ਗੁਰਬਾਣੀ ਵਿੱਚ ਕਰਮ ਸਿਧਾਂਤ - ਹਰਦੇਵ ਸਿੰਘ ਜੰਮੂ ਦੀ ' ਸਿੱਖੀ ਦਰਸ਼ਨ ਕਿਤਾਬ ' ਵਿੱਚੋਂ।

ਨੋਟ: ਸਿਧਾਂਤ ਉਸਨੂੰ ਹੀ ਕਿਹਾ ਜਾਂਦਾ ਹੈ ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਸਦੀਵੀਂ ਇਕੋ ਜਿਹਾ ਵਰਤੇ; ਜਿਵੇਂ ਕੁਦਰਤ ਦਾ ਸਿਧਾਂਤ ਹੈ। ਜੋ ਸਾਰੇ ਜੀਵ, ਜੰਤੂਆਂ, ਆਦਿ ਲਈ ਇਕੋ ਜਿਹਾ ਨਹੀਂ, ਉਸਨੂੰ ਸਿਧਾਂਤ ਨਹੀ ਕਿਹਾ ਜਾ ਸਕਦਾ।

ਜੀਵਨ ਪ੍ਰਗਤੀਸ਼ੀਲ ਹੈ। ਸੰਘਰਸ਼ਮਈ ਹੈ। ਆਪਣੇ ਵਾਤਾਵਰਣ ਦੇ ਨਾਲ ਸੰਬੰਧਿਤ ਹੈ। ਵਾਤਾਵਰਣ ਵਿੱਚ ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ ਜਿਨ੍ਹਾਂ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਆਪਣਾ ਜੀਵਨ ਬਿਤਾਉਂਦਾ ਹੈ। ਕੁਦਰਤ ਇੱਕ ਤੰਤਰ (System ) ਹੈ। ਇਸ ਵਿਆਪਕ ਤੰਤਰ ਵਿੱਚ ਹਰ ਚੀਜ਼ ਆਪਣੇ ਆਪ ਵਿੱਚ ਇੱਕ ਇਕਾਈ ਹੈ। ਮਨੁੱਖ ਨੇ ਇਨ੍ਹਾਂ ਚੀਜ਼ਾਂ ਨੂੰ ਸਮਝਿਆ ਹੈ ਅਤੇ ਨਾਂ ਦਿੱਤੇ ਹਨ। ਸਾਰੀਆਂ ਚੀਜ਼ਾਂ ਆਪਣੇ ਵਾਤਾਵਰਣ ਦੇ ਨਾਲ ਸੰਬੰਧਿਤ ਹਨ। ਮਨੁੱਖ ਹਵਾ ਨਾਲ, ਜ਼ਮੀਨ ਨਾਲ, ਰੌਸ਼ਨੀ ਨਾਲ ਅਤੇ ਦੂਜਿਆਂ ਜੀਵਾਂ ਨਾਲ ਸੰਬੰਧਿਤ ਹੈ। ਕਿਉਂਕਿ ਮਨੁੱਖ ਦਾ ਜੀਵਨ ਕੁਦਰਤ ਤੋਂ ਉਪਜਿਆ ਹੈ ਇਸ ਲਈ ਉਹ ਗਹਿਰੇ ਰੂਪ ਵਿੱਚ ਕੁਦਰਤ ਨਾਲ ਸੰਬੰਧਿਤ ਹੈ।

ਜਿਥੇ ਸੰਬੰਧ ਹੈ ਉਥੇ ਪ੍ਰਭਾਵ ਹੈ। ਇੱਕ ਦਾ ਦੂਸਰੇ 'ਤੇ, ਦੂਸਰੇ ਦਾ ਤੀਸਰੇ 'ਤੇ ਅਤੇ ਤੀਸਰੇ ਦਾ ਸਾਰਿਆਂ 'ਤੇ ਆਦਿ। ਕਿਉਂਕਿ ਆਪਸ ਵਿੱਚ ਸੰਬੰਧ ਹੈ ਇਸ ਲਈ ਆਪਸ ਵਿੱਚ ਪ੍ਰਭਾਵ ਵੀ ਹੈ, ਮੇਲ ਜੋਲ ( Interaction) ਵੀ ਹੈ, ਟਕਰਾਓ ਵੀ ਹੈ ਅਤੇ ਨਿਰਭਰਤਾ ( Dependency) ਵੀ ਹੈ। ਉਦਾਹਰਣ ਲਈ ਹਵਾ ਸਾਡੇ ਜੀਵਨ ਵਿੱਚ ਹੈ। ਅਸੀਂ ਹਵਾ ਤੇ ਨਿਰਭਰ ਹਾਂ। ਅਸੀਂ ਹਵਾ ਤੋਂ ਪ੍ਰਭਾਵਿਤ ਹਾਂ ਪਰ ਇਸ ਦੇ ਨਾਲ ਹੀ ਅਸੀਂ ਆਪਣੀਆਂ ਹਰਕਤਾਂ ਨਾਲ ਹਵਾ ਨੂੰ ਪ੍ਰਭਾਵਿਤ ਕਰਦੇ ਹਾਂ। ਉਸ ਨੂੰ ਦੂਸ਼ਿਤ ਕਰ ਸਕਦੇ ਹਾਂ। ਇਹੀ ਹਾਲਤ ਮਨੁੱਖ ਦੇ ਮਨੁੱਖਾਂ ਦੇ ਨਾਲ ਸੰਬੰਧਾਂ ਪ੍ਰਤੀ ਹੈ। ਇਸ ਨੂੰ ਵੀ ਥੋੜਾ ਸਮਝ ਲਈਏ। ਰਾਤ ਮੈਂ ਆਪਣੇ ਕਮਰੇ ਵਿੱਚ ਇਕਾਂਤ `ਚ ਬੈਠਾ ਹਾਂ। ਮੈਨੂੰ ਭੁੱਖ ਲਗਦੀ ਹੈ। ਮੈਂ ਉਠ ਕੇ ਫ਼੍ਰਿਜ ਵਿੱਚੋਂ ਕੇਕ ਕਢਦਾ ਹਾਂ। ਮੈਂ ਕੇਕ ਖਾ ਰਿਹਾ ਹਾਂ। ਲੇਕਿਨ ਕੇਕ ਨੂੰ ਖਾਣ ਦੀ ਕਿਰਿਆ ਦੁਆਰਾ ਮੈਂ ਕੇਕ ਖਾਣ ਸਮੇਂ ਕੇਕ ਬਨਾਉਂਣ ਅਤੇ ਕੇਕ ਵੇਚਣ ਤਕ ਦੀ ਪ੍ਰਕਿਰਿਆ ਨਾਲ ਜੁੜੇ ਸਾਰੇ ਮਨੁੱਖਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋਇਆ ਹਾਂ। ਬੜਾ ਡੂੰਘਾ ਪ੍ਰਭਾਵ ਹੈ। ਕੇਕ ਮੈਂ ਖਾਂਦਾ ਹਾਂ ਪਰ ਪ੍ਰਭਾਵਿਤ ਉਹ ਸਾਰੇ ਵੀ ਹਨ ਜਿਹੜੇ ਕਿ ਕੇਕ ਬਨਾਉਂਣ ਅਤੇ ਵੇਚਣ ਤਕ ਦੀ ਪ੍ਰਕਿਰਿਆ ਨਾਲ ਜੁੜੇ ਹਨ। ਇਹ ਕੁਦਰਤ ਦਾ ਸਿਧਾਂਤ ਹੈ, ਅਸੀਂ ਪ੍ਰਭਾਵਿਤ ਹੁੰਦੇ ਹਾਂ ਅਤੇ ਪ੍ਰਭਾਵਿਤ ਕਰਦੇ ਹਾਂ।

