ਮੱਥੇ ਦੇ ਲਿਖੇ ਭਾਗ - ਵੀਰ ਭੁਪਿੰਦਰ ਸਿੰਘ ਦੀ ਪੁਸਤਕ "ਮੁਕਤੀ " ਵਿੱਚੋਂ
ਆਓ ! ਇਸ ਵਿਸ਼ੇ ਨਾਲ ਸੰਬੰਧਤ ਕੁਝ ਗੁਰਬਾਣੀ ਸ਼ਬਦਾਂ ਨੂੰ ਵਿਚਾਰੀਏ :-
ਮਾਰੂ ਮਹਲਾ ੧ ਘਰੁ ੧।।
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ।। ਜਿਉ ਜਿਉ ਕਿਰਤੁ ਚਲਾਏ ਤਿਉਂ ਚਲੀਐ ਤਉ ਗੁਣ ਨਾਹੀ ਅੰਤੁ ਹਰੇ।।੧।। ਚਿਤ ਚੇਤਸਿ ਕੀ ਨਹੀ ਬਾਵਰਿਆ ॥ ਹਰਿ ਬਿਸਰਤ ਤੇਰੇ ਗੁਣ ਗਲਿਆ।।੧।।ਰਹਾਉ।। ਜਾਲੀ ਰੈਨਿ ਜਾਲੁ ਦਿਨੁ ਹੂਆ ਜੇਤੀਂ ਘੜੀਂ ਫਾਹੀ ਤੇਤੀਂ।। ਰਸਿ ਰਸਿ ਚੋਗ ਚੁਗਹਿਂ ਨਿਤ ਫਾਸਹਿਂ ਛੂਟਸਿ ਮੂੜੇ ਕਵਨ ਗੁਣੀਂ।।੨।। ਕਾਇਆ ਆਰਣੁ ਮਨੁ ਵਿੱਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ।। ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ।।੩।। ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ।। ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ ਤਉ ਨਾਨਕ ਤ੍ਰਿਸਟਸਿ ਦੇਹਾ।।੪।।੩।। (ਗੁਰੂ ਗ੍ਰੰਥ ਸਾਹਿਬ, ਪੰਨਾ : 990)
ਪਦ ਅਰਥ :- ਕਰਣੀ- ਆਚਰਨ । ਕਾਗਦੁ- ਕਾਗ਼ਜ਼ । ਮਸੁ- ਸਿਆਹੀ । ਮਸਵਾਣੀ- ਦਵਾਤ । ਪਏ- ਪੈ ਜਾਂਦੇ ਹਨ, ਲਿਖੇ ਜਾਂਦੇ ਹਨ । ਦੁਇ - ਦੋ ਕਿਸਮ ਦੇ । ਕਿਰਤੁ- ਕੀਤਾ ਹੋਇਆ ਕੰਮ, ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਜੋ ਸਾਡੇ ਸੁਭਾਵ ਦਾ ਰੂਪ ਧਾਰ ਲੈਂਦਾ ਹੈ) । ਤਉ ਗੁਣ ਅੰਤੁ- ਤੇਰੇ ਗੁਣਾਂ ਦਾ ਅੰਤ । ਹਰੇ- ਹੇ ਹਰੀ ! ।1।
ਚਿਤ- ਹੇ ਚਿੱਤ ! ਚਿਤ ਬਾਵਰਿਆ- ਹੇ ਕਮਲੇ ਚਿੱਤ ! ਚੇਤਿਸ ਕੀ ਨਹੀ --- ਤੈਨੂੰ ਉਸ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਣ ਦੀ ਨਹੀਂ। ਬਿਸਰਤ- ਵਿਸਾਰਦਿਆਂ । ਗਲਿਆ- ਗਲ ਰਹੇ ਹਨ, ਘਟ ਰਹੇ ਹਨ ।1।ਰਹਾਉ।
