ਕਾਰਕ, ਕਾਰਕ ਰੂਪ ਅਤੇ ਕਾਰਕ ਸਾਧਨਾ - Case
ਕਾਰਕ : ਕਿਸੇ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਸੰਬੰਧ ਆਪਣੇ ਵਾਕ ਦੀ ਕਿਰਿਆ ਨਾਲ ਜਾਂ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪਰਗਟ ਕਰਨ (ਦੱਸਣ) ਵਾਲੇ ਰੂਪਾਂ ਨੂੰ ਕਾਰਕ ਆਖਦੇ ਹਨ ; ਜਿਵੇਂ :-
- ਇਹ ਸੰਤੋਖ ਦਾ ਭਰਾ ਹੈ। ਇਸ ਵਾਕ ਵਿੱਚ ਸ਼ਬਦ ਰੂਪ ' ਹੈ ' ਕਿਰਿਆ ਹੈ ਅਤੇ ਇਸ ਦਾ ਸੰਤੋਖ ਅਤੇ ਭਰਾ ਨਾਲ ਸੰਬੰਧ ਹੈ ਅਤੇ ਇਹ ਸੰਬੰਧ ਵਾਕ ਵਿੱਚ ਵਰਤੇ ਸ਼ਬਦ ਰੂਪ ' ਦਾ ' ਨਾਲ ਪਰਗਟ ਹੁੰਦਾ ਹੈ।
- ਸ਼ਰਨਜੀਤ ਨੇ ਕਮਲਜੀਤ ਨੂੰ ਵਧਾਈ ਦਿੱਤੀ। ਇਸ ਵਾਕ ਵਿੱਚ ' ਵਧਾਈ ਦਿੱਤੀ ' ਕਿਰਿਆ ਹੈ ਅਤੇ ਇਸ ਕਿਰਿਆ ਦਾ ਸ਼ਰਨਜੀਤ ਅਤੇ ਕਮਲਜੀਤ ਨਾਲ ਸੰਬੰਧ ਹੈ ਅਤੇ ਇਹ ਸੰਬੰਧ ਵਾਕ ਵਿੱਚ ਵਰਤੇ ਸ਼ਬਦ ਰੂਪ ' ਨੇ ' ਨਾਲ ਪਰਗਟ ਹੁੰਦਾ ਹੈ।
ਨੋਟ: ਉੱਪਰ ਦਿੱਤੀਆਂ ਉਦਾਹਰਨਾਂ ਵਿੱਚ ਕਾਰਕ ਰੂਪ ਸ਼ਬਦਾਂ ' ਦਾ ' ਅਤੇ ' ਨੇ ' ਨੂੰ ਸੰਬੰਧਕੀ-ਚਿੰਨ੍ਹ ਕਿਹਾ ਜਾਂਦਾ ਹੈ।
ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ : - ਜਿਨ੍ਹਾਂ ਚਿੰਨ੍ਹਾਂ ਦੁਆਰਾ ਉਹ ਸੰਬੰਧ ਪਰਗਟ ਹੁੰਦੇ ਹਨ, ਉਨ੍ਹਾਂ ਨੂੰ ' ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ' ਕਿਹਾ ਜਾਂਦਾ ਹੈ; ਜਿਵੇਂ : -
- ਉਸ ਨੇ ਇਸ਼ਨਾਨ ਕੀਤਾ ਹੈ । ਇਸ ਵਾਕ ਵਿੱਚ ' ਨੇ ' ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਹੈ ।
ਨੋਟ: ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ : - ਰਿਸ਼ਤੇ ਜਾਂ ਸਥਿਤੀ ਦਾ ਨਾਉਂ ਹੈ। ਇਹ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਨਾਂਵ ਜਾਂ ਪੜਨਾਂਵ ਦੇ ਕਿਸੇ ਰੂਪ ਦਾ ਨਾਉਂ ਨਹੀਂ ਹੁੰਦਾ।