ਅੱਗੇ ਹੋਣ ਵਾਲੀ ਚਰਚਾ ਵਿੱਚ ਅਸੀਂ ਉਪਰਲੀਆਂ ਗੱਲਾਂ ਨੂੰ ਧਿਆਨ ਨਾਲ ਆਪਣੇ ਜ਼ਿਹਨ ਵਿੱਚ ਰੱਖਾਂ ਗੇ ਤਾਂ ਕਰਮ ਦੇ ਸਿਧਾਂਤ ਨੂੰ ਸਮਝਣ ਵਿੱਚ ਆਸਾਨੀ ਹੋਵੇਗੀ। ਕਰਮ ਦਾ ਅਰਥ ਹੈ ਕੋਈ ਕੰਮ ਕਰਨਾ। ਕਰਮ ਦੇ ਸਿਧਾਂਤ ਨੂੰ ਕਿਸੇ ਕੰਮ ਅਤੇ ਉਸ ਕੰਮ ਦੇ ਫ਼ਲ ਦੇ ਨਾਲ ਜੋੜ ਕੇ ਦੇਖਿਆ ਗਿਆ ਹੈ। ਕਰਮ ਕਿਸੇ ਕੰਮ ਨੂੰ ਕਰਨਾ ਹੈ। ਪਰ ਇਥੇ ਵੀ ਇੱਕ ਗਲ ਜਾਣ ਲੈਣੀ ਜ਼ਰੂਰੀ ਹੈ ਕਿ ਜੇਕਰ ਅਸੀਂ ਕਿਸੇ ਉੱਤੇ ਅਤਿਆਚਾਰ ਕਰਦੇ ਹਾਂ ਤਾਂ ਇਹ ਸਾਡਾ ਕਿਸੇ ਪ੍ਰਤੀ ਕੀਤਾ ਹੋਇਆ ਇੱਕ ਕੰਮ ਹੈ। ਅਤੇ ਜੇ ਕਰ ਅਸੀਂ ਕਿਸੇ ਦੂਸਰੇ ਦੁਆਰਾ ਕੀਤੇ ਗਏ ਅਤਿਆਚਾਰ ਨੂੰ ਆਪਣਾ ਸਮਰਥਨ ਦਿੰਦੇ ਹਾਂ ਤਾਂ ਇਹ ਵੀ ਸਾਡੇ ਵੱਲੋਂ ਕਿਸੇ ਦੇ ਪ੍ਰਤੀ ਕੀਤਾ ਗਿਆ ਕਰਮ ਹੀ ਹੋਵੇਗਾ। ਸਪਸ਼ਟ ਰੂਪ ਵਿੱਚ ਕਰਮ ਦਾ ਅਰਥ ਕੇਵਲ ਆਪਣੇ ਹੱਥਾਂ ਨਾਲ ਕੀਤਾ ਗਿਆ ਕੋਈ ਕੰਮ ਹੀ ਨਹੀਂ ਬਲਕਿ ਕੁੱਝ ਹੋਰ ਹੈ ਵੀ।

ਅਸੀਂ ਇਹ ਵੀ ਸਮਝ ਲਈਏ ਕਿ ਆਪਣੇ ਕਰਮਾਂ ਪ੍ਰਤੀ ਕਈ ਫ਼ਲਾਂ ( ਭਾਵ ਨਤੀਜਿਆਂ ) ਦਾ ਨਿਰਧਾਰਣ ਵੀ ਅਸੀਂ ਮਨੁੱਖਾਂ ਨੇ ਆਪ ਕੀਤਾ ਹੈ ਨਾ ਕਿ ਪਰਮਾਤਮਾ ਨੇ। ਉਦਾਹਰਣ ਵਜੋਂ ਸਰਕਾਰੀ ਨੌਕਰੀਆਂ ਜਾਂ ਕੋਈ ਧੰਧਾ ਲੈ ਲਉ। ਪਰਮਾਤਮਾ ਨੇ ਸਰਕਾਰੀ ਅਹੁਦੇ ਨਹੀਂ ਬਣਾਏ ਹਨ। ਪਰਮਾਤਮਾ ਨੇ ਕਰੰਸੀ ਨੋਟ ਨਹੀਂ ਬਣਾਏ ਬਲਕਿ ਅਸੀਂ ਬਣਾਏ ਹਨ। ਕਿਸੇ ਸਰਕਾਰੀ ਅਹੁਦੇ ਦੀ ਪਰਾਪਤੀ ਕਰਣ ਲਈ ਪੂਜਾ ਅਰਚਨਾ ਕਰਨਾ ਜਾਂ ਮਿਹਨਤ ਕਰਨਾਂ ਉਸ ਫ਼ਲ ਨੂੰ ਪਰਾਪਤ ਕਰਨ ਦੀ ਕੋਸ਼ਿਸ਼ ਕਰਣਾ ਹੈ ਜਿਹੜਾ ਸਾਡਾ ਅਪਣਾ ਘੜਿਆ ਹੋਇਆ ਫ਼ਲ ਹੈ। ਜਿਹੜੇ ਫ਼ਲ ਪਰਮਾਤਮਾ ਨੇ ਘੜੇ ਹਨ ਉਹ ਅਟੱਲ ਹਨ ਅਤੇ ਸਭ ਲਈ ਹਨ। ਅਸੀਂ ਖਾਂਦੇ ਹਾਂ ਤਾਂ ਵਧਦੇ ਹਾਂ, ਤਾਕਤ ਪ੍ਰਾਪਤ ਕਰਦੇ ਹਾਂ। ਇਹ ਫ਼ਲ ਕੁਦਰਤੀ ਹਨ। ਅਸੀਂ ਜਨਮ ਲੈਂਦੇ ਹਾਂ, ਜਵਾਨ ਹੁੰਦੇ ਹਾਂ ਅਤੇ ਮਰਦੇ ਹਾਂ। ਇਹ ਫ਼ਲ ਹਨ ਕੁਦਰਤੀ।

ਸਾਡਾ ਦੰਦ ਖਰਾਬ ਹੈ, ਅਸੀਂ ਦਰਦ ਦੇ ਨਾਲ ਪੀੜਿਤ ਹਾਂ। ਇਹ ਫ਼ਲ ਕੁਦਰਤੀ ਹੈ। ਇਹ ਸਾਰੇ ਫ਼ਲ ਕੁਦਰਤੀ ਪ੍ਰਤੀਕਿਰਿਆਵਾਂ ਹਨ। ਅਸੀਂ ਮਿਹਨਤ ਕਰਦੇ ਹਾਂ, ਲੱਖਾਂ ਕਮਾਅ ਨਹੀਂ ਸਕੇ ਤਾਂ ਅਸੀਂ ਦੁਖੀ ਹਾਂ। ਇਹ ਦੁਖ ਪਰਮਾਤਮਾ ਦਾ ਦਿੱਤਾ ਫ਼ਲ ਨਹੀਂ ਬਲਕਿ ਸਾਡਾ ਆਪਣਾ ਘੜਿਆ ਹੋਇਆ ਫ਼ਲ ਹੈ। ਇਹ ਸਮਾਜ ਦਾ ਘੜਿਆ ਹੋਇਆ ਹੈ ਅਤੇ ਅਸੀਂ ਸਮਾਜ ਤੋਂ ਸਿਖਿਆ ਹੈ । ਇਹ ਸਾਡੇ ਉਸ ਅਨੁਭਵ ਤੋਂ ਉਪਜਿਆ ਹੈ, ਜਿਹੜਾ ਅਨੁਭਵ ਅਗਿਆਨ ਤੋਂ ਪ੍ਰਭਾਵਿਤ ਹੈ। ਇਹ ਅਗਿਆਨ ਤੋਂ ਪ੍ਰਭਾਵਿਤ ਅਨੁਭਵ ਅਵਿਵੇਕੀ ਹੈ। ਸਾਡੇ ਘੜੇ ਹੋਏ ਫ਼ਲ ਸਾਡੀਆਂ ਖਾਹਿਸ਼ਾਂ ਹਨ। ਸਾਡੀਆਂ ਆਪਣੀਆਂ ਖਾਹਿਸ਼ਾਂ ਜਿਹੜੀਆਂ ਕਈ ਵਾਰ ਪੂਰੀਆਂ ਵੀ ਹੁੰਦੀਆਂ ਹਨ ਅਤੇ ਕਈ ਵਾਰ ਨਹੀਂ ਵੀ। ਕੁਦਰਤੀ ਫ਼ਲ ਅਟੱਲ ਹਨ। ਇਨ੍ਹਾਂ ਵਿੱਚੋਂ ਕੁੱਝ ਨੂੰ ਤਾਂ ਅਸੀਂ ਅਪਨਾਇਆ ਹੈ ਅਤੇ ਕੁੱਝ ਤੋਂ ਅਸੀਂ ਬਚਣਾ ਚਾਹੁੰਦੇ ਹਾਂ। ਭੋਜਨ ਸਰੀਰ ਨੂੰ ਤਾਕਤ ਦਿੰਦਾ ਹੈ, ਭੁਖ ਨੂੰ ਸ਼ਾਂਤ ਕਰਦਾ ਹੈ ਅਤੇ ਸੁਆਦ ਵੀ ਦਿੰਦਾ ਹੈ, ਇਸ ਲਈ ਸਾਨੂੰ ਚੰਗਾ ਲੱਗਦਾ ਹੈ। ਲੇਕਿਨ ਜੀਵਨ ਦਾ ਆਖਰੀ ਫ਼ਲ ਸਾਨੂੰ ਚੰਗਾ ਨਹੀਂ ਲੱਗਦਾ। ਅਸੀਂ ਮੌਤ ਨਹੀਂ ਚਾਹੁੰਦੇ। ਦਰਅਸਲ ਜੀਵਨ ਵਿੱਚ ਕੀ ਖੋਇਆ ਤੇ ਕੀ ਪਾਇਆ ਹੈ, ਇਹ ਜ਼ਿਆਦਾ ਤਰ ਸਾਡੀਆਂ ਆਪਣੀਆਂ ਘੜੀਆਂ ਹੋਈਆਂ ਗੱਲਾਂ ਤੇ ਨਿਰਭਰ ਕਰਦਾ ਹੈ।

