ਲਿੰਗ: ਇਸਤਰੀ-ਲਿੰਗ ਅਤੇ ਪੁਲਿੰਗ /Gender: Feminine and Masculine
ਲਿੰਗ: ਨਾਂਵ ਦੇ ਜਿਸ ਰੂਪ ਤੋਂ ਜਨਾਨੇ ਜਾਂ ਮਰਦਾਵੇਂ ਭੇਦ ਦਾ ਪਤਾ ਲਗਦਾ ਹੈ ਉਸਨੂੰ ਪੰਜਾਬੀ ਵਿਆਕਰਨ ਵਿੱਚ ਲਿੰਗ ਕਿਹਾ ਜਾਂਦਾ ਹੈ।
ਇਹ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਕਈ ਨਿਰਜੀਵ ਵਸਤਾਂ ਵੀ ਇਸਤਰੀ-ਲਿੰਗ ਅਤੇ ਪੁਲਿੰਗ ਸ਼ਬਦਾਂ ਦੀ ਵੰਡ ਵਿੱਚ ਆਉਂਦੀਆਂ ਹਨ। ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਕਈ ਸ਼ਬਦ ਇਹੋ ਜਿਹੇ ਹਨ ਜੋ ਮਰਦ ਅਤੇ ਇਸਤਰੀ, ਦੋਵਾਂ ਲਈ ਵਰਤੇ ਜਾਂਦੇ ਹਨ, ਜਿਵੇਂ ਕੋਈ ਤਾਂਗੇ ਜਾਂ ਟੈਕਸੀ ਆਦਿ ਵਾਲਾ ਆਵਾਜ਼ ਦੇ ਕੇ ਆਖਦਾ ਹੈ " ਮੈਨੂੰ ਇੱਕ ਸਵਾਰੀ ਦੀ ਲੋੜ ਹੈ "। ਇਥੇ ਇਹ “ਸਵਾਰੀ” ਸ਼ਬਦ ਮਰਦ ਵੀ ਹੋ ਸਕਦਾ ਹੈ ਅਤੇ ਤੀਵੀਂ ਵੀ।
ਮਰਦ ਪ੍ਰਧਾਨ ਸਮਾਜ ਵਿੱਚ ਆਮ ਤੌਰ 'ਤੇ ਬਾਹਰ ਦੇ ਕੰਮ ਕਾਜ, ਮਰਦ ਹੀ ਕਰਦੇ ਸਨ ਜਦੋਂ ਕਿ ਘਰਾਂ ਦੀ ਸਾਂਭ੍ਹ ਸੰਭਾਲ ਤੀਵੀਆਂ ਹੀ ਕਰਦੀਆਂ ਸਨ। ਇਸ ਲਈ ਬਾਹਰ ਦੇ ਬਹੁਤੇ ਕੰਮ ਅਤੇ ਉਨ੍ਹਾਂ ਦੀਆਂ ਪਦਵੀਆਂ ਦੇ ਨਾਂਵ ਵੀ ਮਰਦ ਰੂਪ ਨੂੰ ਹੀ ਪ੍ਰਗਟਾਉਂਦੇ ਸਨ ਅਤੇ ਹੁਣ ਜਿਵੇਂ ਜਿਵੇਂ ਤੀਵੀਆਂ ਨੇ ਬਹੁਤ ਸਾਰੇ ਵਿਭਾਗਾਂ ਅਤੇ ਪਦਵੀਆਂ ਉੱਤੇ ਕੰਮ ਕਰਨੇ ਸ਼ੁਰੂ ਕੀਤੇ ਹਨ, ਉਨ੍ਹਾਂ ਪਦਵੀਆਂ ਦੇ ਨਾਂਵ ਵੀ ਬਦਲੇ ਜਾ ਰਹੇ ਹਨ। ਇਸੇ ਤਰਾਂ ਜਿਥੇ ਤੀਵੀਆਂ ਹੀ ਕੰਮਾਂ ਵਿੱਚ ਅਗੇ ਸਨ, ਸਮਾਜ ਵਿੱਚ ਸਮਝਿਆ ਜਾਂਦਾ ਸੀ ਕਿ ਉਂਨ੍ਹਾ ਵਿਭਾਗਾਂ ਅਤੇ ਪਦਵੀਆਂ ਉਤੇ ਤੀਵੀਆਂ ਹੀ ਇਹ ਕੰਮ ਕਰ ਸਕਦੀਆਂ ਹਨ। ਪਰੰਤੂ ਹੁਣ ਇਹ ਸਭ੍ਹ ਕੁਝ ਬਦਲ ਰਿਹਾ ਹੈ, ਜਿਵੇਂ ਕਿ ਨਰਸ ਦਾ ਕੰਮ ਤੀਵੀਆਂ ਹੀ ਕਰਦੀਆਂ ਸਨ ਪਰੰਤੂ ਹੁਣ ਮਰਦ ਵੀ ਨਰਸ ਦਾ ਕੰਮ ਕਰ ਰਹੇ ਹਨ।