ਜਿਵੇਂ: ਸੁਨਿਆਰੇ ਨੇ ਅੱਗ ਨਾਲ ਸੋਨੇ ਨੂੰ ਗਾਲਿਆ।
ਇਸ ਵਾਕ ਵਿੱਚ ਸੁਨਿਆਰਾ, ਅੱਗ ਅਤੇ ਸੋਨਾ ਤਿੰਨ ਨਾਂਵ ਹਨ ਅਤੇ ਤਿੰਨਾਂ ਦੀ ਸਥਿਤੀ ਇੱਕੋ ਜਿਹੀ ਨਹੀਂ। ਸੁਨਿਆਰੇ ਨੇ ਕਿਰਿਆ ਕੀਤੀ ਹੈ, ਇਹ ਕਿਰਿਆ ਵਾਪਰੀ ਹੈ 'ਸੋਨੇ ਉਤੇ ' ਅਤੇ ' ਅਗ ' ਰਾਹੀਂ ਕਿਰਿਆ ਕੀਤੀ ਗਈ ਹੈ। ਇਸ ਤਰਾਂ ਹਰ ਨਾਂਵ ਦਾ ਆਪੋ ਆਪਣਾ ਸੌਂਪਿਆ ਕੰਮ ਜਾਂ ਕਾਰਜ (task) ਹੈ। ਇਸ ਸੌਂਪੇ ਕੰਮ (task) ਨੂੰ ਹੀ ਕਾਰਕ ਕਿਹਾ ਜਾਂਦਾ ਹੈ।
ਕਾਰਕ ਰੂਪ :
ਕਾਰਕ-ਚਿੰਨ੍ਹ ਲਗਣ ਨਾਲ ਨਾਂਵ ਜਾਂ ਪੜਨਾਂਵ ਦੇ ਰੂਪਾਂ ਵਿੱਚ ਜੋ ਤਬਦੀਲੀ ਜਾਂ ਪਰਿਵਰਤਨ ਆਉਂਦਾ ਹੈ, ਉਸ ਨੂੰ ਕਾਰਕ ਰੂਪ ਆਖਦੇ ਹਨ; ਜਿਵੇਂ : -
- ਮੁੰਡਾ ਇਮਤਿਹਾਨ ਪਾਸ ਕਰ ਗਿਆ ।
- ਮੁੰਡੇ ਨੇ ਇਮਤਿਹਾਨ ਪਾਸ ਕਰ ਲਿਆ।
- ਮੁੰਡਿਆਂ ਨੇ ਇਮਤਿਹਾਨ ਪਾਸ ਕਰ ਲਿਆ ਹੈ।
ਪਹਿਲੇ ਵਾਕ ਵਿੱਚ ਨਾਉਂ ' ਮੁੰਡਾ ' ਇਕ-ਵਚਨ ਹੈ ਅਤੇ ਇਸ ਵਾਕ ਵਿੱਚ ਕੋਈ ਸੰਬੰਧਕੀ-ਚਿੰਨ੍ਹ ਨਹੀਂ ਹੈ।
ਦੂਜੇ ਵਾਕ ਵਿੱਚ ਨਾਉਂ ' ਮੁੰਡੇ ' ਇਕ-ਵਚਨ ਹੈ ਪਰ ਇਸ ਵਾਕ ਵਿੱਚ ' ਮੁੰਡੇ ' ਨਾਲ ਸੰਬੰਧਕੀ-ਚਿੰਨ੍ਹ ' ਨੇ ' ਲੱਗਾ ਹੋਇਆ ਹੈ ਜਿਸ ਕਰਕੇ ਨਾਉਂ ਦਾ ਰੂਪ ਮੁੰਡਾ ਤੋ ਬਦਲ ਕੇ ਮੁੰਡੇ ਹੋ ਗਿਆ ਹੈ।
ਇਸੇ ਤਰ੍ਹਾਂ ਤੀਜੇ ਵਾਕ ਵਿੱਚ ਬਹੁ-ਵਚਨ ਰੂਪ ਨਾਂਵ ' ਮੁੰਡਿਆਂ ' ਨਾਲ ਸੰਬੰਧਕੀ-ਚਿੰਨ੍ਹ ' ਨੇ ' ਲੱਗਿਆ ਹੋਇਆ ਹੈ ।
ਇਹਨਾਂ ਤਿੰਨਾਂ ਉਦਾਹਰਨਾਂ ਤੋਂ ਨਾਂਵ ਦੇ ਜੋ ਰੂਪ ਬਦਲ ਦੇ ਹਨ, ਉਨ੍ਹਾਂ ਨੂੰ ਕਾਰਕ-ਰੂਪ ਕਿਹਾ ਜਾਂਦਾ ਹੈ।
ਕਾਰਕ-ਰੂਪ ਚਾਰ ਤਰ੍ਹਾਂ ਦੇ ਹੁੰਦੇ ਹਨ
1. ਸਾਧਾਰਨ ਰੂਪ : - ਜਿਸ ਵਾਕ ਵਿੱਚ ਕੋਈ ਕਾਰਕ-ਚਿੰਨ੍ਹ ਜਾਂ ਸੰਬੰਧਕੀ-ਚਿੰਨ੍ਹ ਪਰਗਟ ਜਾਂ ਲੁਪਤ-ਰੂਪ ਵਿੱਚ ਨਾ ਲੱਗਾ ਹੋਵੇ ਉਸ ਨੂੰ ਸਾਧਾਰਨ-ਰੂਪ ਕਹਿੰਦੇ ਹਨ; ਜਿਵੇਂ :-