ਦੋ ਆਦਮੀ ਹਨ। ਦੋਵੇਂ ਮਿਹਨਤੀ ਹਨ। ਇੱਕ, ਦਿਨ ਭਰ ਕੜਕਦੀ ਧੁੱਪ ਵਿੱਚ ਸੜਕ ਉੱਤੇ ਲੁੱਕ (ਤਾਰਕੋਲ) ਪਾਉਂਦਾ ਹੈ। ਦੂਸਰਾ ਦਿਨ ਭਰ ਆਪਣੇ ਆਫ਼ਿਸ ਵਿੱਚ ਬੈਠਿਆਂ ਆਪਣਾ ਕਾਰੋਬਾਰ ਚਲਾ ਰਿਹਾ ਹੈ। ਦੋਵੇਂ ਇਮਾਨਦਾਰ ਹਨ, ਮਿਹਨਤੀ ਹਨ ਅਤੇ ਆਪਣੇ ਕੰਮ ਪ੍ਰਤੀ ਸਮਰਪਿਤ ਹਨ । ਲੇਕਿਨ ਇੱਕ ਦੇ ਕੋਲ ਕਰੰਸੀ, ਮੋਟਰ, ਬੰਗਲਾ ਆਦਿ ਨਹੀਂ ਹਨ। ਦੂਸਰੇ ਦੇ ਕੋਲ ਕਰੰਸੀ, ਮੋਟਰ, ਬੰਗਲਾ ਆਦਿ ਸਭ ਕੁੱਝ ਹੈ ਤਾਂ ਇਸ ਨੂੰ ਕੀ ਕਿਹਾ ਜਾਵੇ? ਇੱਕ ਅਪੱਖਪਾਤੀ ਅਤੇ ਇਨਸਾਫ਼ਪਸੰਦ ਪਰਮਾਤਮਾ ਦਾ ਦਿੱਤਾ ਹੋਇਆ ਫ਼ਲ? ਉੱਤਰ ਹੈ ਨਹੀਂ। ਕਿਸੇ ਅਖੌਤੀ ਗਿਆਨੀ ਨੂੰ ਪੁੱਛੀਏ ਤਾਂ ਉਹ ਇਸ ਨੂੰ ਪਰਮਾਤਮਾ ਦਾ ਹੀ ਦਿੱਤਾ ਹੋਇਆ ਫ਼ਲ ਕਹੇ ਗਾ। ਤੁਸੀਂ ਪੁੱਛ ਸਕਦੇ ਹੋ ਕਿ ਇਕੋ ਜਿਹੇ ਕਰਮਾਂ (ਈਮਾਨਦਾਰੀ, ਮਿਹਨਤ, ਸਮਰਪਿਣ) ਲਈ ਅਪੱਖਪਾਤੀ ਅਤੇ ਇਨਸਾਫ਼ਪਸੰਦ ਪਰਮਾਤਮਾ ਨੇ ਵਖ ਵਖ ਫ਼ਲ ਕਿਉਂ ਦਿੱਤੇ? ਅਖੌਤੀ ਗਿਆਨੀ ਦਾ ਉੱਤਰ! “ਇਹ ਉਨ੍ਹਾਂ ਦੇ ਪਿਛਲੇ ਕਰਮਾਂ (ਪਿਛਲੇ ਜਨਮ ਵਿੱਚ ਕੀਤੇ ਹੋਏ ਕਰਮ) ਦਾ ਫ਼ਲ ਹੈ”। ਇਹ ਗੱਲਾਂ ਅਵਿਵੇਕੀ ਹਨ, ਅਗਿਆਨਤਾ ਕਾਰਨ ਮਨਘੜਤ ਹਨ। ਇਹ ਸਾਨੂੰ ਕਰਮਾਂ ਦੇ ਸਿਧਾਂਤ ਨੂੰ ਸਮਝਣ ਵਿੱਚ ਭਟਕਾਉਂਦੀਆਂ ਹਨ।

ਹੁਣ ਇੱਕ ਹੋਰ ਹਾਲਾਤ ਨੂੰ ਸਮਝੀਏ। ਇੱਕ ਆਦਮੀ ਆਪਣੇ ਬੱਚਿਆਂ ਦੇ ਨਾਲ, ਕੰਮ ਤੋਂ ਵਾਪਿਸ ਆ ਰਿਹਾ ਹੈ। ਤੇਜ਼ੀ ਨਾਲ ਆਉਂਦੇ ਹੋਏ ਉਹ ਟਰੱਕ ਹੇਠ ਕੁਚਲੇ ਜਾਂਦੇ ਹਨ। ਕਾਰਣ! ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ। ਇਸ ਹਾਲਤ ਵਿੱਚ ਸਾਡਾ ਸੁਆਲ “ਕੁਚਲੇ ਗਏ ਆਦਮੀ ਅਤੇ ਉਸ ਦੇ ਬੱਚਿਆਂ ਦਾ ਕੀ ਦੋਸ਼ "? ਅਖੌਤੀ ਗਿਆਨੀ ਦਾ ਉੱਤਰ “ਇਹ ਉਨ੍ਹਾਂ ਦੇ ਕਰਮਾਂ ਦਾ ਫ਼ਲ ਹੈ।” ਸਾਡਾ ਅਗਲਾ ਸੁਆਲ “ਪਰ ਬੱਚੇ ਤਾਂ ਬੜੇ ਹੀ ਛੋਟੇ ਸਨ ਅਤੇ ਉਨ੍ਹਾਂ ਨੇ ਅਜੇ ਕੋਈ ਬੁਰਾ ਕੰਮ ਕੀਤਾ ਹੀ ਨਹੀਂ। ਫ਼ਿਰ ਐਸਾ ਫ਼ਲ ਕਿਉਂ? ਅਖੌਤੀ ਗਿਆਨੀ ਦਾ ਉੱਤਰ “ਇਹ ਉਨ੍ਹਾਂ ਦੇ ਪਿਛਲੇ ਕਰਮਾਂ ਦਾ ਫ਼ਲ ਸੀ ਜਿਹੜਾ ਕਿ ਪਿਛਲੇ ਜਨਮ ਤੋਂ ਹੀ ਉਨ੍ਹਾਂ ਦੇ ਕਰਮਾਂ ਦੀ ਬੈਲੈਂਸ ਸ਼ੀਟ ( ਹਿਸਾਬ ਕਿਤਾਬ ) ਵਿੱਚ ਅਜੇ ਪੂਰਾ ( Settle) ਹੋਣਾ ਬਾਕੀ ਸੀ”।

