Mindset based on Deeds /ਕਰਮ ਸੰਸਕਾਰ

    ਗਉੜੀ ਮਹਲਾ ੧ ਦਖਣੀ ॥ (ਪੰਨਾ 152)

  • ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥ ਆਪਿ ਭੁਲਾਏ ਠਉਰ ਨ ਠਾਉ ॥
  • ਤੂੰ ਸਮਝਾਵਹਿ ਮੇਲਿ ਮਿਲਾਉ ॥੧॥ ਨਾਮੁ ਮਿਲੈ ਚਲੈ ਮੈ ਨਾਲਿ ॥ ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥
  • ਖੇਤੀ ਵਣਜੁ ਨਾਵੈ ਕੀ ਓਟ ॥ ਪਾਪੁ ਪੁੰਨੁ ਬੀਜ ਕੀ ਪੋਟ ॥ ਕਾਮੁ ਕ੍ਰੋਧੁ ਜੀਅ ਮਹਿ ਚੋਟ ॥ ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥
  • ਸਾਚੇ ਗੁਰ ਕੀ ਸਾਚੀ ਸੀਖ ॥ ਤਨੁ ਮਨੁ ਸੀਤਲੁ ਸਾਚੁ ਪਰੀਖ ॥ ਜਲ ਪੁਰਾਇਨਿ ਰਸ ਕਮਲ ਪਰੀਖ ॥ ਸਬਦਿ ਰਤੇ ਮੀਠੇ ਰਸ ਈਖ ॥੩॥
  • ਹੁਕਮਿ ਸੰਜੋਗੀ ਗੜਿ ਦਸ ਦੁਆਰ ॥ ਪੰਚ ਵਸਹਿ ਮਿਲਿ ਜੋਤਿ ਅਪਾਰ ॥ ਆਪਿ ਤੁਲੈ ਆਪੇ ਵਣਜਾਰ ॥ ਨਾਨਕ ਨਾਮਿ ਸਵਾਰਣਹਾਰ ॥੪॥੫॥ {ਪੰਨਾ ੧੫੨}

    ਪਦ ਅਰਥ :—ਸੁਣਿ ਸੁਣਿ—("ਸਾਚੇ ਗੁਰ ਦੀ ਸਾਚੀ ਸੀਖ") ਸੁਣ ਸੁਣ ਕੇ । ਬੂਝੈ—(ਜੋ ਮਨੁੱਖ ਉਸ "ਸੀਖ" ਨੂੰ, ਭਾਵ ਸਿੱਖਿਆ ਨੂੰ) ਸਮਝਦਾ ਹੈ । ਮਾਨੈ—ਮੰਨ ਲੈਂਦਾ ਹੈ, ਯਕੀਨ ਕਰ ਲੈਂਦਾ ਹੈ (ਕਿ 'ਨਾਉ' ਹੀ ਸੱਚਾ ਵਣਜ ਹੈ) । ਮੇਲਿ—("ਸਾਚੇ ਗੁਰ ਕੀ ਸਾਚੀ ਸੀਖ" ਵਿਚ) ਜੋੜ ਕੇ । ਮਿਲਾਉ—ਮਿਲਾਪ ।੧।

    ਮੈ ਨਾਲਿ—(ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ (ਜਦੋਂ ਹੋਰ ਸਭ ਕੁਝ ਇਥੇ ਹੀ ਰਹਿ ਜਾਏਗਾ) । ਕਾਲਿ—ਕਾਲ ਵਿਚ, ਮੌਤ ਦੇ ਡਰ ਵਿਚ । ਬਾਧੀ—ਬੱਝੀ ਹੋਈ, ਜਕੜੀ ਹੋਈ ।੧।ਰਹਾਉ।

    ਬੀਜ ਕੀ ਪੋਟ—ਬੀਜ ਦੀ ਪੋਟਲੀ {ਨੋਟ :—ਜਿਹੜਾ ਭੀ ਚੰਗਾ ਮੰਦਾ ਕਰਮ ਮਨੁੱਖ ਕਰਦਾ ਹੈ, ਉਸ ਦਾ ਸੰਸਕਾਰ ਮਨ ਵਿਚ ਟਿਕ ਜਾਂਦਾ ਹੈ । ਉਹ ਸੰਸਕਾਰ, ਇਸ ਜੀਵਨ ਵਿਚ ਅਗਾਂਹ ਨੂੰ ਉਹੋ ਜਿਹੇ ਹੋਰ ਕਰਮ ਕਰਨ ਲਈ ਪ੍ਰੇਰਨਾ ਕਰਦਾ ਹੈ ।

    ਸੋ, ਉਹ ਕੀਤਾ ਹੋਇਆ ਚੰਗਾ ਮੰਦਾ ਕਰਮ ਬੀਜ ਦਾ ਕੰਮ ਦੇਂਦਾ ਹੈ । ਜਿਹੋ ਜਿਹਾ ਬੀਜ ਬੀਜੀਏ, ਉਹੋ ਜਿਹਾ ਫਲ ਤਿਆਰ ਹੋ ਜਾਂਦਾ ਹੈ} । ਜੀਅ ਮਹਿ—(ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ । ਚਲੇ—(ਜਗਤ ਵਿਚੋਂ) ਜਾਂਦੇ ਹਨ । ਮਨਿ—ਮਨ ਵਿਚ (ਖੋਟ ਵਿਕਾਰ) ।੨।