- ਉਪਰ ਲਿਖੇ ਪਹਿਲੇ ਵਾਕ ਵਿੱਚ ਕੋਈ ਪਰਗਟ ਜਾਂ ਲੁਪਤ-ਰੂਪ ਵਿੱਚ ਕਾਰਕ-ਚਿੰਨ੍ਹ ਨਹੀਂ ਲੱਗਿਆ ਹੋਇਆ; ਇਸ ਲਈ ਇਹ ਸਾਧਾਰਨ-ਰੂਪ ਹੈ।
- ਕੁੜੀਆਂ ਸਬਕ ਪੜ੍ਹਦੀਆਂ ਹਨ। ਇਸ ਵਾਕ ਵਿੱਚ ' ਕੁੜੀਆਂ ' ਅਤੇ ' ਸਬਕ ' ਸਾਧਾਰਨ-ਰੂਪ ਹਨ।
2. ਸੰਬੰਧਕੀ-ਰੂਪ :- ਜਿਸ ਵਾਕ ਵਿੱਚ ਕੋਈ ਪਰਗਟ ਰੂਪ ਵਿੱਚ ਸੰਬੰਧਕੀ-ਚਿੰਨ੍ਹ ਲੱਗਾ ਹੋਵੇ, ਉਸ ਵਾਕ ਨੂੰ ਸੰਬੰਧਕੀ-ਰੂਪ ਕਿਹਾ ਜਾਂਦਾ ਹੈ; ਜਿਵੇਂ :-
- ਮਾਸਟਰ ਨੇ ਵਿਦਿਆਰਥੀ ਨੂੰ ਸੋਟੀ ਨਾਲ ਮਾਰਿਆ । ਇਸ ਵਾਕ ਵਿੱਚ ' ਮਾਸਟਰ ', ' ਵਿਦਿਆਰਥੀ ' ਅਤੇ ' ਸੋਟੀ ' ਤਿੰਨੋਂ ਸੰਬੰਧਕੀ-ਰੂਪ ਹਨ। ਇਹਨਾਂ ਨਾਲ ' ਨੇ ', ' ਨੂੰ ' ਅਤੇ ' ਨਾਲ ' ਤਿੰਨ ਸੰਬੰਧਕੀ-ਚਿੰਨ੍ਹ ਲੱਗੇ ਹੋਏ ਹਨ ।
3. ਸੰਮਿਲਿਤ ਸੰਬੰਧਕੀ-ਰੂਪ :- ਜਿਸ ਵਾਕ ਵਿੱਚ ਕੋਈ ਸੰਬੰਧਕ ਲੁਪਤ-ਰੂਪ ਵਿੱਚ ਹੋਵੇ, ਉਸ ਨੂੰ ਸੰਮਿਲਿਤ ਸੰਬੰਧਕੀ-ਰੂਪ ਕਿਹਾ ਜਾਂਦਾ ਹੈ; ਜਿਵੇਂ :-
- ਸੁਰਿੰਦਰ ਸਕੂਲੋਂ ਆ ਕੇ ਘਰੇ ਬੈਠ ਗਿਆ । ਇਸ ਵਾਕ ਵਿੱਚ ' ਸਕੂਲੋਂ ' ( ਸਕੂਲ ਤੋਂ ) ਅਤੇ ' ਘਰੇ ' ( ਘਰ ਵਿੱਚ ) ਦੋ ਸੰਮਿਲਿਤ ਸੰਬੰਧਕੀ-ਚਿੰਨ੍ਹ ਲੱਗੇ ਹੋਏ ਹਨ ।
4. ਸੰਬੋਧਨ-ਰੂਪ :- ਜਿਸ ਵਾਕ ਵਿੱਚ ਕਿਸੇ ਨੂੰ ਸੰਬੋਧਨ ਕੀਤਾ ਗਿਆ ਹੋਵੇ, ਉਸ ਵਾਕ ਨੂੰ ਸੰਬੋਧਨ-ਰੂਪ ਕਿਹਾ ਜਾਂਦਾ ਹੈ; ਜਿਵੇਂ :-
- ਨਾਨਕ ! ਭਗਤਾ ਸਦਾ ਵਿਗਾਸੁ ॥ (ਪੰਨਾ 2 ) ਇਸ ਪੰਗਤੀ ਵਿੱਚ ' ਨਾਨਕ ' ਸ਼ਬਦ ਸੰਬੋਧਨ-ਰੂਪ ਵਿੱਚ ਕਿਹਾ ਗਿਆ ਹੈ, ਹੇ ਨਾਨਕ ! ਆਖ , ਭਗਤਾਂ ਦੇ ਮਨ ਵਿੱਚ ਸਦਾ ਖੇੜਾ ਰਹਿੰਦਾ ਹੈ।
- ਮਨ ਏਕੁ ਨ ਚੇਤਸਿ ਮੂੜ ਮਨਾ ॥ ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥ (ਪੰਨਾ 12); ਪਹਿਲੀ ਪੰਗਤੀ- ਮਨ ! ਏਕੁ ਨ ਚੇਤਸਿ ਮੂੜ ਮਨਾ ॥ ' ਮਨ ' ਨੂੰ ਸੰਬੋਧਨ-ਰੂਪ ਵਿੱਚ ਕਿਹਾ ਗਿਆ ਹੈ; ਹੇ ਮਨ ! ਤੂੰ ਇਕ ਪ੍ਰਭੂ ਨੂੰ ਯਾਦ ਨਹੀਂ ਕਰਦਾ, ਮੂਰਖ ਮਨਾ! ....