ਪੰਜਾਬੀ ਵਿੱਚ ਆਮ ਤੌਰ 'ਤੇ ਦੋ ਪ੍ਰਕਾਰ ਦੇ ਲਿੰਗ ਸ਼ਬਦ ਹੀ ਪ੍ਰਵਾਨਤ ਸਨ :- ਇਸਤਰੀ ਲਿੰਗ ਅਤੇ ਪੁਲਿੰਗ, ਜਦੋਂ ਕਿ ਇਕ ਤੀਜੀ ਲਿੰਗ ਸ਼੍ਰੇਣੀ ਲਈ ' ਖੁਸਰਾ ' ਨਾਂਵ ਬਹੁਤ ਲੋਕਾਂ ਵਿੱਚ ਵਰਤਿਆ ਜਾਂਦਾ ਰਿਹਾ ਹੈ। ਉਦਾਹਰਨਾਂ :- ਬੇਟੀ, ਇਸਤਰੀ, ਕੁੱਤੀ, ਘੋੜੀ, ਹਥਨੀ, ਸਰਦਾਰਨੀ, ਲੁਹਾਰਨ, ਕੰਘੀ, ਅਧਿਆਪਕਾ, ਮਾਸਟਰਾਣੀ, ਸੁਨਿਆਰੀ ਆਦਿ, ਇਸਤਰੀ ਲਿੰਗ ਸ਼ਬਦ ਹਨ ਅਤੇ ਬੇਟਾ, ਮਰਦ, ਕੁੱਤਾ, ਘੋੜਾ, ਹਾਥੀ, ਸਰਦਾਰ, ਲੁਹਾਰ, ਕੰਘਾ,ਅਧਿਆਪਕ, ਮਾਸਟਰ, ਸੁਨਿਆਰਾ ਆਦਿ, ਪੁਲਿੰਗ ਸ਼ਬਦ ਹਨ। ਤੀਜੀ ਲਿੰਗ ਸ਼੍ਰੇਣੀ ਨੂੰ ਹੁਣ ਤੱਕ,ਸਮਾਜ ਵਲੋਂ ਹੀਣਤਾ ਭਾਵ ਨਾਲ ਹੀ ਦੇਖਿਆ ਜਾਂਦਾ ਰਿਹਾ ਹੈ ਅਤੇ ਕੋਈ ਮਾਨਤਾ ਨਹੀ ਦਿੱਤੀ ਜਾਂਦੀ ਰਹੀ। ਇਸੇ ਲਈ , ਤੀਜੀ ਲਿੰਗ ਸ਼੍ਰੇਣੀ ਵਿੱਚ, ਲਿੰਗ ਜਾਂ ਪੁਲਿੰਗ ਦੇ ਅਜੇ ਤੱਕ ਕੋਈ ਵਖਰੇ ਨਾਂਵ ਨਹੀਂ ਘੜੇ ਗਏ।
ਵਰਤਮਾਨ ਕਾਲ ਵਿੱਚ, ਅਗਾਂਹ ਵਧੂ ਦੇਸ਼ਾਂ ਵਿੱਚ ਤੀਜੀ ਲਿੰਗ ਸ਼੍ਰੇਣੀ ਨੂੰ ਵੀ ਮਾਨਤਾ ਮਿਲਣੀ ਸ਼ੁਰੂ ਹੋਈ ਹੈ, ਪਰੰਤੂ ਇਸ ਸ਼੍ਰੇਣੀ ਵਿੱਚ ਲਿੰਗ ਜਾਂ ਪੁਲਿੰਗ ਦੀ ਵੰਡ ਨੂੰ ਸਮਲਿੰਗੀ ਕਹਿ ਕੇ ਹੀ ਮੰਨਿਆ ਜਾਂਦਾ ਹੈ।
ਪੰਜਾਬੀ ਵਿੱਚ ਪੁਲਿੰਗ ਤੋਂ ਇਸਤਰੀ-ਲਿੰਗ ਜਾਂ ਇਸਤਰੀ-ਲਿੰਗ ਤੋਂ ਪੁਲਿੰਗ ਸ਼ਬਦ ਬਨਾਉਣ ਦੇ ਕੁਝ ਨਿਯਮਾਂ ਨੂੰ ਧਿਆਨ ਵਿੱਚ ਰਖਣਾ ਪੈਂਦਾ ਹੈ, ਪਰੰਤੂ ਕੁਝ ਨਾਂਵ ਐਸੇ ਹਨ ਜਿਨ੍ਹਾਂ ਉਤੇ ਉਹ ਨਿਯਮ ਲਾਗੂ ਨਹੀਂ ਹੁੰਦੇ।
ਜੇਕਰ ਪੁਲਿੰਗ ਨਾਮ ਦੇ ਅਖੀਰ ਵਿੱਚ ਮੁਕਤਾ ਹੋਵੇ ਤਾਂ ਉਸ ਅਗੇ ਕੰਨਾ, ਬਿਹਾਰੀ, ਣੀ, ਨੀ, ਕੀ ਜਾਂ ੜੀ ਲਾ ਕੇ ਉਸਦਾ ਇਸਤਰੀ-ਲਿੰਗ ਬਣਾਇਆ ਜਾਂਦਾ ਹੈ; ਜਿਵੇਂ:-