ਰੈਨਿ- ਰਾਤ । ਜੇਤੀ ਘੜੀ- ਜਿਤਨੀਆਂ ਭੀ ਘੜੀਆਂ ਹਨ ਉਮਰ ਦੀਆਂ । ਤੇਤੀ- ਉਹ ਸਾਰੀਆਂ । ਰਸਿ- ਰਸ ਨਾਲ, ਸੁਆਦ ਨਾਲ । ਚੁਗਹਿ- ਤੂੰ ਚੁਗਦਾ ਹੈਂ । ਫਾਸਹਿ - ਤੂੰ ਫਸਦਾ ਹੈਂ । ਮੂੜੇ- ਹੇ ਮੂਰਖ ! ।2।
ਆਰਣੁ- ਭੱਠੀ । ਵਿੱਚਿ -(ਇਸ ਕਾਇਆਂ) ਵਿੱਚ (ਨੋਟ :- ਲਫ਼ਜ਼ ‘ਵਿੱਚਿ’ ਦਾ ਸੰਬੰਧ ਲਫ਼ਜ਼ ‘ਮਨੁ’ ਦੇ ਨਾਲ ਨਹੀਂ ਹੈ; ਜੇ ਹੁੰਦਾ ਤਾਂ ਲਫ਼ਜ਼ ‘ਮਨੁ’ ਦਾ ਜੋੜ ‘ਮਨ’ ਹੋ ਜਾਂਦਾ) । ਪੰਚ ਅਗਨਿ- ਕਾਮਾਦਿਕ ਪੰਜ ਅੱਗਾਂ । ਤਿਤੁ- ਉਸ ਕਾਇਆਂ - ਭੱਠੀ ਵਿੱਚ । ਤਿਸੁ ਊਪਰਿ - ਉਸ ਭੱਠੀ ਉਤੇ । ਸੰਨ੍ਹੀ -- ਜੋ ਲੋਹੇ ਨੂੰ ਫੜ ਕੇ ਲੋਹੇ ਦੇ ਪਾਸੇ ਮੋੜਦੀ ਹੈ । ਚਿੰਤ- ਚਿੰਤਾ ।3।
ਮਨੂਰੁ - ਸੜਿਆ ਹੋਇਆ ਲੋਹਾ । ਕੰਚਨੁ - ਸੋਨਾ । ਤਿਨੇਹਾ - ਉਹੋ ਜਿਹਾ (ਜੋ ਮਨੂਰ ਤੋਂ ਕੰਚਨ ਕਰ ਸਕੇ) । ਅੰਮ੍ਰਿਤੁ - ਅਮਰ ਕਰਨ ਵਾਲਾ, ਆਤਮਕ ਜੀਵਨ ਦੇਣ ਵਾਲਾ । ਤ੍ਰਿਸਟਸਿ - ਟਿਕ ਜਾਂਦਾ ਹੈ । ਦੇਹਾ - ਸਰੀਰ ।4।
ਅਰਥ :- ਹੇ ਹਰੀ ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ (ਤੂੰ ਅਚਰਜ ਖੇਡ ਰਚੀ ਹੈ ਕਿ ਤੇਰੀ ਕੁਦਰਤਿ ਵਿੱਚ ਜੀਵਾਂ ਦਾ) ਆਚਰਨ, ਮਾਨੋ, ਕਾਗ਼ਜ਼ ਹੈ, ਮਨ ਦਵਾਤ ਹੈ (ਉਸ ਬਣ ਰਹੇ ਆਚਰਨ-ਕਾਗ਼ਜ਼ ਉਤੇ ਮਨ ਦੇ ਸੰਸਕਾਰਾਂ ਦੀ ਸਿਆਹੀ ਨਾਲ) ਚੰਗੇ ਮੰਦੇ (ਨਵੇਂ) ਲੇਖ ਲਿਖੇ ਜਾ ਰਹੇ ਹਨ (ਭਾਵ, ਮਨ ਵਿੱਚ ਹੁਣ ਤਕ ਦੇ ਇਕੱਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੀਵ ਜੇਹੜੇ ਨਵੇਂ ਚੰਗੇ ਮੰਦੇ ਕੰਮ ਕਰਦੇ ਹਨ, ਉਹ ਕੰਮ ਆਚਰਨ-ਰੂਪ ਕਾਗ਼ਜ਼ ਉਤੇ ਨਵੇਂ, ਚੰਗੇ ਮੰਦੇ ਸੰਸਕਾਰ ਉੱਕਰਦੇ ਜਾਂਦੇ ਹਨ) । (ਇਸ ਤਰ੍ਹਾਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ-ਰੂਪ ਸੁਭਾਉ, ਜਿਉਂ ਜਿਉਂ ਜੀਵਾਂ ਨੂੰ ਪ੍ਰੇਰਦਾ ਹੈ, ਤਿਵੇਂ ਤਿਵੇਂ ਹੀ ਉਹ ਜੀਵਨ-ਰਾਹ ਤੇ ਤੁਰ ਸਕਦੇ ਹਨ ।1।