- ਉਇ ਮੁੰਡਿਓ ! ਗੱਲ ਸੁਣੋ ।
ਨੋਟ:- ਸੰਬੋਧਨ-ਰੂਪ ਵਾਕਾਂ ਦੇ ਹੋਰ ਵੀ ਕਈ ਰੂਪ ਹਨ; ਜਿਵੇਂ :- ਹੇ ਵਾਹਿਗੁਰੂ !, ਸ਼ਾ ਬਾਸ਼ ! ਹਾਇ ਰੱਬਾ ! ਆਦਿ ।
ਕਾਰਕ-ਰੂਪ ਸਾਧਨਾ : - ਕਾਰਕ-ਰੂਪ ਨੂੰ ਉਦਾਹਰਨਾਂ ਸਹਿਤ ਵਰਨਣ ਕਰਨ ਜਾਂ ਦਰਸਾਉਣ ਨੂੰ ਕਾਰਕ-ਰੂਪ ਸਾਧਨਾ ਕਿਹਾ ਜਾਂਦਾ ਹੈ; ਜਿਵੇਂ :-
ਉਪਰ ਦਿੱਤੇ ਚਾਰ ਤਰ੍ਹਾਂ ਦੇ ਕਾਰਕ-ਰੂਪਾਂ ਦੀਆਂ ਦਿੱਤੀਆਂ ਉਦਾਹਰਨਾਂ ਹੀ ਕਾਰਕ-ਰੂਪਾਂ ਦੀ ਸਾਧਨਾ ਹਨ।
ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ:
- ਕਰਤਾ ਕਾਰਕ (Nominative Case)
- ਕਰਮ ਕਾਰਕ (Objective Case)
- ਕਰਨ ਕਾਰਕ (Instrumental Case)
- ਸੰਪ੍ਰਦਾਨ ਕਾਰਕ (Dative Case)
- ਅਪਾਦਾਨ ਕਾਰਕ (Ablative Case)
- ਸੰਬੰਧ ਕਾਰਕ (Possessive Case)
- ਅਧਿਕਰਣ ਕਾਰਕ (Locative Case)
- ਸੰਬੋਧਨ ਕਾਰਕ (Vocative Case)
1. ਕਰਤਾ ਕਾਰਕ: ਜਿਹੜਾ ਨਾਂਵ ਜਾਂ ਪੜਨਾਂਵ ਕਿਸੇ ਕਿਰਿਆ ਨੂੰ ਕਰਨ ਵਾਲਾ ਹੋਵੇ, ਉਸ ਨੂੰ ਕਰਤਾ ਕਾਰਕ ਦਾ ਨਾਂਵ ਜਾਂ ਪੜਨਾਂਵ ਮੰਨਿਆ ਜਾਂਦਾ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਨਾਂਵ ਜਾਂ ਪੜਨਾਂਵ ਕਰਤਾ ਕਾਰਕ ਵਿੱਚ ਹੈ।
ਉਦਾਹਰਨਾਂ: 1. ਸੋਹਣ ਸਿੰਘ ਰੋਟੀ ਖਾਂਦਾ ਹੈ। 2. ਉਹ ਕੁੜੀ ਪੜ੍ਹਦੀ ਹੈ। 