ਪੁਲਿੰਗ | ਇਸਤਰੀ-ਲਿੰਗ | ਪੁਲਿੰਗ | ਇਸਤਰੀ-ਲਿੰਗ |
-------------------- | -------------------- | -------------------- | -------------------- |
ਸੰਪਾਦਕ | ਸੰਪਾਦਕਾ | ਉਪਦੇਸ਼ਕ | ਉਪਦੇਸ਼ਕਾ |
ਅਧਿਆਪਕ | ਅਧਿਆਪਕਾ | ਨਾਇਕ | ਨਾਇਕਾ |
ਅਖੀਰ ਉਤੇ ਬਿਹਾਰੀ ਲਾ ਕੇ
ਕੁੱਕੜ | ਕੁੱਕੜੀ | ਟੋਪ | ਟੋਪੀ |
ਗਿੱਦੜ | ਗਿੱਦੜੀ | ਪੱਥਰ | ਪੱਥਰੀ |
ਅਖੀਰ ਉਤੇ ਣੀ ਵਧਾ ਕੇ
ਊਠ | ਊਠਣੀ | ਸਾਧ | ਸਾਧਣੀ |
ਵਕੀਲ | ਵਕੀਲਣੀ | ਸੱਪ | ਸੱਪਣੀ |
ਅਖੀਰ ਉਤੇ ਨੀ ਵਧਾ ਕੇ
ਸੂਰ | ਸੂਰਨੀ | ਸ਼ੇਰ | ਸ਼ੇਰਨੀ |
ਜਾਦੂਗਰ | ਜਾਦੂਗਰਨੀ | ਮੋਰ | ਮੋਰਨੀ |
ਅਖੀਰ ਉਤੇ ਕੰਨਾ ਅਤੇ ਣੀ ਵਧਾ ਕੇ
ਸੇਠ | ਸੇਠਾਣੀ | ਜੇਠ | ਜੇਠਾਣੀ |
ਮਾਸਟਰ | ਮਾਸਟਰਾਣੀ | ਨੌਕਰ | ਨੌਕਰਾਣੀ |
ਅਖੀਰ ਉਤੇ ਕੀ ਅਤੇ ੜੀ ਵਧਾ ਕੇ
ਢੋਲ | ਢੋਲਕੀ | ਸੰਦੂਕ | ਸੰਦੂਕੜੀ |
ਬਾਲ | ਬਾਲੜੀ | ਸੂਤ | ਸੂਤੜੀ |
ਅਖੀਰ ਉਤੇ ਕੰਨੇ ਦੇ ਥਾਂ ਬਿਹਾਰੀ ਲਾ ਕੇ
ਆਰਾ | ਆਰੀ | ਕਾਕਾ | ਕਾਕੀ |
ਸੋਟਾ | ਸੋਟੀ | ਮਾਮਾ | ਮਾਮੀ |
ਅਖੀਰ ਉਤੇ ਕੰਨੇ ਦੀ ਥਾਂ ਨ ਲਾ ਕੇ
ਲੁਟੇਰਾ | ਲੁਟੇਰਨ | ਸਪੇਰਾ | ਸਪੇਰਨ |
ਵਣਜਾਰਾ | ਵਣਜਾਰਨ | ਭਠਿਆਰਾ | ਭਠਿਆਰਨ |
ਜੇ ਪੁਲਿੰਗ ਦੇ ਅਖੀਰ ਵਿੱਚ ਬਿਹਾਰੀ ਹੋਵੇ ਤਾਂ ਬਿਹਾਰੀ ਦੀ ਥਾਂ ਣ, ਇਣ, ਨ, ਨੀ ਜਾਂ ਣੀ ਲਗਾ ਕੇ
ਦਰਜ਼ੀ | ਦਰਜ਼ਣ | ਮਾਛੀ | ਮਾਛਣ |
ਬੰਗਾਲੀ | ਬੰਗਾਲਣ | ਗਿਆਨੀ | ਗਿਆਨਣ |
ਧੋਬੀ | ਧੋਬਣ | ਨਾਈ | ਨਾਇਣ |
ਸ਼ੇਰ | ਸ਼ੇਰਨੀ | ਊਠ | ਊਠਣੀ |
ਜੇ ਪੁਲਿੰਗ ਦੇ ਅਖੀਰ ਵਿੱਚ ਬਿਹਾਰੀ ਅਤੇ ਆ ਹੋਵੇ ਤਾਂ ਇਨ੍ਹਾਂ ਦੀ ਥਾਂ ਨ, ਜਾਂ ਣ ਲਗਾ ਕੇ