ਹੁਣ ਅਗਰ ਇਸ ਅਖੌਤੀ ਗਿਆਨੀ ਦੀ ਗੱਲ ਨੂੰ ਮਨ ਲਿਆ ਜਾਵੇ ਤਾਂ ਉਸ ਡਰਾਈਵਰ ਦਾ ਕੀ ਕਰੀਏ? ਉਸ ਨੂੰ ਅਪਰਾਧੀ ਮੰਨੀਏ ਜਾਂ ਫ਼ਿਰ ਫ਼ਰਿਸ਼ਤਾ? ਉਸ ਦਾ ਕੀ ਦੋਸ਼? ਉਸ ਨੂੰ ਕਿਸ ਤਰ੍ਹਾਂ ਦੋਸ਼ੀ ਕਹੀਏ? ਉਸ ਨੂੰ ਤਾਂ ਕੇਵਲ ਪਰਮਾਤਮਾ ਨੇ ਆਪਣੇ ਨਿਆਂ ਨੂੰ ਪੂਰਾ ਕਰਣ ਲਈ ਇਸਤੇਮਾਲ ਕੀਤਾ ਹੈ। ਜੇ ਕਰ ਕਰਮਾਂ ਦੇ ਦੱਸੇ ਹੋਏ ਇਸ ਸਿਧਾਂਤ ਨੂੰ ਮੰਨ ਲਿਆ ਜਾਵੇ ਤਾਂ ਸੰਸਾਰ ਵਿੱਚ ਅਪਰਾਧ ਅਤੇ ਅਪਰਾਧੀ ਨਾਂ ਦੀ ਕੋਈ ਧਾਰਨਾ ਨਹੀਂ ਬਚੇਗੀ। ਸਾਡੇ ਤੇ ਬੀਤਣ ਵਾਲਾ ਹਰ ਅਪਰਾਧ, ਹਰ ਜ਼ੁਲਮ ਅਗਰ ਸਾਡੇ ਹੀ ਕਰਮਾਂ ਦਾ ਫ਼ਲ ਹੈ ਤਾਂ ਅਪਰਾਧੀ ਕੌਣ ਅਤੇ ਜ਼ੁਲਮ ਕੈਸਾ? ਕਰਮਾਂ ਦੇ ਦੱਸੇ ਹੋਏ ਇਸ ਸਿਧਾਂਤ ਅਨੁਸਾਰ ਕਿਸੇ ਮਾਸੂਮ ਲੜਕੀ ਦੇ ਨਾਲ ਹੋਣ ਵਾਲਾ ਬਲਾਤਕਾਰ ਉਸ ਲੜਕੀ ਦੇ ਆਪਣੇ ਹੀ ਪਿਛਲੇ ਕਰਮਾਂ ਦਾ ਫ਼ਲ ਹੈ। ਤਾਂ ਕੀ ਉਹ ਬਲਾਤਕਾਰੀ ਸਨਮਾਨਯੋਗ ਹੈ ਜਿਸ ਨੂੰ ਪਰਮਾਤਮਾ ਨੇ ਆਪਣਾ ਨਿਆਂ ਕਰਨ ਵਾਸਤੇ ਚੁਣਿਆ ਹੈ? ਕੀ ਐਸੇ ਸਨਮਾਨਯੋਗ ਵਿਅਕਤੀਆਂ ਉੱਤੇ ਕਾਨੂੰਨੀ ਕਾਰਵਾਈ ਕਰਕੇ, ਅਸੀਂ ਪਰਮਾਤਮਾਂ ਦੇ ਨਿਆਂ ਨੂੰ ਦਬਾਉਂਣ ਦਾ ਪਾਪ ਨਹੀਂ ਕਰਦੇ? ਕੀ ਕੋਈ ਅਖੌਤੀ ਗਿਆਨੀ ਇਹ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਸਾਡੀ ਕਾਨੂੰਨੀ ਕਾਰਵਾਈ ਵਰਗੇ ਪਾਪ ਦਾ ਫ਼ਲ ਕੀ ਹੋਵੇਗਾ?

ਕਰਮਾਂ ਦੇ ਫ਼ਲ ਦੀ ਇਹ ਵਿਆਖਿਆ ਕਲਪਨਾ ਮਾਤਰ ਹੈ। ਆਧਾਰਹੀਣ ਹੈ। ਜੇ ਕੋਈ ਉੱਚੀ ਇਮਾਰਤ ਤੋਂ ਕੁੱਦਣ ਦਾ ਕਰਮ ਕਰੇ ਤਾਂ ਫ਼ਲ ਜ਼ਰੂਰ ਮਿਲੇਗਾ। ਉਸ ਦੀ ਹੱਡੀ ਟੁੱਟ ਸਕਦੀ ਹੈ ਤੇ ਜਾਨ ਵੀ ਜਾ ਸਕਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਇਹ ਗੱਲ ਹਰ ਅਵਸਥਾ ਵਿੱਚ ਲਾਗੂ ਨਹੀਂ ਹੁੰਦੀ। ਐਸੇ ਛੋਟੇ ਆਧਾਰ ਦੀ ਬਿਨਾਅ 'ਤੇ ਕਰਮਾਂ ਦੇ ਦੱਸੇ ਗਏ ਸਿਧਾਂਤ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਜੇ ਕਰ ਕੁੱਦਣ ਵਾਲਾ ਕਿਸੇ ਰਾਹਗੀਰ ਦੀ ਗਰਦਨ ਉੱਤੇ ਡਿੱਗੇ ਤਾਂ ਰਾਹਗੀਰ ਦੀ ਬਿਨਾਂ ਕੋਈ ਕੁੱਦਣ ਵਰਗਾ ਕਰਮ ਕੀਤੇ ਵੀ ਜਾਨ ਜਾ ਸਕਦੀ ਹੈ । ਕਾਰਣ! ਰਾਹਗੀਰ ਪ੍ਰਭਾਵਿਤ ਹੈ ਆਪਣੇ ਵਾਤਾਵਰਣ ਤੋਂ।

ਐਡੀਸਨ (ਇਕ ਸਾਇੰਸਦਾਨ) ਨੇ ਸਾਲਾਂ ਪਹਿਲਾਂ, ਬਿਜਲੀ ਦਾ ਬਲਬ ਬਣਾ ਕੇ ਇੱਕ ਕਰਮ ਕੀਤਾ। । ਉਸ ਦਾ ਆਪਣਾ ਕਰਮ ਸੀ ਤਾਂ ਫ਼ਲ ਵੀ ਕੇਵਲ ਉਸ ਨੂੰ ਮਿਲਣਾ ਚਾਹੀਦਾ ਸੀ। ਐਡੀਸਨ ਮਰ ਚੁਕਿਆ ਹੈ ਲੇਕਿਨ ਅਰਬਾਂ ਲੋਕ, ਜਿਨ੍ਹਾਂ ਦਾ ਐਡੀਸਨ ਦੇ ਕਰਮ ਦੇ ਨਾਲ ਕੋਈ ਸੰਬੰਧ ਨਹੀਂ ਸੀ, ਉਸ ਦੇ ਕੀਤੇ ਹੋਏ ਕਰਮ ਦਾ ਫ਼ਲ ਭੋਗ ਰਹੇ ਹਨ ਅਤੇ ਆਉਂਣ ਵਾਲੇ ਵੀ ਭੋਗਦੇ ਰਹਿਣਗੇ, ਭਾਵ, ਰਾਤ ਦੇ ਹਨੇਰੇ ਵਿੱਚ, ਉਹ ਬਲਬ ਦੀ ਰੌਸ਼ਨੀ ਨਾਲ ਦੇਖ ਸਕਦੇ ਹਨ।

ਕੁੱਝ ਵਿਗਿਆਨੀਆਂ ਨੇ ਐਟਮ ਬੰਬ ਬਣਾਇਆ ਸੀ ਤੇ ਇਹ ਉਨ੍ਹਾਂ ਦਾ ਕਰਮ ਸੀ ਪਰ ਫ਼ਲ ਹੀਰੋਸ਼ੀਮਾ-ਨਾਗਾਸਾਕੀ ਦੇ ਲੋਕਾਂ ਨੂੰ ਕਿਉਂ ਮਿਲਿਆ? ਕਰਮ ਦੇ ਸਿਧਾਂਤ ਅਤੇ ਕਰਮਾਂ ਦੀ ਬੈਲੇਂਸ ਸ਼ੀਟ ਦੇ ਨਿਯਮ ਅਨੁਸਾਰ ਜੀਵ ਦੇ ਜੀਵਨ ਵਿੱਚ ਘਟਣ ਵਾਲੀ ਹਰ ਘਟਨਾ ਉਸ ਦੇ ਆਪਣੇ ਹੀ ਕਰਮਾਂ ਦਾ ਫ਼ਲ ਹੈ। ਜੇ ਕਰ ਐਸਾ ਹੈ ਤਾਂ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੇ ਨਾਲ ਵਾਪਰਣ ਵਾਲੀਆਂ ਘਟਨਾਵਾਂ ਉਨ੍ਹਾਂ ਦੇ ਕਿਹੜੇ ਕਰਮਾਂ ਦਾ ਫ਼ਲ ਸੀ? ਕੀ ਪਿਛਲੇ ਕਰਮਾਂ ਦੇ ਸਿਧਾਂਤ ਨੂੰ ਗੁਰਮਤਿ ਮੰਨਣ ਵਾਲੇ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ?

ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਆਪਣੇ ਜੀਵਨ ਵਿੱਚ ਕੋਈ ਪਾਪ ਨਹੀਂ ਕੀਤਾ ਸੀ ਤਾਂ ਫ਼ਿਰ ਉਨ੍ਹਾਂ ਨੂੰ ਕਿਸ ਜਨਮ ਦਾ ਫ਼ਲ ਮਿਲਿਆ? ਜੇ ਇਸੇ ਤਰ੍ਹਾਂ ਹੀ ਸੀ ਤਾਂ ਕੀ ਜਹਾਂਗੀਰ, ਔਰੰਗਜ਼ੇਬ ਅਤੇ ਸੂਬੇਦਾਰ ਸਰਹੰਦ ਦਾ ਕੰਮ ਠੀਕ ਹੀ ਸੀ? ਪਰਮਾਤਮਾ ਦਾ ਇਨਸਾਫ਼ ਹੀ ਸੀ?