3. ਸੋਹਣ ਸਿੰਘ ਨੇ ਰੋਟੀ ਖਾਧੀ ਹੈ। ਪਹਿਲੇ ਵਾਕ ਵਿੱਚ ਖਾਣ ਦਾ ਕੰਮ ਸੋਹਣ ਸਿੰਘ ਕਰਦਾ ਹੈ, ਇਸ ਲਈ 'ਸੋਹਣ ਸਿੰਘ' ਕਰਤਾ ਕਾਰਕ ਹੈ ਜਾਂ ਨਾਂਵ ਸੋਹਣ ਸਿੰਘ ਕਰਤਾ ਕਾਰਕ ਵਿੱਚ ਹੈ। ਦੂਜੇ ਵਾਕ ਵਿੱਚ, ਪੜ੍ਹਨ ਦਾ ਕੰਮ ਉਹ ਕੁੜੀ ਕਰਦੀ ਹੈ ਜੋ "ਤੀਜਾ ਪੁਰਖ ਜਾਂ ਅੰਨ-ਪੁਰਖ " ਪੜਨਾਂਵ ਹੈ। ਇਸ ਲਈ ਪੜਨਾਂਵ " ਉਹ ਕੁੜੀ " ਕਰਤਾ ਕਾਰਕ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਪੜਨਾਂਵ " ਉਹ ਕੁੜੀ " ਕਰਤਾ ਕਾਰਕ ਵਿੱਚ ਹੈ।
ਪਹਿਲੇ ਅਤੇ ਦੂਜੇ ਵਾਕ ਵਿੱਚ ਕੋਈ ਕਾਰਕ-ਚਿੰਨ੍ਹ ਨਹੀਂ ਹੈ। ਤੀਜੇ ਵਾਕ ਵਿੱਚ 'ਨੇ' ਸੰਬੰਧਕ ਕਾਰਕ ਹੈ, ਜੋ ਕਾਰਕ-ਚਿੰਨ੍ਹ ਨਹੀਂ ਹੈ। ਸੰਬੰਧਕ ਕਾਰਕ ਬਾਰੇ ਅੱਗੇ ਨੰਬਰ (6) ਵਿੱਚ ਪੜ੍ਹੋ। ਨੋਟ: ਕਰਤਾ ਕਾਰਕ ਦਾ ਕੋਈ ਕਾਰਕ-ਚਿੰਨ੍ਹ ਨਹੀਂ ਹੁੰਦਾ।
2. ਕਰਮ ਕਾਰਕ:- ਜਿਸ ਨਾਂਵ ਜਾਂ ਪੜਨਾਂਵ ਉਤੇ ਕਿਰਿਆ ਹੋਵੇ ਜਾਂ ਇਹ ਕਹਿ ਲਵੋ ਕਿ ਜਿਸ ਨਾਂਵ ਜਾਂ ਪੜਨਾਂਵ ਉਤੇ ਕਿਰਿਆ ਦਾ ਪ੍ਰਭਾਵ ਪਵੇ, ਉਸ ਨਾਂਵ ਜਾਂ ਪੜਨਾਂਵ ਦਾ 'ਕਾਰਕ ' ਕਰਮ ਮੰਨਿਆ ਜਾਂਦਾ ਹੈ ਜਾਂ ਇਹ ਕਹਿ ਲਵੋ ਕਿ ਉਸ ਨਾਂਵ ਜਾਂ ਪੜਨਾਂਵ ਨੂੰ ਕਰਮ ਕਾਰਕ ਆਖਦੇ ਹਨ।
ਉਦਾਹਰਨਾਂ: 1. ਵਿਦਿਆਰਥੀ ਕਿਤਾਬ ਪੜ੍ਹਦਾ ਹੈ। 2. ਮੁੰਡੇ ਹਾਕੀ ਖੇਡਦੇ ਹਨ। 3. ਕੁੜੀਆਂ ਗਿੱਧਾ ਪਾ ਰਹੀਆਂ ਹਨ।
ਪਹਿਲੇ ਵਾਕ ਵਿੱਚ ਪੜ੍ਹਨ ਦੀ ਕਿਰਿਆ ਕਿਤਾਬ ਉਤੇ ਹੋ ਰਹੀ ਹੈ। ਇਸ ਲਈ ਕਿਤਾਬ ਕਰਮ ਕਾਰਕ ਨਾਂਵ ਹੈ। ਦੂਜੇ ਵਾਕ ਵਿੱਚ ਖੇਡਣ ਦੀ ਕਿਰਿਆ ਹਾਕੀ ਉਤੇ ਹੋ ਰਹੀ ਹੈ, ਇਸ ਲਈ ਹਾਕੀ ਕਰਮ ਕਾਰਕ ਨਾਂਵ ਹੈ। ਤੀਜੇ ਵਾਕ ਵਿੱਚ ਕਿਰਿਆ ' ਗਿੱਧੇ ' ਉਤੇ ਹੋ ਰਹੀ ਹੈ, ਇਸ ਲਈ ਗਿੱਧਾ ਕਰਮ ਕਾਰਕ ਨਾਂਵ ਹੈ।