ਹੇ ਕਮਲੇ ਮਨ ! ਤੂੰ ਪਰਮਾਤਮਾ ਨੂੰ ਕਿਉਂ ਯਾਦ ਨਹੀਂ ਕਰਦਾ ? ਜਿਉਂ ਜਿਉਂ ਤੂੰ ਪਰਮਾਤਮਾ ਨੂੰ ਵਿਸਾਰ ਰਿਹਾ ਹੈਂ, ਤਿਉਂ ਤਿਉਂ ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ।1।ਰਹਾਉ।
(ਹੇ ਮਨ-ਪੰਛੀ ! ਪਰਮਾਤਮਾ ਨੂੰ ਵਿਸਾਰਨ ਨਾਲ ਤੇਰੀ ਜ਼ਿੰਦਗੀ ਦਾ ਹਰੇਕ) ਦਿਨ ਤੇ ਹਰੇਕ ਰਾਤ (ਤੈਨੂੰ ਮਾਇਆ ਵਿੱਚ ਫਸਾਣ ਲਈ) ਜਾਲ ਦਾ ਕੰਮ ਦੇ ਰਿਹਾ ਹੈ, ਤੇਰੀ ਉਮਰ ਦੀਆਂ ਜਿਤਨੀਆਂ ਭੀ ਘੜੀਆਂ ਹਨ ਉਹ ਸਾਰੀਆਂ ਹੀ (ਤੈਨੂੰ ਫਸਾਣ ਹਿਤ) ਫਾਹੀ ਬਣਦੀਆਂ ਜਾ ਰਹੀਆਂ ਹਨ । ਤੂੰ ਬੜੇ ਸੁਆਦ ਲੈ ਲੈ ਕੇ ਵਿਕਾਰਾਂ ਦੀ ਚੋਗ ਚੁਗ ਰਿਹਾ ਹੈਂ ਤੇ ਵਿਕਾਰਾਂ ਵਿੱਚ ਹੋਰ ਹੋਰ ਸਦਾ ਫਸਦਾ ਜਾ ਰਿਹਾ ਹੈਂ, ਹੇ ਮੂਰਖ ਮਨ ! ਇਹਨਾਂ ਵਿੱਚੋਂ ਕੇਹੜੇ ਗੁਣਾਂ ਦੀ ਮਦਦ ਨਾਲ ਖ਼ਲਾਸੀ ਹਾਸਲ ਕਰੇਂਗਾ ? ।2।
ਮਨੁੱਖ ਦਾ ਸਰੀਰ, ਮਾਨੋ, (ਲੋਹਾਰ ਦੀ) ਭੱਠੀ ਹੈ, ਉਸ ਭੱਠੀ ਵਿੱਚ ਮਨ, ਮਾਨੋ, ਲੋਹਾ ਹੈ ਤੇ ਉਸ ਉਤੇ ਕਾਮਾਦਿਕ ਪੰਜ ਅੱਗਾਂ ਬਲ ਰਹੀਆਂ ਹਨ, (ਕਾਮਾਦਿਕ ਦੀ ਤਪਸ਼ ਨੂੰ ਤੇਜ਼ ਕਰਨ ਲਈ) ਉਸ ਉਤੇ ਪਾਪਾਂ ਦੇ (ਭਖਦੇ) ਕੋਲੇ ਪਏ ਹੋਏ ਹਨ, ਮਨ (ਇਸ ਅੱਗ ਵਿੱਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵਲੋਂ ਸਾੜਨ ਵਿੱਚ ਮਦਦ ਦੇ ਰਹੀ ਹੈ) ।3।
ਪਰ ਹੇ ਨਾਨਕ ! ਜੇ ਸਮਰੱਥ ਗੁਰੂ ਮਿਲ ਪਏ ਤਾਂ ਉਹ ਸੜ ਕੇ ਨਿਕੰਮਾ ਲੋਹਾ ਹੋ ਚੁਕੇ ਮਨ ਨੂੰ ਭੀ ਸੋਨਾ ਬਣਾ ਦੇਂਦਾ ਹੈ । ਉਹ ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਨਾਮ ਦੇਂਦਾ ਹੈ ਜਿਸ ਦੀ ਬਰਕਤਿ ਨਾਲ ਸਰੀਰ ਟਿਕ ਜਾਂਦਾ ਹੈ (ਭਾਵ, ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।4।3।
ਪਦਾ ਰਹਾਉ:- ਚਿਤ ਚੇਤਸਿ ਕੀ ਨਹੀ ਬਾਵਰਿਆ।। ਹਰਿ ਬਿਸਰਤ ਤੇਰੇ ਗੁਣ ਗਲਿਆ ।।1।। ਰਹਾਉ ।।