    ਪਰੀਖ—ਪਰਖ, ਪਛਾਣ । ਪੁਰਾਇਨਿ—ਚੌਪੱਤੀ । ਰਸ ਕਮਲ—ਜਲ ਦਾ ਕੌਲ ਫੁੱਲ । ਰਸ ਈਖ—ਈਖ ਰਸ, ਗੰਨੇ ਦਾ ਰਸ, ਗੰਨੇ ਦੀ ਰਹੁ ।੩।

    ਹੁਕਮਿ—ਪ੍ਰਭੂ ਦੇ ਹੁਕਮ ਵਿਚ । ਸੰਜੋਗੀ—ਸੰਜੋਗਾਂ ਅਨੁਸਾਰ, ਇਸ ਜਨਮ ਵਿਚ ਪਹਿਲੇ ਕੀਤੇ (ਪੂਰਬਲੇ ਕੀਤੇ) ਕਰਮਾਂ ਦੇ ਸੰਸਕਾਰਾਂ ਅਨੁਸਾਰ । ਗੜਿ—ਗੜ ਵਿਚ, ਸਰੀਰ-ਕਿਲ੍ਹੇ ਵਿਚ । ਦਸ ਦੁਆਰ ਗੜਿ—ਦਸਾਂ ਦਰਾਂ ਵਾਲੇ ਸਰੀਰ-ਗੜ੍ਹ ਵਿਚ ।

    ਪੰਚ—ਸੰਤ ਜਨ । ਮਿਲਿ—ਮਿਲ ਕੇ । ਤੁਲੈ—ਤੁਲਦਾ ਹੈ, ਵਣਜੀਦਾ ਹੈ । ਆਪੇ—ਆਪ ਹੀ । ਵਣਜਾਰ—ਵਣਜ ਕਰਨ ਵਾਲਾ । ਨਾਮਿ—ਨਾਮ ਵਿਚ (ਜੋੜ ਕੇ) ।੪।

    ਅਰਥ :—ਜੋ ਮਨੁੱਖ ("ਸਾਚੇ ਗੁਰ ਕੀ ਸਾਚੀ ਸੀਖ") ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ ।

    ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਜੋ ਪ੍ਰਭੂ ਦੇ ਦਰਸਾਏ ਨਿਯਮਾਂ ਅਨੁਸਾਰ ਜੀਵਨ ਬਤੀਤ ਨਹੀਂ ਕਰਦਾ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ । ਹੇ ਪ੍ਰਭੂ ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ।੧। ਹੇ ਪ੍ਰਭੂ ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ । ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ ।੧।ਰਹਾਉ।

    (ਹੇ ਭਾਈ !) ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ । (ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਇਸ ਜੀਵਨ ਵਿਚ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ । (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ)। ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕ੍ਰੋਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ) ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ (ਅਗੇ ਇਸ ਜੀਵਨ ਵਿਚ ) ਤੁਰ ਪੈਂਦੇ ਹਨ ।੨।

    ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ) । ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ) । ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ ।੩।

    ਪ੍ਰਭੂ ਦੇ ਹੁਕਮ ਵਿਚ ਇਸ ਜੀਵਨ ਦੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਸੰਤ ਜਨ ( ਗੁਰੂ ਦੇ ਦਾਸ) ਅਪਾਰ ਪ੍ਰਭੂ ਦੀ ਜੋਤਿ ਨਾਲ ਮਿਲ ਕੇ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ ਵੱਸਦੇ ਹਨ (ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ, ਤੇ, ਹੇ ਨਾਨਕ ! (ਉਹਨਾਂ ਸੰਤ ਜਨਾਂ ਨੂੰ, ਭਾਵ ਗੁਰੂ ਦੇ ਦਾਸਾਂ ਨੂੰ ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ ।੪।੫।

    ਨੋਟ :—ਇਸ ਸ਼ਬਦ ਦੇ ਸਿਰਲੇਖ ਨੂੰ ਧਿਆਨ ਨਾਲ ਪੜ੍ਹਨ ਦੀ ਲੋੜ ਹੈ । ਲਫ਼ਜ਼ "ਦਖਣੀ" ਨੂੰ 'ਗਉੜੀ' ਦੇ ਨਾਲ ਵਰਤਣਾ ਹੈ । ਰਾਗਣੀ 'ਗਉੜੀ' ਦੀ "ਦਖਣੀ" ਕਿਸਮ ਹੈ । ਇਸੇ ਤਰ੍ਹਾਂ ਪੰਨਾ ੯੨੯ ਉੱਤੇ ਸਿਰਲੇਖ ਹੈ "ਰਾਮਕਲੀ ਮਹਲਾ ੧ ਦਖਣੀ    ਓਅੰਕਾਰੁ" । ਇਥੇ ਭੀ ਲਫ਼ਜ਼ "ਦਖਣੀ" ਨੂੰ ਲਫ਼ਜ਼ "ਰਾਮਕਲੀ" ਦੇ ਨਾਲ ਵਰਤਣਾ ਹੈ । ਬਾਣੀ ਦਾ ਨਾਮ ਹੈ "ਓਅੰਕਾਰੁ" । "ਦਖਣੀ ਓਅੰਕਾਰੁ" ਆਖਣਾ ਗ਼ਲਤ ਹੈ । (ਪੰਨਾ ੧੫੨ - ੧੫੩)

    Back to previous page

Akali Singh Services and History | Sikhism | Sikh Youth Camp Programs | Punjabi and Gurbani Grammar | Home