ਨੋਟ:- ਕਰਮ ਕਾਰਕ ਪੜਨਾਂਵ ਦੀਆਂ ਉਦਾਹਰਨਾਂ ਸੰਬੰਧ ਕਾਰਕ ਤੋਂ ਪਿਛੋਂ ਦਿਤੀਆਂ ਜਾਣਗੀਆਂ।
3. ਕਰਨ ਕਾਰਕ :- ਜਿਸ ਨਾਂਵ ਜਾਂ ਪੜਨਾਂਵ ਦੇ ਨਾਲ ਕਿਰਿਆ ਦੀ ਕਾਰਵਾਈ ਕੀਤੀ ਜਾਵੇ, ਜਾਂ ਜਿਸ ਨਾਂਵ ਜਾਂ ਪੜਨਾਂਵ ਰਾਹੀਂ ਕਿਰਿਆ ਦੀ ਕਾਰਵਾਈ ਕੀਤੀ ਜਾਵੇ, ਉਸ ਨੂੰ ਕਰਨ ਕਾਰਕ ਦਾ ਨਾਂਵ ਜਾਂ ਪੜਨਾਂਵ ਕਿਹਾ ਜਾਂਦਾ ਹੈ।
ਉਦਾਹਰਨਾਂ:
1. ਸੁਰਿੰਦਰ ਨੇ ਕੰਮਪਿਊਟਰ ਨਾਲ ਤਸਵੀਰ ਨੂੰ ਸਵਾਰਿਆ। 2. ਪ੍ਰੀਤਮ ਨੇ ਇਂਟਰਨੈੱਟ ਰਾਹੀਂ ਸਟੋਰ ਦਾ ਪਤਾ ਲਭ੍ਹ ਲਿਆ।
ਪਹਿਲੇ ਵਾਕ ਵਿੱਚ "ਕੰਮਪਿਊਟਰ " ਅਤੇ ਦੂਜੇ ਵਾਕ ਵਿੱਚ "ਇਂਟਰਨੈੱਟ " ਕਰਨ ਕਾਰਕ ਹਨ।
4. ਸੰਪ੍ਰਦਾਨ ਕਾਰਕ :- ਜਿਵੇਂ ਸੰਪ੍ਰਦਾਨ ਸ਼ਬਦ ਦਾ ਅਰਥ ਕਿਸੇ ਨੂੰ ਕੁਝ ਦੇਣਾ ਜਾਂ ਭੇਟ ਕਰਨਾ ਹੁੰਦਾ ਹੈ, ਇਸੇ ਤਰਾਂ, ਜਿਸ ਨਾਂਵ ਜਾਂ ਪੜਨਾਂਵ ਦੇ ਲਈ ਕੋਈ ਕਿਰਿਆ ਕੀਤੀ ਜਾਵੇ, ਉਹ ਨਾਂਵ ਜਾਂ ਪੜਨਾਂਵ ਸੰਪ੍ਰਦਾਨ ਕਾਰਕ ਹੁੰਦਾ ਹੈ।
ਉਦਾਹਰਨਾਂ: 1. ਮਾਸਟਰ ਨੇ ਵਿਦਿਆਰਥੀ ਨੂੰ ਕਿਤਾਬ ਦਿੱਤੀ । 2. ਸੂਰਜ ਜੀਵਾਂ ਨੂੰ ਗਰਮੀ ਦੇਂਦਾ ਹੈ। 3. ਸੰਤੋਖ ਨੇ ਮੈਨੂੰ ਸਾਈਕਲ ਦਿਤਾ।
ਪਹਿਲੇ ਵਾਕ ਵਿੱਚ ਨਾਂਵ ' ਵਿਦਿਆਰਥੀ ', ਦੂਜੇ ਵਾਕ ਵਿੱਚ ਨਾਂਵ ' ਜੀਵਾਂ ' ਅਤੇ ਤੀਜੇ ਵਾਕ ਵਿੱਚ ਪੜਨਾਂਵ 'ਮੈਨੂੰ ' ਸੰਪ੍ਰਦਾਨ ਕਾਰਕ ਹਨ।
5. ਅਪਾਦਾਨ ਕਾਰਕ :-
ਅਪਾਦਾਨ ਸ਼ਬਦ ਦਾ ਅਰਥ ਹਟਾਉਣਾ, ਕਢਣਾ , ਵੱਖ ਕਰਨਾ, ਜਾਂ ਦੂਰ ਕਰਨਾ ਹੈ। ਜਿਸ ਵਸਤੂ ਜਾਂ ਵਿਅਕਤੀ ਤੋਂ ਕੁਝ ਵੱਖਰਾ ਜਾਂ ਪਰ੍ਹੇ ਕੀਤਾ ਜਾਵੇ, ਉਸ ਦੇ ਨਾਂਵ ਜਾਂ ਪੜਨਾਂਵ ਦਾ ਕਾਰਕ ਅਪਾਦਾਨ ਹੁੰਦਾ ਹੈ ਜਾਂ ਉਸ ਦੇ ਨਾਂਵ ਜਾਂ ਪੜਨਾਂਵ ਨੂੰ ਅਪਾਦਾਨ ਕਾਰਕ ਵਿੱਚ ਰਖਿਆ ਜਾਂਦਾ ਹੈ।