ਭਾਵ ਅਰਥ :- ਐ ਬਾਵਰੇ ਮਨੁੱਖ, ਤੂੰ ਕਿਉਂ ਰੱਬ ਨੂੰ ਵਿਸਾਰ ਕੇ ਮਨਮੁਖਤਾ ਵਾਲੇ ਕਰਮ ਕਰ ਰਿਹਾ ਹੈਂ, ਐਸੇ ਕਰਮਾਂ ਕਾਰਨ ਤੇਰੇ ਅੰਦਰੋਂ ਚੰਗੇ ਗੁਣ ਘਟਦੇ (ਗਲਦੇ) ਜਾ ਰਹੇ ਹਨ।
ਪਦਾ ਪਹਿਲਾ:- ਕਰਣੀ ਕਾਗਦ........ ਨਾਹੀ ਅੰਤੁ ਹਰੇ।।੧।।
ਮਨੁੱਖ ਦਾ ਆਚਰਨ ‘ਕਾਗਜ਼’ ਹੈ ਅਤੇ ਮਨ ਦਵਾਤ ਹੈ। ਉਸ ਬਣ ਰਹੇ ਆਚਰਨ (ਕਾਗਜ਼) ਉਤੇ ਮਨ ਦੇ ਸੰਸਕਾਰਾਂ (ਸਿਆਹੀ) ਨਾਲ ਮਨੁੱਖ ਆਪ ਹੀ ਚੰਗੇ ਮੰਦੇ ਲੇਖ ਲਿਖਦਾ ਹੈ। ਮਨੁੱਖ ਆਪਣੇ ਮਨ ਵਿੱਚ, ਹੁਣ ਤਕ ਦੇ ਇੱਕਠੇ ਹੋਏ ਸੰਸਕਾਰਾਂ ਦੀ ਪ੍ਰੇਰਨਾ ਨਾਲ ਜੋ ਖਿਆਲ, ਸੋਚਣੀ ਬਣਾਉਂਦਾ ਜਾਂ ਕੰਮ (ਚੰਗੇ/ਮੰਦੇ) ਕਰਦਾ ਹੈ ਉਹੋ ਮਨੁੱਖ ਦੇ ਆਚਰਨ ਰੂਪੀ ਕਾਗਜ਼ ਉਤੇ ਉਕਰਦੇ (print) ਜਾਂਦੇ ਹਨ। ਸੋ ਇਹ ਵਾਲੇ, ਹੁਣ ਤਕ ਦੇ ਕੀਤੇ ਕਰਮਾਂ ਨੂੰ ‘ਪਿਛਲੇ ਕਰਮ’ ਜਾਂ ‘ਪੂਰਬਲੇ ਕਰਮ’ ਕਹਿੰਦੇ ਹਨ। ਇਹ ਇਸ ਜੀਵਨ ਵਿੱਚ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨਾਲ ਬਣਿਆ ਸੁਭਾਅ ਜਿਉਂ-ਜਿਉਂ ਮਨੁੱਖ ਨੂੰ ਪ੍ਰੇਰਦਾ ਹੈ ਤਿਵੇਂ-ਤਿਵੇਂ ਹੀ ਉਹ ਮਨੁੱਖ, ਆਪਣੇ ਜੀਵਨ ਰੂਪੀ ਰਸਤੇ ’ਤੇ ਤੁਰਦਾ ਹੈ। ਮਨੁੱਖ ਦੇ ਚੰਗੇ ਜਾਂ ਮੰਦੇ ਗੁਣਾਂ ਦੀ ਪੜਚੋਲ ਤਾਂ ਹੋ ਸਕਦੀ ਹੈ ਪਰ ਰੱਬ ਜੀ, ਆਪ ਜੀ ਦੇ ਗੁਣ ਬੇਅੰਤ ਹਨ, ਉਨ੍ਹਾਂ ਦਾ ਅੰਤ ਨਹੀਂ ਪਾ ਸਕਦੇ। ਆਪਣੇ ਗੁਣ, ਅਵਗੁਣ, ਚੰਗੇ-ਮੰਦੇ ਕਰਮਾਂ ਦੀ ਪਰਖ ਮਨੁੱਖ ਰੱਬੀ ਗੁਣਾਂ ਦੀ ਕਸਵਟੀ ’ਤੇ ਕਰ ਸਕਦਾ ਹੈ।
ਪਦਾ ਦੂਜਾ:- ਜਾਲੀ ਰੈਨਿ ਜਾਲੁ..... ਮੂੜੇ ਕਵਨ ਗੁਣੀ।।੨।।
ਐ ਮਨੁੱਖ ਤੇਰਾ ਪੰਛੀ ਰੂਪੀ ਮਨ ਪਲ ਭਰ ਦੇ ਸੁੱਖਾਂ ਕਾਰਨ ਦਿਨ-ਰਾਤ, ਪਲ-ਪਲ, ਵਿਕਾਰਾਂ ਨੂੰ ਮਿੱਠਾ-ਮਿੱਠਾ, ਚੰਗਾ-ਚੰਗਾ ਸਮਝ ਕੇ, ਉਨ੍ਹਾਂ ਦਾ ਚੋਗਾ ਚੁਗ ਰਿਹਾ ਹੈ ਅਤੇ ਆਪਣੇ ਹੀ ਬੁਣੇ ਹੋਏ ਜਾਲ ਵਿੱਚ ਫਸਦਾ ਜਾ ਰਿਹਾ ਹੈ। ਵਿਕਾਰਾਂ ਵਿੱਚ ਫਸੇ ਹੇ ਮਨੁੱਖ, ਜ਼ਰਾ ਸੋਚ ਤੂੰ ਕਿਹੜੇ ਗੁਣਾਂ ਨਾਲ, ਕਿਹੜੀ ਜੁਗਤੀ (technique) ਨਾਲ ਇਸ ਜਾਲ ਤੋਂ ਛੁਟ ਸਕਦਾ ਹੈਂ ?