ਅਗਰ ਪਿਛਲੇ ਜਨਮ ਦੇ ਕਰਮਾਂ ਦੇ ਸਿਧਾਂਤ ਨੂੰ ਮੰਨ ਲਿਆ ਜਾਵੇ ਤਾਂ ਕੀ ਕੋਈ ਇਹ ਦੱਸਣ ਦੀ ਕਿਰਪਾਲਤਾ ਕਰੇਗਾ ਕਿ ਇੱਕ ਮੱਛਰ, ਮੱਖੀ, ਚੂਹਾ, ਖੋਤਾ, ਸ਼ੇਰ ਆਦਿ ਕਿਹੜੇ ਧਰਮ ਜਾਂ ਧਰਮ ਸ਼ਾਸਤਰ ਦੀ ਉਲੰਘਣਾ ਕਰਦੇ ਹੋਏ ਪਾਪ ਜਾਂ ਪੁੰਨ ਕਰਦੇ ਹਨ ਜਿਨ੍ਹਾਂ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਅਗਲੇ ਜਨਮ ਵਿੱਚ ਪਿਛਲੇ ਕਰਮਾਂ ਦਾ ਫ਼ਲ ਭੋਗਣਾ ਪੈਂਦਾ ਹੈ? ਜਦ ਧਰਮ ਨੂੰ ਕੇਵਲ ਮਨੁੱਖ ਮਾਤਰ ਲਈ ਹੀ ਦੱਸਿਆ ਜਾਂਦਾ ਹੈ ਤਾਂ ਫ਼ਿਰ ਬਾਕੀ ਜੂਨਾਂ ਲਈ ਪਾਪ ਪੁੰਨ ਅਤੇ ਧਰਮ ਹੋ ਹੀ ਨਹੀਂ ਸਕਦਾ। ਦਰਅਸਲ ਸਾਨੂੰ ਕਰਮ ਸਿਧਾਂਤ ਵਿੱਚ ਦੱਸੀਆਂ ਗਈਆਂ ਗੱਲਾਂ ਦਾ ਤਿਆਗ ਕਰਣਾ ਪਵੇਗਾ। ਸਾਨੂੰ ਉਨ੍ਹਾਂ ਵਿਆਖਿਆਵਾਂ ਨੂੰ ਮੁਢ ਤੋਂ ਸਮਝਣਾ ਪਵੇਗਾ ਜੋ ਸਿੱਖ ਫ਼ਿਲਾਸਫ਼ੀ ਦਾ ਹਿੱਸਾ ਨਹੀਂ ਹਨ।

ਇਸ ਲੇਖ ਦੇ ਆਰੰਭ ਵਿੱਚ ਲਿਖੇ ਮਨੁੱਖ ਅਤੇ ਕੁਦਰਤ ਦੇ ਵਿਚਕਾਰ ਦੇ ਸੰਬੰਧਾਂ ਨੂੰ ਜੇ ਕਰ ਅਸੀਂ ਸਮਝੀਏ ਤਾਂ ਕਰਮ ਸਿਧਾਂਤ ਦੀ ਸਚਾਈ ਉਭਰਣ ਲੱਗਦੀ ਹੈ। ਸਮਾਜ ਸੰਬੰਧਿਤ ਹੈ। ਆਪਸ ਵਿਚ ਬੁਣਿਆ ( Knitted)ਹੋਇਆ ਹੈ । ਇਥੇ ਕਿਸੇ ਇੱਕ ਦਾ ਕੀਤਾ ਕਿਸੇ ਦੂਜੇ ਜਾਂ ਦੂਜਿਆਂ ਨੂੰ ਭੁਗਤਣਾ ਪੈ ਸਕਦਾ ਹੈ। ਕਿਸੇ ਐਡੀਸਨ ਦੇ ਕਰਮ ਦਾ ਅਨੰਦ ਅਸੀਂ ਵੀ ਮਾਣ ਸਕਦੇ ਹਾਂ ਅਤੇ ਕਿਸੇ ਦੇ ਬਣਾਏ ਹੋਏ ਐਟਮ ਬੰਬ ਦੇ ਫ਼ਲ ਦਾ ਸੁਆਦ ਵੀ ਚੱਖ ਸਕਦੇ ਹਾਂ। ਤਾਂ ਹੀ ਨਾਨਕ ਜੀ ਨੇ ਮਨੁੱਖ ਵਿਸ਼ੇਸ਼ ਹੀ ਨਹੀਂ, ਬਲਕਿ ਸਾਰੇ ਸਮਾਜ ਦੇ ਲੋਕਾਂ ਨੂੰ ਸੁਧਾਰਣ ਦਾ ਯਤਨ ਕੀਤਾ।

ਸੰਸਾਰ ਦੇ ਮਨੁੱਖਾਂ ਨੇ ਕਿਸੇ ਨਾਨਕ ਦੁਆਰਾ ਆਪਣੇ ਜੀਵਨ ਵਿੱਚ ਕੀਤੇ ਹੋਏ ਕਰਮਾਂ ਦੇ ਫ਼ਲ ਨੂੰ ਵੀ ਭੋਗਿਆ ਹੈ ਅਤੇ ਕਿਸੇ ਜ਼ਾਲਮ ਦੁਆਰਾ ਆਪਣੇ ਜੀਵਨ ਵਿੱਚ ਕੀਤੇ ਕਰਮਾਂ ਦੇ ਫ਼ਲ ਨੂੰ ਵੀ। ਇਹ ਸਭ ਕੁਦਰਤ ਦੇ ਵਿੱਚ ਰਚੇ ਹੋਏ ਸਮਾਜ ਦਾ ਸੁਭਾ ਹੈ। ਸਾਡਾ ਜੀਵਨ ਦੂਸਰਿਆਂ ਦੇ ਜੀਵਨ ਤੋਂ ਪ੍ਰਭਾਵਿਤ ਹੈ ਅਤੇ ਦੂਸਰਿਆਂ ਦਾ ਸਾਡੇ ਜੀਵਨ ਤੋਂ।

ਸੈਂਕੜੇ ਵਰ੍ਹਿਆਂ ਪਹਿਲਾਂ ਸਮਾਜ ਵਿੱਚ ਕੁੱਝ ਵਿਚਰ ਰਿਹਾ ਰਿਹਾ ਕੋਈ ਅਖੌਤੀ ਗਿਆਨੀ, ਮਨੁੱਖਾਂ ਨੂੰ ਵੰਡਦਾ ਹੈ । ਕਿਸੇ ਨੂੰ ਕਹਿੰਦਾ ਹੈ ਤੂੰ ਸ਼ੂਦਰ ਹੈਂ। ਨੀਚ ਹੈਂ। ਇਸ ਲਈ ਕਿ ਇਹ ਤੇਰੇ ਪਿਛਲੇ ਕਰਮਾਂ ਦਾ ਫ਼ਲ ਹੈ। ਸ਼ੂਦਰ ਹੱਥ ਜੋੜ ਕੇ ਸਿਰ ਹਿਲਾਉਂਦਾ ਹੈ। ਇਨ੍ਹਾਂ ‘ਗਿਆਨ` ਭਰੀਆਂ ਗੱਲਾਂ ਨੂੰ ਸੁਣ ਕੇ ਸਮਝ ਜਾਂਦਾ ਹੈ ਕਿ ਕਿਉਂ ਉਹ ਉਸ ਖੂਹ ਤੋਂ ਪਾਣੀ ਨਹੀਂ ਭਰ ਸਕਦਾ ਜਿਸ ਖੂਹ ਤੋਂ ਇਹ ਗਿਆਨੀ ਲੋਕ ਪਾਣੀ ਭਰਦੇ ਹਨ।

ਸਮਝ ਜਾਂਦਾ ਹੈ ਕਿ ਉਹ ਆਪਣੀ ਨੀਚਤਾ ਅਤੇ ਆਪਣੀ ਦੁਰਦਸ਼ਾ ਦਾ ਆਪ ਜ਼ਿੰਮੇਵਾਰ ਹੈ। ਇਹ ਸਮਝਣ ਤੋਂ ਬਾਅਦ ਬੜੀ ਸ਼ਰਧਾ ਦੇ ਨਾਲ ਪੁੱਛਦਾ ਹੈ – “ਮਹਾਰਾਜ ਕੋਈ ਤਰੀਕਾ ਹੈ,ਇਸ ਨੀਚਤਾ ਤੋਂ ਨਿਕਲਣ ਦਾ? “ ਅਖੌਤੀ ਗਿਆਨੀ ਦਾ ਜਵਾਬ- “ਇਸ ਜਨਮ ਵਿੱਚ ਤਾਂ ਤੂੰ ਨੀਚ ਹੀ ਰਹੇਂਗਾ। ਹਾਂ ਜੇਕਰ ਸਾਡੇ ਵਰਗੇ ਗਿਆਨੀ ਲੋਕਾਂ ਦੀ ਸੇਵਾ ਕਰਨ ਦਾ ਕਰਮ ਇਸ ਜੀਵਨ ਭਰ ਕਰਦਾ ਰਹੇਂਗਾ ਤਾਂ ਅਗਲੇ ਜਨਮ ਨੀਚ ਹੋਣ ਤੋਂ ਬਚੇਂਗਾ”। ਵਿਚਾਰਾ ਹੱਥ ਜੋੜੇ ਗਿਆਨ ਦੀਆਂ ਇਨ੍ਹਾਂ ਗੱਲਾਂ ਨੂੰ ਸਿਰ ਝੁਕਾ ਕੇ ਕਬੂਲ ਕਰੀ ਚਲਾ ਜਾਂਦਾ ਹੈ।