ਦੁਆਬੀਆ | ਦੁਆਬਣ | ਲਾਹੌਰੀਆ | ਲਾਹੌਰਨ |
ਪੂਰਬੀਆ | ਪੂਰਬਣ | ਪਸ਼ੌਰੀਆ | ਪਸ਼ੌਰਨ |
ਕੁਝ ਪੁਲਿੰਗ ਨਾਂਵ ਐਸੇ ਹਨ ਜਿਨ੍ਹਾਂ ਤੋਂ ਇਸਤਰੀ-ਲਿੰਗ ਨਾਂਵ ਬਨਾਣ ਲਈ ਕੋਈ ਨਿਯਮ ਲਾਗੂ ਨਹੀਂ ਹੁੰਦਾ; ਜਿਵੇਂ:-
ਸਾਂਢੂ | ਸਾਲੀ | ਨਵਾਬ | ਬੇਗਮ |
ਮੁੰਡਾ | ਕੁੜੀ | ਭਰਾ | ਭੈਣ |
ਸਹੁਰਾ | ਸੱਸ | ਜਵਾਈ | ਧੀ |
ਰਾਜਾ | ਰਾਣੀ | ਵਰ | ਕੰਨਿਆ |
ਕੁਝ ਦੋਨੋਂ, ਇਸਤ੍ਰੀ ਲਿੰਗ ਅਤੇ ਪੁਲਿੰਗ ਨਾਵਾਂ ਦੀਆਂ ਉਦਾਹਰਨਾਂ
ਹੇਠ ਲਿਖਿਆਂ ਦੀ ਲਿੰਗ ਪਛਾਣ ਆਮ ਮਨੁਖੀ ਅੱਖ ਨਾਲ ਨਹੀਂ ਹੋ ਸਕਦੀ, ਇਸ ਲਈ ਇਹ ਨਾਉਂ ਪ੍ਰਚਲਿਤ ਧਾਰਨਾ ਅਨੁਸਾਰ ਦੋਨਾਂ, ਇਸਤ੍ਰੀ ਲਿੰਗ ਅਤੇ ਪੁਲਿੰਗ ਲਈ ਵਰਤੇ ਜਾਂਦੇ ਹਨ।
ਪੁਲਿੰਗ | ਇਸਤਰੀ-ਲਿੰਗ | ਪੁਲਿੰਗ | ਇਸਤਰੀ-ਲਿੰਗ |
-------------------- | -------------------- | -------------------- | -------------------- |
ਨਰਸ | ਨਰਸ | ਸਿਨੇਮਾ | ਸਿਨੇਮਾ |
ਸਿਨੇਮਾ-ਹਾਲ | ਸਿਨੇਮਾ-ਹਾਲ | ਖਟਮਲ | ਖਟਮਲ |
ਜੂੰ | ਜੂੰ | ਜੋਕ | ਜੋਕ |
ਕੋਇਲ | ਕੋਇਲ | ਇੱਲ | ਇੱਲ |
ਬਗਲਾ | ਬਗਲਾ | ਬਾਜ | ਬਾਜ |
ਬਟੇਰਾ | ਬਟੇਰਾ | ਗੈਂਡਾ | ਗੈਂਡਾ |
ਘੁੱਗੀ | ਘੁੱਗੀ | ਗੋਹ | ਗੋਹ |
ਅਭਿਆਸ
ਲਿੰਗ ਤੋਂ ਕੀ ਭਾਵ ਹੈ? ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਲਿਖੋ।
ਲਿੰਗ ਬਦਲਣ ਦੇ ਕੁਝ ਨਿਯਮ ਉਦਾਹਰਨਾਂ ਸਹਿਤ ਲਿਖੋ ।
ਹੇਠ ਲਿਖੇ ਨਾਵਾਂ ਦੇ ਲਿੰਗ ਬਦਲੋ: -
ਸੁਨਿਆਰਾ, ਨੰਬਰਦਾਰ, ਸੇਵਾਦਾਰ, ਮੋਰਨੀ, ਫਕੀਰਨੀ, ਸੰਤ, ਸਾਧ, ਭੀਲਣੀ, ਰਿੱਛ, ਸੱਪਣੀ, ਗਾਂ, ਗੁੱਡੀ, ਪੱਗ, ਪਹਾੜ, ਰੇਤ ।