ਪਦਾ ਤੀਜਾ:- ਕਾਇਆ ਆਰਣੁ .... ਚਿੰਤ ਭਈ।।੩।।
ਐ ਮਨੁੱਖ, ਤੇਰਾ ਸਰੀਰ ਲੋਹਾਰ ਦੀ ਭੱਠੀ ਵਾਂਗੂੰ ਹੈ। ਉਸ ਭੱਠੀ ’ਚ ਤੇਰਾ ਮਨ ਲੋਹੇ ਵਾਂਗੂੰ ਪਿਆ ਹੈ। ਤੂੰ ਮਨ ਰੂਪੀ ਲੋਹੇ ਉਤੇ ਵਿਕਾਰਾਂ ਦੀ ਅੱਗ ਤਪਾਈ ਹੋਈ ਹੈ। ਉਸ ਅੱਗ ਨੂੰ ਘਟਾਉਣਾ ਸੀ, ਕਾਬੂ ਕਰਨਾ ਸੀ ਪਰ ਤੂੰ ਤਾਂ ਉਸ ਅੱਗ ’ਚ ਹੋਰ ਮਾੜੇ ਕਰਮਾਂ/ ਖਿਆਲਾਂ ਦੇ ਕੋਲੇ ਪਾ-ਪਾ ਕੇ, ਅੱਗ ਭਖਾਈ (ਵਧਾਈ) ਜਾ ਰਿਹਾ ਹੈਂ। ਭਾਵ ਤੇਰੀਆਂ ਇੰਦ੍ਰੀਆਂ ਵਿਕਾਰਾਂ ਕਾਰਨ ਤੈਨੂੰ ਮਾੜੇ ਕਰਮਾਂ ਲਈ ਪ੍ਰੇਰਦੀਆਂ ਹਨ। ਐ ਮਨੁੱਖ, ਵਿਚਾਰ ਕਿ ਤੇਰਾ ਮਨ, ਇਸ ਤਪਸ਼ (ਵਿਕਾਰਾਂ ਦੀ ਭੱਠੀ) ’ਚ ਸੜ ਰਿਹਾ ਹੈ ਤੇ ਉੱਪਰੋਂ ਚਿੰਤਾ ਰੂਪੀ ਸੰਨ੍ਹੀ ਵੀ ਚੋਭਾਂ ਮਾਰ-ਮਾਰ ਕੇ ਹੋਰ ਦੁਖੀ ਕਰ ਰਹੀ ਹੈ।
ਪਦਾ ਚਉਥਾ:- ਭਇਆ ਮਨੂਰੁ..... ਤ੍ਰਿਸਟਸਿ ਦੇਹਾ।।੪।।੩।।
ਸਤਿਗੁਰ (ਸੱਚ ਦੇ ਆਤਮਕ ਗਿਆਨ) ਰਾਹੀਂ ਮਨੁੱਖ ਹਰ ਮੁਸ਼ਕਲ ਦਾ ਹਲ ਲੱਭ ਸਕਦਾ ਹੈ। ਸੋ ਜਿਸ ਮਨੁੱਖ ਦਾ ਮਨ ਇਹ ਮਹਿਸੂਸ ਕਰ ਲੈਂਦਾ ਹੈ ਕਿ ਉਹ ਮੈਲਾ ਹੈ ਭਾਵ ਮੁਸ਼ਕਲ ਵਿੱਚ ਹੈ, ਵਿਕਾਰਾਂ ਰਾਹੀਂ ਅਵਗੁਣਾਂ ’ਚ ਖੱਚਤ ਹੈ ਤਾਂ ਉਹ ਆਪਣੀ ਆਤਮਕ ਜੀਵਨੀ ਲਈ ਸਤਿਗੁਰ ਰਾਹੀਂ ਉਦਮ ਕਰ ਸਕਦਾ ਹੈ, ਫਿਰ ਮਨੁੱਖ ਵਿਕਾਰਾਂ ਤੋਂ ਆਪਣੇ ਆਪ ਨੂੰ ‘ਜਿਊਂਦਿਆਂ ਮੁਕਤ’ ਕਰਨ ਵਿੱਚ ਸਫਲ ਹੋ ਜਾਂਦਾ ਹੈ।
ਟੋਡੀ ਮ: ੪ ਘਰ ੧।। ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ।। ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ।।੧।।ਰਹਾਉ।। ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ।। ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ।।੧।। ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ।। ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ।।੨।। ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ।। ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ।।੩।। ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ।। ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ।।੪।।੧।। (ਗੁਰੂ ਗ੍ਰੰਥ ਸਾਹਿਬ, ਪੰਨਾ : 711)