ਕਿੰਨੀ ਅਜੀਬ ਗੱਲ ਹੈ ਕਿ ਉਪਰੋਕਤ ਨੀਚ Theory ਉਸ ਅਖੌਤੀ ਗਿਆਨੀ ਦਾ ਆਪਣਾ ਕਰਮ ਹੈ, ਜਿਸ ਦਾ ਫ਼ਲ ਕੋਈ ਦੂਜਾ ਸਮਾਜ ਵਿੱਚ ਅਛੂਤ ਰਹਿ ਕੇ ਭੁਗਤ ਰਿਹਾ ਹੈ । ਅਤੇ ਨਾਲ ਹੀ ਇਹ ਵੀ ਮੰਨ ਕੇ ਕਿ ‘ਇਹ` ਉਸ ਦੇ ਆਪਣੇ ਹੀ ਪਿਛਲੇ ਕਰਮਾਂ ਦਾ ਫ਼ਲ ਹੈ।

ਕਰਮ ਸਿਧਾਂਤ ਦੀ ਥਿਊਰੀ ਨੇ ਕਈ ਵਿਆਖਿਆਵਾਂ ਧਾਰਨ ਕੀਤੀਆਂ ਹਨ। ਪਰ ਉਸ ਸਿਧਾਂਤ ਦਾ ਆਗਾਜ਼ ਕੁੱਝ ਉਪਰ ਵਰਗਾ ਹੀ ਸੀ।

ਅਸੀਂ ਪੜ੍ਹਾਂਗੇ ਤੇ ਪਾਸ ਹੋਵਾਂਗੇ, ਅਸੀਂ ਚੱਲਾਂਗੇ ਤਾਂ ਪਹੁੰਚਾਂਗੇ, ਆਦਿ । ਇਹ ਸਾਰੀਆਂ ਗੱਲਾਂ ਠੀਕ ਪਰ ਕੇਵਲ ਛੋਟੇ ਸੰਧਰਭਾਂ ਵਿੱਚ। ਲੇਕਨ ਇਹ ਗੱਲਾਂ ਸਾਰੇ ਜੀਵਨ ਵਿੱਚ ਸਾਡੇ ਨਾਲ ਵਾਪਰਣ ਵਾਲੀਆਂ ਘਟਨਾਵਾਂ ਦਾ ਖੁਲਾਸਾ ਨਹੀਂ ਕਰਦੀਆਂ। ਕਰਮ ਜੀਵਨ ਦੀ ਕਿਰਿਆਸ਼ੀਲਤਾ ( Activeness) ਨਾਲ ਸੰਬੰਧਿਤ ਹੈ ਅਤੇ ਕਰਮ ਦੀ ਗੁਣਵੱਤਾ ( Quality), ਮਨ ਦੀ ਵਿਵੇਕਤਾ ਅਤੇ ਅਵਿਵੇਕਤਾ ਦੇ ਨਾਲ ਸੰਬੰਧਿਤ ਹੈ। ਪ੍ਰੰਤੂ ਕਰਮ ਦਾ ਫ਼ਲ ਸਾਡੇ ਉਨ੍ਹਾਂ ਹਾਲਾਤਾਂ 'ਤੇ ਨਿਰਭਰ ਹੈ ਜਿਨ੍ਹਾਂ ਵਿੱਚ ਅਸੀਂ ਜੀ ਰਹੇ ਹਾਂ।

ਇਸ ਸੰਧਰਭ ਵਿੱਚ ਆਓ ਗੁਰੂ ਸਾਹਿਬ ਜੀ ਦੇ ਬਚਨਾਂ ਉੱਤੇ ਗੌਰ ਕਰੀਏ-

ਜਬੁ ਕਛੁ ਨ ਸਿਊ  ਤਬ ਕਿਆ ਕਰਤਾ  ਕਵਨ ਕਰਮੁ ਕਰਿ ਆਇਆ ॥

ਇਸ ਸ਼ਬਦ ਦੀ ਵੀਚਾਰ ਤੋਂ ਪਹਿਲਾਂ ਗੁਰੂ ਸਾਹਿਬ ਦੇ ਇੱਕ ਫ਼ੁਰਮਾਨ ਨੂੰ ਸਮਝਣਾ ਅਤਿਅੰਤ ਜ਼ਰੂਰੀ ਹੈ। ਜੋ ਇਸ ਪ੍ਰਕਾਰ ਹੈ:-

ਜਬ ਆਕਾਰ  ਇਹ ਕਛੁ ਨ ਦ੍ਰਿਸਟੇਤਾ।। ਪਾਪ ਪੁੰਨ  ਤਬ ਕਹ ਤੇ ਹੋਤਾ।। (290)

ਅਰਥ:- ਜਦੋਂ (ਜਗਤ ਦੇ ਜੀਆਂ ਦੀ ਅਜੇ) ਕੋਈ ਸ਼ਕਲ ਹੀ ਨਹੀਂ ਦਿੱਸਦੀ ਸੀ, ਤਦੋਂ ਪਾਪ ਜਾਂ ਪੁੰਨ ਕਿਸ (ਜੀਵ) ਤੋਂ ਹੋ ਸਕਦਾ ਸੀ?

ਚੰਦੁ ਨ ਹੋਤਾ   ਸੂਰੁ ਨ ਹੋਤਾ  ਪਾਨੀ ਪਵਨੁ ਮਿਲਾਇਆ ॥ ਸਾਸਤੁ ਨ ਹੋਤਾ  ਬੇਦੁ ਨ ਹੋਤਾ  ਕਰਮੁ ਕਹਾਂ ਤੇ ਆਇਆ ॥੨॥(973)

ਅਰਥ:- ਜਦੋਂ ਨਾ ਚੰਦ ਸੀ ਨਾ ਸੂਰਜ; ਜਦੋਂ ਪਾਣੀ, ਹਵਾ ਆਦਿਕ ਤੱਤ (ਸ੍ਰਿਸ਼ਟੀ) ਭੀ ਅਜੇ ਪੈਦਾ ਨਹੀਂ ਸਨ ਹੋਏ, ਜਦੋਂ ਕੋਈ ਵੇਦ ਸ਼ਾਸਤਰ ਭੀ ਨਹੀਂ ਸਨ; ਤਦੋਂ (ਹੇ ਪ੍ਰਭੂ!) ਕਰਮਾਂ (ਪਾਪ ਜਾਂ ਪੁੰਨ) ਦੀ ਕੋਈ ਹਸਤੀ ਹੀ ਨਹੀਂ ਸੀ। ੨।