ਉਦਾਹਰਨਾਂ:
1. ਮੁੰਡੇ ਨੇ ਆਪਣੇ ਡੈਸਕ ਤੋਂ ਕਿਤਾਬ ਲਿਆਂਦੀ ਸੀ। 2. ਉਸ ਨੇ ਖੇਤ ਵਿਚੋਂ ਸਰਹੋਂ ਦਾ ਸਾਗ ਲਿਆਂਦਾ ਹੈ।
ਪਹਿਲੇ ਵਾਕ ਵਿੱਚ ਕਿਤਾਬ ਨੂੰ 'ਡੈਸਕ ' ਤੋਂ ਅਤੇ ਦੂਜੇ ਵਾਕ ਵਿੱਚ ਸਰਹੋਂ ਦਾ ਸਾਗ ਨੂੰ ' ਖੇਤ ' ਨਾਲੋਂ ਵੱਖਰੇ ਕੀਤਾ ਗਿਆ ਹੈ, ਇਸ ਲਈ 'ਡੈਸਕ ' ਅਤੇ ' ਖੇਤ ' ਅਪਾਦਾਨ ਕਾਰਕ ਹਨ।
6. ਸਬੰਧ ਕਾਰਕ :-
ਜਿਸ ਨਾਂਵ ਜਾਂ ਪੜਨਾਂਵ ਦਾ ਕਿਸੇ ਹੋਰ ਨਾਂਵ ਜਾਂ ਪੜਨਾਂਵ ਨਾਲ ਅਧਿਕਾਰ, ਕਬਜ਼ੇ ਜਾਂ ਮਾਲਕੀ ਵਾਲਾ ਸਬੰਧ ਹੋਵੇ, ਉਸ ਨਾਂਵ ਜਾਂ ਪੜਨਾਂਵ ਨੂੰ ਸਬੰਧ ਕਾਰਕ ਗਿਣਿਆ ਜਾਂਦਾ ਹੈ।
ਉਦਾਹਰਨਾਂ: 1. ????? ਪਰੌਜੈੱਕਟਰ ਨਾਲ ਭਾਈ ਤਾਰੂ ਸਿੰਘ ਦੀ ਨਵੀਂ ਬਣੀ ਡਿਜੀਟਲ ਇਤਹਾਸਿਕ ਫਿਲਮ ਦੇਖੀ ਹੈ। 2. ???? ਉਸ ਨੇ ਸਕੂਲ ਨੂੰ ਗਰੀਬ ਬੱਚਿਆਂ ਲਈ ਫੀਸ ਦਿੱਤੀ।
ਪਹਿਲੇ ਵਾਕ ਵਿੱਚ "ਨਾਲ " ???, ਅਤੇ ਦੂਜੇ ਵਾਕ ਵਿੱਚ " ਨੇ " , ਸਬੰਧ ਕਾਰਕ ਹਨ।
7. ਅਧਿਕਰਨ ਕਾਰਕ :-
ਅਧਿਕਰਨ ਦਾ ਅਰਥ ਅਧਿਕਾਰ ਹੈ। ਜਿਸ ਵਸਤ , ਜਗ੍ਹਾ, ਟਿਕਾਣੇ ਆਦਿ ਉਤੇ , ਨੇੜੇ ਜਾਂ ਵਿੱਚ ਕੁਝ ਪਾਇਆ ਜਾਵੇ, ਉਸ ਵਸਤ , ਜਗ੍ਹਾ, ਟਿਕਾਣੇ ਆਦਿ ਦੇ ਨਾਂਵ ਨੂੰ ਅਧਿਕਰਨ ਕਾਰਕ ਦਾ ਨਾਂਵ ਕਿਹਾ ਜਾਂਦਾ ਹੈ।
ਉਦਾਹਰਨਾਂ: 1. ਕੰਪਿਊਟਰ ਮੇਜ਼ ਉਤੇ ਹੈ। 2. ਕੈਮਰਾ ਫ਼ਰਸ਼ ਉਤੇ ਡਿੱਗ ਪਿਆ ਸੀ। 3. ਬੱਚਾ ਕਮਰੇ ਵਿੱਚ ਖੇਡਦਾ ਹੈ। 4. ਕੋਠੇ ਉਤੇ ਚੜ੍ਹੋ। 5. ਸਕੂਲ ਵਿੱਚ ਬੈਠੋ। 6. ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥( ਪੰਨਾ 12) 7. ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ (ਪੰਨਾ 523)