ਪਦ ਅਰਥ :-ਮੇਲੇ-(ਜਿਸ ਨੂੰ) ਮਿਲਾ ਦੇਂਦਾ ਹੈ । ਬਹੁਰਿ-ਮੁੜ । ਭਵਜਲਿ-ਸੰਸਾਰ-ਸਮੁੰਦਰ ਵਿੱਚ ।1।ਰਹਾਉ।
ਹੀਅਰੈ-ਹਿਰਦੇ ਵਿੱਚ । ਲੋਚ-ਤਾਂਘ । ਕੇਰੀ-ਦੀ । ਨੈਨਹੁ-ਅੱਖਾਂ ਨਾਲ । ਹੇਰਾ-ਹੇਰਾਂ, ਮੈਂ ਵੇਖਾਂ । ਸਤਿਗੁਰਿ-ਗੁਰੂ ਨੇ । ਦਇਆਲਿ-ਦਇਆਲ ਨੇ । ਦ੍ਰਿੜਾਇਆ-ਹਿਰਦੇ ਵਿੱਚ ਪੱਕਾ ਕਰ ਦਿੱਤਾ । ਪਾਧਰੁ-ਪੱਧਰਾ ਰਾਹ । ਕੇਰਾ-ਦਾ, ਮਿਲਣ ਦਾ ।1।
ਰੰਗੀ-ਅਨੇਕਾਂ ਰੰਗਾਂ-ਕੌਤਕਾਂ ਦਾ ਮਾਲਕ । ਮਨਿ-ਮਨ ਵਿੱਚ । ਤਨਿ-ਤਨ ਵਿੱਚ । ਮੁਖਿ-ਮੂੰਹ ਉੱਤੇ । ਮਸਤਕਿ-ਮੱਥੇ ਉੱਤੇ ।2।
ਓਇ-{ਲਫ਼ਜ਼ ‘ਓਹ’ ਤੋਂ ਬਹੁ-ਵਚਨ} । ਮਨਮੁਖ-ਆਪਣੇ ਮਨ ਦੇ ਪਿੱਛੇ ਤੁਰਨ ਵਾਲੇ । ਮੂੜ-ਮੂਰਖ । ਕਹੀਅਹਿ-ਆਖੇ ਜਾਂਦੇ ਹਨ । ਅਗਿਆਨੀ-ਆਤਮਕ ਜੀਵਨ ਵਲੋਂ ਬੇ-ਸਮਝ ।3।
ਬਿਬੇਕ ਬੁਧਿ-(ਚੰਗੇ ਮੰਦੇ ਦੀ) ਪਰਖ ਕਰਨ ਵਾਲੀ ਅਕਲ । ਤੇ-ਤੋਂ, ਪਾਸੋਂ । ਗਿਆਨੁ-ਆਤਮਕ ਜੀਵਨ ਦੀ ਸੂਝ । ਧੁਰਿ-ਧੁਰ ਦਰਗਾਹ ਤੋਂ । ਲਿਖੇਰਾ-ਲਿਖਿਆ ਹੋਇਆ ।4।
ਅਰਥ :-ਹੇ ਭਾਈ ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ । ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿੱਚ ਮੁੜ ਨਹੀਂ ਆਉਣਾ ਪੈਂਦਾ ।1।ਰਹਾਉ।
ਹੇ ਭਾਈ ! ਮੇਰੇ ਹਿਰਦੇ ਵਿੱਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ । ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ-ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ ।1।
ਹੇ ਭਾਈ ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿੱਚ, ਉਸ ਦੇ ਮਨ ਵਿੱਚ ਸਰੀਰ ਵਿੱਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ ।2।
ਪਰ, ਹੇ ਭਾਈ ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿੱਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ । ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ) ।3।
