ਕੇ ਉਂਗਲਾਂ ਵਿੱਚ ਨਗ ਵੀ ਪੁਆ ਸਕਦੇ ਹਾਂ?
9. ਕੀ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੋਂ ਸਿਵਾ ਕਿਸੇ ਹੋਰ ਬਾਬੇ ਜਾਂ ਸਾਧ ਦੀ ਸਿਖਿਆ ਅਪਣਾ ਸਕਦਾ ਹੈ ਜੋ ਗੁਰਬਾਣੀ ਅਨੁਕੂਲ ਨਾ ਹੋਵੇ?
10. ਸਖੀ ਸਰਵਰ ਬਾਰੇ ਉਸ ਵੇਲੇ ਕਿਹੜੀਆਂ ਸਾਖੀਆਂ ਮਸ਼ਹੂਰ ਸਨ?
11. ਕੀ ਅੱਜ ਸਾਇੰਸ ਦੇ ਜ਼ਮਾਨੇ ਵਿੱਚ ਵੀ ਲੋਕ ਵਿਸ਼ਵਾਸ਼ ਕਰ ਸਕਦੇ ਹਨ ਕਿ ਕੋਈ ਫਕੀਰ, ਸਾਧ, ਸੰਤ ਜਾਂ ਬਾਬਾ ਕਰਾਮਾਤਾਂ ਨਾਲ ਲੋਕਾਂ ਦੇ ਰੋਗ ਕਟ ਸਕਦਾ ਹੈ ਅਤੇ ਲੋਕਾਂ ਨੂੰ ਜ਼ਮੀਨ, ਧਨ-ਦੌਲਤ, ਇੱਜ਼ਤ, ਪੁੱਤਰ, ਆਦਿ ਬਖ਼ਸ਼ ਸਕਦਾ ਹੈ ?
12. ਗੁਰੂ ਅਰਜਨ ਦੇਵ ਜੀ ਕੋਲੋਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨ ਤੋਂ ਪਹਿਲੀ, ਭਾਈ ਮੰਝ ਕਿਸ ਦਾ ਉਪਾਸ਼ਕ ਅਤੇ ਮੁੱਖ ਪੁਜਾਰੀ ਸੀ?
13. ਭਾਈ ਮੰਝ ਨੇ ਸਿੱਖੀ ਧਾਰਨ ਕਰਨ ਉਪ੍ਰੰਤ ਆਪਣੇ ਚੇਲਿਆਂ, ਮੁਰੀਦਾਂ ਅਤੇ ਆਪਣੇ ਪਿੰਡ ਦੇ ਲੋਕਾਂ ਨੂੰ ਕੀ ਪ੍ਰੇਰਨਾ ਦਿਤੀ?
14. ਭਾਈ ਮੰਝ ਦੇ ਸਿੱਖੀ ਧਾਰਨ ਕਰਨ ਉਪ੍ਰੰਤ ਉਸਦੇ ਚੇਲਿਆਂ, ਮੁਰੀਦਾਂ ਅਤੇ ਉਸਦੇ ਪਿੰਡ ਦੇ ਲੋਕਾਂ ਨੇ ਭਾਈ ਮੰਝ ਅਤੇ ਉਸਦੇ ਪਰਿਵਾਰ ਨਾਲ ਕੀ ਸਲੂਕ ਕੀਤਾ ਅਤੇ ਕਿਉਂ?
15. ਕੀ ਲੋਕਾਂ ਵਿੱਚ ਪੀਰਾਂ, ਫਕੀਰਾਂ, ਅਖੌਤੀ ਸਾਧਾਂ, ਸੰਤਾਂ, ਬਾਬਿਆਂ ਅਤੇ ਡੇਰਿਆਂ ਵਲੋਂ ਧਰਮ ਦੇ ਨਾਂ ਉਤੇ ਚੱਲਾਈਆਂ ਕੁਰੀਤੀਆਂ ਬਦਲਨੀਆਂ ਸੌਖੀਆਂ ਹਨ? ਭਾਈ ਮੰਝ ਦੀ ਸੱਚੀ ਅਤੇ ਇਤਹਾਸਕ ਕਹਾਣੀ ਰਾਹੀਂ ਦਲੀਲਾਂ ਸਹਿਤ ਉੱਤਰ ਦੇਵੋ।
16. ਜਦੋਂ ਭਾਈ ਮੰਝ ਨੇ ਸਖੀ ਸਰਵਰ ਪੀਰ ਦੀ ਮਨੌਤ ਨੂੰ ਤਿਆਗ ਦਿਤਾ, ਸਖੀ ਸਰਵਰ ਦੀ ਘਰ ਵਿਚੋਂ ਕਬਰ ਢਾਹ ਦਿਤੀ ਅਤੇ ਸਿੱਖ ਬਣ ਗਿਆ ਤਾਂ ਪਿੰਡ ਦੇ ਅਤੇ ਇਲਾਕੇ ਦੇ ਲੋਕਾਂ ਨੇ ਭਾਈ ਮੰਝ ਨਾਲ ਕੀ ਸਲੂਕ ਕੀਤਾ? ਵਿਸਥਾਰ ਸਹਿਤ ਦਸੋ।