ਪਹਿਲੇ ਵਾਕ ਵਿੱਚ 'ਮੇਜ਼ ', ਦੂਜੇ ਵਾਕ ਵਿੱਚ ' ਫ਼ਰਸ਼ ' ਅਤੇ ਤੀਜੇ ਵਾਕ ਵਿੱਚ ' ਕਮਰੇ ' ਚੌਥੇ ਵਾਕ ਵਿੱਚ ' ਕੋਠੇ ', ਪੰਜਵੇਂ ਵਾਕ ਵਿੱਚ ' ਸਕੂਲ ' ਅਤੇ ਛੇਵੇਂ ਵਾਕ ਵਿੱਚ ' ' ਤਿਤੁ ' ਭਾਵ ' ਉਸ ਵਿਚ ' ਅਤੇ ਸਤਵੇਂ ਵਾਕ ਵਿੱਚ ' ਦੁਖਿ ' ਭਾਵ ' ਦੁੱਖ ਵਿੱਚ 'ਅਤੇ ' ਨਰਕਿ ' ਭਾਵ ' ਨਰਕ ਵਿੱਚ ' ਅਧਿਕਰਨ ਕਾਰਕ ਦੇ ਨਾਂਵ ਹਨ।
8. ਸੰਬੋਧਨ ਕਾਰਕ :-
ਨਾਂਵ ਦੇ ਜਿਸ ਰੂਪ ਰਾਹੀਂ ਕਿਸੇ ਨੂੰ ਬੁਲਾਇਆ ਜਾਵੇ, ਉਸ ਨੂੰ ਸੰਬੋਧਨ ਕਾਰਕ ਕਿਹਾ ਜਾਂਦਾ ਹੈ।
ਉਦਾਹਰਨਾਂ: 1. ਓਇ ਮੁੰਡਿਆ ! ਸੰਭਲ ਕੇ ਚੱਲ। 2. ਗੁਰਾ ਇਕ ਦੇਹਿ ਬੁਝਾਈ ॥ (ਪੰਨਾ 2) 3. ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥ (ਪੰਨਾ 833) 4. ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰਿ ਮਾਇ ॥ (ਪੰਨਾ 234) 5. ਹਾਏ ਰੱਬਾ ! ਇਹ ਕੀ ਭਾਣਾ ਵਰਤ ਗਿਆ ਏ । 6. ਮਨ ਏਕੁ ਨ ਚੇਤਸਿ ਮੂੜ ਮਨਾ ॥ (ਪੰਨਾ 12)
ਪਹਿਲੇ ਵਾਕ ਵਿੱਚ ' ਓਇ ਮੁੰਡਿਆ ', ਦੂਜੇ ਵਾਕ ਵਿੱਚ ' ਗੁਰਾ ' ਤੀਜੇ ਵਾਕ ਵਿੱਚ ' ਜਾਗੁ ਸਲੋਨੜੀਏ ' , ਚੌਥੇ ਵਾਕ ਵਿੱਚ ' ਕਰਹਲੇ ਮਨ ' ਪੰਜਵੇਂ ਵਾਕ ਵਿੱਚ ' ਹਾਏ ਰੱਬਾ ' ਅਤੇ ਛੇਵੇਂ ਵਾਕ ਵਿੱਚ ' ਮਨ ' ਅਤੇ ' ਮੂੜ ਮਨਾ ' ਦੋਵੇਂ, ਸੰਬੋਧਨ ਕਾਰਕ ਹਨ।