ਹੇ ਦਾਸ ਨਾਨਕ ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ।4।1।
ਇਸ ਸ਼ਬਦ ਦੇ ਭਾਵ ਅਰਥਾਂ ਨੂੰ ਵਿਚਾਰ ਕੇ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ, ਕਿਤਨੇ ਸੌਖੇ ਅਤੇ ਸਾਦੇ ਢੰਗ ਨਾਲ ਸਮਝਾਇਆ ਹੈ ਕਿ ‘‘ਮਨੁੱਖ ਚੰਗੇ ਜਾਂ ਮੰਦੇ ਲੇਖ ਆਪਣੇ ਮੱਥੇ ’ਤੇ ਆਪ ਲਿਖਦਾ ਹੈ।’’
ਪਦਾ ਰਹਾਉ :- ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ।। ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ।।੧।।ਰਹਾਉ।।
ਮੇਰਾ ਮਨ ਪ੍ਰਭੂ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਕਿਉਂਕਿ ਪ੍ਰਭੂ ਪ੍ਰੀਤਮ ਨੇ ਮੈਨੂੰ ਗਿਆਨ-ਗੁਰੂ (ਸਤਿਗੁਰ divine wisdom) ਨਾਲ ਮਿਲਾ ਦਿੱਤਾ ਹੈ, ਜਿਸ ਕਾਰਨ ਮੈਨੂੰ, ਮੇਰੇ ਜੀਵਨ ’ਚ ਜਿਊਂਦਿਆਂ ਜੀਅ ਵਿਕਾਰਾਂ ਦੇ ਭਵਜਲ ’ਚ ਡੁਬਣਾ ਨਹੀਂ ਪੈਂਦਾ (ਫੇਰਾ ਭਾਵ ਵਿਕਾਰਾਂ ਦੀਆਂ ਲਹਿਰਾਂ ਵਿੱਚ ਮੁੜ-ਮੁੜ ਨਹੀਂ ਪੈਣਾ ਪੈਂਦਾ)।
ਪਦਾ ਪਹਿਲਾ:- ਮੇਰੈ ਹੀਅਰੈ .......... ਪ੍ਰਭ ਕੇਰਾ।।੧।।
ਮੇਰੇ ਹਿਰਦੇ ’ਚ ਪਿਆਸ ਲਗੀ ਰਹਿੰਦੀ ਸੀ ਕਿ ਪ੍ਰਭੂ ਜੀ ਨੂੰ ‘ਆਤਮਕ ਅਖਾਂ’ ਨਾਲ ਵੇਖਾਂ। ਪ੍ਰਭੂ ਜੀ ਨਾਲ ਇਕਮਿਕਤਾ ਦੀ ਅਵਸਥਾ ਲਈ ਮੈਨੂੰ, ਸਤਿਗੁਰ (ਸੱਚ ਦੇ ਆਤਮਕ ਗਿਆਨ, divine wisdom) ਰਾਹੀਂ, ਜੀਵਨ ਜਾਚ ਦਾ ਪਧਰਾ ਰਸਤਾ (ਪਾਧਰੁ) ਸਮਝ ਪੈ ਗਿਆ ਹੈ। ਹੁਣ ਆਤਮਕ ਰੂਪ ’ਚ ਮੈਂ ਹਰ ਵੇਲੇ ਰੱਬੀ ਇਕਮਿਕਤਾ ਮਾਣ ਸਕਦਾ ਹਾਂ। ਇਸ ਪਦੇ ਵਿੱਚ ਪੰਜਵੇਂ ਪਾਤਸ਼ਾਹ ਉੱਚੀ ਆਤਮਕ, ਰੱਬੀ ਇਕਮਿਕਤਾ ਦੀ ਅਵਸਥਾ ਬਿਆਨ ਕਰ ਰਹੇ ਹਨ।
ਪਦਾ ਦੂਜਾ:- ਹਰਿ ਰੰਗੀ..... ਭਾਗੁ ਚੰਗੇਰਾ।।੨।।
ਹਰੀ ਦੇ ਰੰਗ ’ਚ ਰੰਗੇ ਮਨੁੱਖਾਂ ਦੀ ਸੁਰਤ ਜਦੋਂ ਉਨ੍ਹਾਂ ਦੇ ਮਨ ਨੂੰ ਰੱਬੀ ਗੁਣਾਂ ਵਲ ਪ੍ਰੇਰਦੀ ਹੈ ਤਾਂ ਹਰੀ ਦੀ ਰਜ਼ਾ ਵਿੱਚ ਜਿਊਣ ਦੀ ਸਮਝ ਪੈਂਦੀ ਜਾਂਦੀ ਹੈ, ਨਤੀਜਤਨ ਉਹ ਸਤਿਗੁਰ ਅਧੀਨ ਰੱਬੀ ਗੁਣਾਂ ਨਾਲ ਇਕਮਿਕ ਹੋ ਕੇ ਜਿਊਣ ਲੱਗ ਪੈਂਦੇ ਹਨ। ਐਸੀ ਅਮਲੀ ਜੀਵਨੀ ਜਿਊਣ ਲਈ ਉਨ੍ਹਾਂ ਮਨੁੱਖਾਂ ਨੇ ਸੱਚ ਦੇ ਰਾਹ ’ਤੇ ਤੁਰਨ ਦੀ ਜੋ ਸੱਚੇ ਦਿਲ ਨਾਲ ਮਿਹਨਤ ਕੀਤੀ ਹੈ ਇਹੋ ‘‘ਮਸਤਕਿ ਭਾਗੁ ਚੰਗੇਰਾ’’ ਦੀ ਲਖਾਇਕ ਹੈ।