ਅਰਥਾਤ ਜਦੋਂ ਸ੍ਰਿਸ਼ਟੀ ਦੀ ਹੋਂਦ ਨਹੀਂ ਸੀ ਤਾਂ ਪਾਪ ਜਾਂ ਪੁੰਨ ਕਿਵੇਂ ਹੋ ਸਕਦਾ ਸੀ। ਭਾਵ ਅਰਥ ਇਹ ਕਿ ਸ੍ਰਿਸ਼ਟੀ ਦੀ ਰਚਨਾ ਵਿੱਚ ਮਨੁੱਖਾ ਜੀਵਨ ਦੀ ਉਤਪਤੀ ਦੇ ਬਾਅਦ ਹੀ ਪਾਪ ਪੁੰਨ ਦੀ ਧਾਰਨਾ ਨੇ ਜਨਮ ਲਿਆ। ਕੁਦਰਤ ਤੋਂ ਪਾਪ ਪੁੰਨ ਹੋਣ ਦਾ ਕੋਈ ਆਧਾਰ ਨਹੀਂ ਸੀ। ਜੇਕਰ ਪਾਪ ਪੁੰਨ ਪਰਮਾਤਮਾ ਦੇ ਬਣਾਏ ਹੁੰਦੇ ਤਾਂ ਮਨੁੱਖ ਆਪਣੇ ਹਰ ਗਲਤ ਕੰਮ ਦਾ ਦੋਸ਼ੀ ਨਹੀਂ ਸੀ ਠਹਿਰਾਇਆ ਜਾ ਸਕਦਾ। ਕਰਮ ਸਿਧਾਂਤ ਵਿੱਚ ਕਰਮ ਅਤੇ ਉਸ ਦਾ ਫ਼ਲ ਪਾਪ-ਪੁੰਨ ਦੀ ਧਾਰਨਾ ਤੇ ਟਿਕਿਆ ਹੋਇਆ ਹੈ। ਪਾਪ ਕਰਣਾ ਵੀ ਇੱਕ ਕਰਮ ਹੈ ਅਤੇ ਪੁੰਨ ਕਰਨਾ ਵੀ ਇੱਕ ਕਰਮ। ਇਸੇ ਤਰ੍ਹਾਂ ਕਰਮ (ਪਾਪ – ਪੁੰਨ) ਦਾ ਫ਼ਲ ਅਲਗ-ਅਲਗ (ਅਛੇ ਜਾਂ ਬੁਰੇ) ਦੱਸੇ ਜਾਂਦੇ ਹਨ। ਕਰਮ ਸਿਧਾਂਤ ਦੇ ਅਨੁਸਾਰ ਜੀਵ ਦੇ ਜੀਵਨ ਵਿੱਚ ਘਟਣ ਵਾਲੀ ਹਰ ਘਟਨਾ ਉਸ ਦੇ ਪਿਛਲੇ ਕਰਮਾਂ ਦਾ ਫ਼ਲ ਹੈ। ਇਥੇ ਅਸੀਂ ਗੁਰੂ ਸਾਹਿਬ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਉਪਰਲੇ ਸ਼ਬਦ ਵਿੱਚ ਦਿੱਤੇ ਹੋਏ ਦਰਸ਼ਨ ਮਾਰਗ ਨੂੰ ਸਮਝਿਆ ਜਾ ਸਕੇ। ਗੁਰੂ ਸਾਹਿਬ ਦੇ ਇਸ ਫ਼ੁਰਮਾਨ ਤੋਂ ਦੋ ਗੱਲਾਂ ਸਪਸ਼ਟ ਹੁੰਦੀਆਂ ਹਨ:-

    1) ਪ੍ਰਕਿਰਤੀ ਦੀ ਰਚਨਾਂ ਤੋਂ ਪਹਿਲਾਂ ਪਾਪ –ਪੁੰਨ ਹੈ ਹੀ ਨਹੀਂ ਸੀ।

  • 1) ਜਦੋਂ ਪ੍ਰਕਿਰਤੀ ਅਥਵਾ ਜੀਵ ਹੈ ਹੀ ਨਹੀਂ ਸੀ ਤਾਂ ਪ੍ਰਕਿਰਤੀ ਬਣਨ ਤੋਂ ਬਾਅਦ ਧਰਤੀ ਉੱਤੇ ਸਭ ਤੋਂ ਪਹਿਲਾਂ ਆਉਂਣ ਵਾਲਾ ਜੀਵ ਕਿਹੜੇ ਕਿਹੜੇ ਕਰਮ (ਅੱਛੇ ਜਾਂ ਬੁਰੇ) ਲੈ ਕੇ ਪੈਦਾ ਹੋਇਆ ਸੀ? “(ਜਬ ਕਛੁ ਨ ਸਿਊ ਤਬ ਕਿਆ ਕਰਤਾ ਕਵਨ ਕਰਮੁ ਕਰ ਆਇਆ।।) “ ਅਤੇ ਸਭ ਤੋਂ ਪਹਿਲਾਂ ਆਉਣ ਵਾਲੇ ਜੀਵ ਨੂੰ ਅਪਣੀ ਜੂਨ ਕਿਸ ਆਧਾਰ ਤੇ ਮਿਲੀ ਸੀ? ਗੁਰੂ ਸਾਹਿਬ ਦੁਆਰਾ ਪੇਸ਼ ਕੀਤਾ ਗਿਆ ਇਹ ਤਰਕ ਉਨ੍ਹਾਂ ਵਿਦਵਾਨਾਂ ਦੇ ਸਾਹਮਣੇ ਇੱਕ ਚੁਨੌਤੀ ਰੱਖਦਾ ਹੈ ਜਿਹੜੇ ਕਿ ਕਰਮ ਸਿਧਾਂਤ ਦੇ ਦੱਸੇ ਹੋਏ ਸਿਧਾਂਤ ਉਤੇ ਵਿਸ਼ਵਾਸ ਕਰਦੇ ਹਨ। ਗੁਰੂ ਸਾਹਿਬ ਦਾ ਇਹ ਸਵਾਲ ਜਾਂ ਤਰਕ ਕਰਮ ਸਿਧਾਂਤ ਦੇ ਕਮਜ਼ੋਰ ਪੱਖ ਨੂੰ ਉਜਾਗਰ ਕਰਦਾ ਹੋਇਆ ਸਿੱਖ ਦਰਸ਼ਨ ਦੇ ਨਿਰਾਲੇ ਪੱਖ ਨੂੰ ਪੇਸ਼ ਕਰਦਾ ਹੈ।

  • ਜਬ ਅਬਿਗਤ ਅਗੋਚਰ ਪ੍ਰਭ ਏਕਾ ॥

  • ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ (291)

  • ਜਬ ਹੋਵਤ ਪ੍ਰਭ ਕੇਵਲ ਧਨੀ ॥

  • ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥

  • ਜਬ ਏਕਹਿ ਹਰਿ ਅਗਮ ਅਪਾਰ ॥

  • ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥ (291)

    ਅਰਥ:- ਜਦੋਂ ਮਾਲਕ ਪ੍ਰਭੂ ਸਿਰਫ਼ (ਆਪ ਹੀ) ਸੀ, ਤਦੋਂ ਦੱਸੋ, ਕਿਸ ਨੂੰ ਬੰਧਨਾਂ ਵਿੱਚ ਫਸਿਆ ਹੋਇਆ, ਤੇ ਕਿਸ ਨੂੰ ਮੁਕਤਿ ਸਮਝੀਏ? ਜਦੋਂ ਅਗਮ ਤੇ ਬੇਅੰਤ ਪ੍ਰਭੂ ਇੱਕ ਆਪ ਹੀ ਸੀ, ਤਦੋਂ ਦੱਸੋ, ਨਰਕਾਂ ਤੇ ਸੁਰਗਾਂ ਵਿੱਚ ਆਉਣ ਵਾਲੇ ਕੇਹੜੇ ਜੀਵ ਸਨ?

    ਧਰਤੀ ਉਤੇ ਜਾਂ ਪ੍ਰਕ੍ਰਿਤੀ ਵਿੱਚ ਆਉਂਣ ਵਾਲੇ ਸਭ ਤੋਂ ਪਹਿਲੇ ਜੀਵ ਕਿਹੜੇ ਪਿਛਲੇ ਕਰਮਾਂ ਨੂੰ ਨਾਲ ਲੈ ਕੇ ਪੈਦਾ ਹੋਏ? ਇਹ ਸਵਾਲ ਦੱਸੇ ਹੋਏ ਕਰਮ ਸਿਧਾਂਤ ਨੂੰ ਹਾਸੋ ਹੀਣਾ ਸਾਬਤ ਕਰਦਾ ਹੈ। ਬਿਨਾਂ ਸ਼ੱਕ ਆਉਂਣ ਵਾਲੇ ਸਭ ਤੋਂ ਪਹਿਲੇ ਜੀਵ ਬਿਨਾਂ ਕਰਮਾਂ ਨੂੰ ਨਾਲ ਲਏ ਜੰਮੇ ਹੋਣ ਗੇ। ਅਤੇ ਜਦ ਐਸਾ ਹੀ ਹੈ ਤਾਂ ਉਸ ਪਹਿਲੇ ਜੀਵ ਜਾਂ ਜੀਵਾਂ ਦੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਕਿਵੇਂ ਅਤੇ ਕਿਉਂ ਘਟੀਆਂ ਹੋਣਗੀਆਂ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਦੱਸੇ ਹੋਏ ਕਰਮ ਸਿਧਾਂਤ ਦੇ ਨਾਲ ਗੁਰੂ ਸਾਹਿਬ ਦੀ ਅਸਹਿਮਤੀ ਦਰਸਾਉਂਦੀਆਂ ਹਨ।