ਪਦਾ ਤੀਜਾ:- ਲੋਭ ਵਿਕਾਰ.... ਭਾਗੁ ਮੰਦੇਰਾ।।੩।।
ਜੋ ਮਨੁੱਖ ਰੱਬੀ ਪਿਆਰ, ਰੱਬੀ ਰੰਗ ਨੂੰ (ਰੱਬੀ ਗੁਣਾਂ ਨੂੰ) ਛੱਡ ਕੇ, ਆਪਣੇ ਮਨ ਅਧੀਨ (ਪਿਛੇ) ਤੁਰਦੇ ਹਨ, ਉਹ ਰੱਬ ਜੀ ਨੂੰ ਵਿਸਾਰ ਕੇ, ਲੋਭ ਵਿੱਚ ਖੱਚਤ ਅਵਗੁਣਾਂ ਭਰਪੂਰ ਜੀਵਨ ਜਿਊਣ ਕਾਰਨ ਖੁਆਰ ਹੁੰਦੇ ਰਹਿੰਦੇ ਹਨ, ਉਨ੍ਹਾਂ ਦੀ ਸੁਰਤ, ਮਤ, ਬੁਧ, ਮਨ ਅਧੀਨ ਹੋਣ ਕਾਰਨ ਉਨ੍ਹਾਂ ਨੂੰ ਮਨਮੁਖ (ਮੂੜ) ਅਗਿਆਨੀ ਕਹਿੰਦੇ ਹਨ। ਐਸਾ ਜੀਵਨ ‘ਮਸਤਕਿ ਭਾਗੁ ਮੰਦੇਰਾ’ ਦਾ ਲਖਾਇਕ ਹੈ।
ਪਦਾ ਚਉਥਾ:- ਬਿਬੇਕ ਬੁਧਿ... ਭਾਗੁ ਲਿਖੇਰਾ।।੪।।੧।।
ਜਿਨ੍ਹਾਂ ਮਨੁੱਖਾਂ ਨੇ ਚੰਗੇ ਅਤੇ ਮੰਦੇ ਕਰਮਾਂ ਦੀ ਪਛਾਣ ਕਰਨ ਵਾਲੀ ਸੋਝੀ (ਬਿਬੇਕ ਬੁੱਧ), ਸੱਚੇ ਗਿਆਨ ਰਾਹੀਂ ਪ੍ਰਾਪਤ ਕੀਤੀ ਹੈ, ਉਨ੍ਹਾਂ ਦਾ ਜੀਵਨ ਰੱਬੀ ਗੁਣਾਂ ਭਰਪੂਰ ਅਤੇ ਰੱਬੀ ਇਕਮਿਕਤਾ ਵਾਲਾ ਬਣ ਗਿਆ ਹੈ। ਇਸੇ ਅਮਲੀ ਜੀਵਨ ਦੀ ਪ੍ਰਾਪਤੀ ‘‘ਧੁਰਿ ਮਸਤਕਿ ਭਾਗੁ ਲਿਖੇਰਾ’’ ਦੀ ਲਖਾਇਕ ਹੈ। ਬਿਬੇਕ ਬੁੱਧ ਅਨੁਸਾਰ ਅਮਲੀ ਜੀਵਨੀ ਜਿਊਣਾ ‘ਰੱਬੀ ਨਾਮੁ’ ਦਾ ਪ੍ਰਤੀਕ ਹੈ।
ਜੇ ਸਤਿਗੁਰ (ਗਿਆਨ-ਗੁਰੂ, divine wisdom) ਅਨੁਸਾਰ ਚੰਗੇ ਗੁਣਾਂ ਵਾਲਾ ਜੀਵਨ ਬਣ ਰਿਹਾ ਹੈ ਤਾਂ ਸਮਝੋ ਮਨੁੱਖ ‘ਭਾਗ ਚੰਗੇਰੇ’ ਲਿਖ ਰਿਹਾ ਹੈ। ਜੇ ਮਨੁੱਖ ਸਤਿਗੁਰ ਨੂੰ ਵਿਸਾਰ ਕੇ ਵਿਕਾਰਾਂ ’ਚ ਖੱਚਤ, ਅਵਗੁਣ ਭਰਪੂਰ ਜੀਵਨੀ ਪਸੰਦ ਕਰਦਾ ਹੈ ਤਾਂ ਸਮਝੋ ਇਹ ‘ਭਾਗ ਮੰਦੇਰਾ’ ਮਨੁੱਖ ਆਪ ਲਿਖ ਰਿਹਾ ਹੈ। ਜੇ ਸਤਿਗੁਰ (divine wisdom) ਅਨੁਸਾਰ ਬਿਬੇਕ ਬੁਧ ਪ੍ਰਾਪਤ ਹੋ ਗਈ ਤਾਂ ਸਮਝੋ ਨਿਹਚਲ, ਅਡੋਲ, ਮੁਕਤ ਜੀਵਨੀ ਹੀ ‘‘ਧੁਰਿ ਮਸਤਕਿ ਭਾਗੁ ਲਿਖੇਰਾ’’ ਦੀ ਲਖਾਇਕ ਹੈ।
ਉੱਪਰ ਕੀਤੇ ਗਏ ਕੁਝ ਸਵਾਲਾਂ ਦੇ ਹੱਲ ਲੱਭਣ ਲਈ ਨਿਮਾਣਾ ਜਿਹਾ ਜਤਨ ਕਰਦੇ ਹਾਂ।
|
Akali Singh Services and History | Sikhism | Sikh Youth Camp Programs | Punjabi and Gurbani Grammar | Home