    ਬਕੌਲ ਗੁਰੂ ਸਾਹਿਬ ਜੀਵਨ ਵਿੱਚ ਵਾਪਰਣ ਵਾਲੀਆਂ ਘਟਨਾਵਾਂ ਮਨੁੱਖ ਨਹੀਂ ਬਲਕਿ ਉਸ ਪਰਮਾਤਮਾ ਦੇ ਹੁਕਮ, ਭਾਵ ਕਿ ਉਸ ਦੀ (ਪਰਮਾਤਮਾ ਦੀ) ਬਣਾਈ ਹੋਈ ਪ੍ਰਕ੍ਰਿਤੀ ਦੀ ਖੇਡ ਵਿੱਚ ਵਾਪਰ ਰਹੀਆਂ ਹਨ। ਅਸੀਂ ਆਪਣੇ ਕਰਮਾਂ ਰਾਹੀਂ ਕੁਦਰਤ ਦੀ ਅਟੱਲ ਖੇਡ ਨੂੰ ਨਹੀਂ ਬਦਲ ਸਕਦੇ। ਇਸੇ ਲਈ ਸਾਨੂੰ ਰਜ਼ਾ ਵਿੱਚ ਤੁਰਨਾ ਹੈ। ਮਨੁੱਖ ਕੇਵਲ ਆਪਣੇ ਕਰਮਾਂ ਰਾਹੀਂ ਉਨ੍ਹਾਂ ਗੱਲਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦਾ ਹੈ ਜਿਹੜੀਆਂ ਉਸ ਦੀਆਂ ਆਪਣੀਆਂ ਘੜੀਆਂ ਹੋਈਆਂ ਹਨ। ਮਨੁੱਖ ਦੀਆਂ ਮਾੜੀਆਂ ਘਾੜਤਾਂ ਉਸ ਦੇ ਅਤੇ ਸਮਾਜ ਵਾਸਤੇ ਨੁਕਸਾਨ ਦੇਣ ਵਾਲੀਆਂ ਹਨ। ਇਸੇ ਉਦੇਸ਼ ਲਈ ਧਰਮ ਦੀ ਹੋਂਦ ਹੈ।

    ਇਸ ਤਰ੍ਹਾਂ ਪ੍ਰਸ਼ਨ ਇਹ ਉਠਦਾ ਹੈ ਕਿ ਅਗਰ ਕਰਮ ਦਾ ਫ਼ਲ ਵੈਸਾ ਨਿਸਚਿਤ ਨਹੀਂ ਜੈਸਾ ਕਿ ਅਸੀਂ ਚਾਹੁੰਦੇ ਹਾਂ ਤਾਂ ਫ਼ਿਰ ਚੰਗੇ ਕਰਮ ਜਾਂ ਕੰਮ ਕਰਣ ਦਾ ਕੀ ਲਾਭ? ਉਸ ਦਾ ਫ਼ਲ ਕੀ?

    ਜੇ ਕਰ ਅਸੀਂ ਆਪਣੇ ਜੀਵਨ ਵਿੱਚ ਚੰਗੇ ਕੰਮ ਕਰਦੇ ਹੋਏ ਜੀਵਨਯਾਪਨ ਕਰਦੇ ਹਾਂ ਤਾਂ ਉਸ ਦੇ ਕੁੱਝ ਫ਼ਲ ਵੀ ਹਨ।

  • ੳ) ਕਰਮ ਕਰਨਾ ਜੀਵਨ ਦੀ ਕਿਰਿਆਸ਼ੀਲਤਾ ਹੈ। ਇਹ ਸਾਨੂੰ ਕਿਰਿਆਸ਼ੀਲ (Active) ਰੱਖਦੇ ਹਨ।

  • ਅ) ਚੰਗੇ ਕਰਮ ਸਾਨੂੰ ਆਤਮ-ਸੰਤੁਸ਼ਟੀ ਪ੍ਰਦਾਨ ਕਰਦੇ ਹਨ। ਉਸ ਸਾਡੇ ਜੀਵਨ ਨੂੰ ਸਾਰਥਿਕ ਕਰਦੇ ਹਨ।

  • ੲ) ਉਹ ਸਾਡੇ ਵਿਹਾਰ ਨੂੰ ਨਿਆਂ ਪਸੰਦ ਬਣਾਉਂਦੇ ਹਨ ਜਿਸ ਦੁਆਰਾ ਅਸੀਂ ਸੱਚ ਅਤੇ ਝੂਠ, ਨਿਆਂ ਅਤੇ ਅਨਿਆਂ ਨੂੰ ਪਛਾਣ ਸਕਦੇ ਹਾਂ।

  • ਸ) ਕਈ ਵਾਰ ਉਹ ਅਨਿਆਂ ਦੇ ਖਿਲਾਫ਼ ਸਾਡੀ ਆਵਾਜ਼ ਬਣੇ ਹਨ। ਕਈ ਵਾਰ ਉਹ ਕਿਸੇ ਦਾ ਸਹਾਰਾ ਬਣਦੇ ਹਨ।

  • ਹ) ਸਾਡੇ ਚੰਗੇ ਕਰਮ ਇੱਕ ਅਛੇ ਸਮਾਜ ਦੇ ਨਿਰਮਾਣ ਵਿੱਚ ਸਹਾਇਕ ਹੁੰਦੇ ਹਨ, ਅਤੇ ਇਨ੍ਹਾਂ ਨਾਲ ਪਰੇਰਨਾ ਅਤੇ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ।

  • ਕ) ਸਾਡੇ ਕਰਮ ਸਾਡੇ ਟੀਚਿਆਂ ਨੂੰ ਸਹੀ ਜਾਂ ਗਲਤ ਬਣਾਉਂਦੇ ਹਨ।

  • ਖ) ਚੰਗੇ ਕਰਮ ਕਰਦੇ ਹੋਏ (ਚੰਗੇ ਜੀਵਨ ਮਾਰਗ ਤੇ ਚਲਦੇ ਹੋਏ) ਅਸੀਂ ਪਰਮਾਤਮਾ ਦੇ ਗੁਣਾਂ ਜੈਸਾ ਵਿਹਾਰ ਕਰਦੇ ਹੋਏ ਉਸ ਨਾਲ ਨਿਕਟਤਾ ਦਾ ਅਨੁਭਵ ਕਰ ਸਕਦੇ ਹਾਂ।

  • ਗ) ਚੰਗੇ ਕਰਮ ਕਰਦੇ ਹੋਏ ਸਮਾਜ ਅਤੇ ਜੀਵਨ ਵਿੱਚ ਘਟਣ ਵਾਲੀਆਂ ਘਟਨਾਵਾਂ ਵਿੱਚ ਵਿਵੇਕਸ਼ੀਲਤਾ ਦੇ ਨਾਲ ਵਿਹਾਰ ਕਰਨਾ ਹੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਚੱਲਣਾ ਹੈ।

  • ਘ) ਚੰਗੇ ਕਰਮ ਕਰਨ ਨਾਲ ਸਾਡੀ ਸੋਚ ਤੇ ਸਾਡਾ ਕਿਰਦਾਰ ਚੰਗਾ ਬਣਦਾ ਹੈ ਅਤੇ ਅਸੀਂ ਅੱਛੀ ਸੋਚ ਤੇ ਅੱਛੇ ਕਿਰਦਾਰ ਨੂੰ ਪਿਤਾ ਪੁਰਖੀ ( Genitically) ਤੌਰ ਤੇ ਆਉਣ ਵਾਲੀ ਨਸਲ ਨੂੰ ਦੇ ਸਕਦੇ ਹਾਂ। ਇਹੀ ਗੱਲ ਬੁਰੀ ਸੋਚ ਅਤੇ ਬੁਰੇ ਕਿਰਦਾਰ ਦੇ ਸੰਧਰਭ ਵਿੱਚ ਵੀ ਲਾਗੂ ਹੁੰਦੀ ਹੈ।

    ਅਸੀਂ ਯਾਦ ਰੱਖੀਏ ਕਿ ਅੱਜ ਦੇ ਸਮਾਜ ਦੀ ਬਣਤਰ (ਚੰਗੀ ਜਾਂ ਬੁਰੀ) ਬੀਤੇ ਹੋਏ ਸਮਾਜਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ। ਇਸ ਰੂਪ ਵਿੱਚ ਇਹ ਨਤੀਜਾ ਪਿਛਲੇ ਮਨੁੱਖਾਂ ਦੇ ਕੀਤੇ ਹੋਏ ਕਰਮਾਂ ਦਾ ਫ਼ਲ ਹੈ। ਹੁਣ ਫ਼ੈਸਲਾ ਅਸੀਂ ਕਰਨਾ ਹੈ ਕਿ ਅਸੀਂ ਇੱਕ ਸਮਾਜ ਹੋਣ ਦੇ ਨਾਤੇ ਮੌਜੂਦਾ ਅਤੇ ਆਉਣ ਵਾਲੀ ਨਸਲ-ਏ-ਇਨਸਾਨੀ ਨੂੰ ਕੀ ਦੇਣਾ ਚਾਹੁੰਦੇ ਹਾਂ?

Back to previous page

Akali Singh Services and History | Sikhism | Sikh Youth Camp Programs | Punjabi and Gurbani Grammar | Home