ਕਰਤਾ ਕਾਰਕ (Nominative Case)
ਜਦੋਂ ਕੋਈ ਨਾਉਂ ਜਾਂ ਪੜਨਾਂਉਂ ਵਾਕ ਦੀ ਕਿਰਿਆ ਦੇ ਕਰਨ ਵਾਲੇ (ਕਰਤਾ) ਦਾ ਸੂਚਕ ਹੋਵੇ ਜਾਂ ' ਅਪੂਰਨ ਕਿਰਿਆ ' ਵਾਲੇ ਵਾਕ ਦਾ ਉਦੇਸ਼ ( Subject) ਹੋਵੇ, ਤਾਂ ਉਹ ਕਰਤਾ ਕਾਰਕ ਹੁੰਦਾ ਹੈ।
ਵਾਕ ਵਿਚਲੇ ਨਾਉਂ ਜਾਂ ਪੜਨਾਂਉਂ ਦਾ ਸਾਧਾਰਨ-ਰੂਪ
(ੳ) ਜਿਹੜਾ ਨਾਉਂ ਜਾਂ ਪੜਨਾਂਉਂ ਸਾਧਾਰਨ ਰੂਪ ਵਿੱਚ ਹੋਵੇ, (ਭਾਵ ਲੁਪਤ ਜਾਂ ਪਰਗਟ ਰੂਪ ਵਿੱਚ ਸੰਬੰਧਕੀ-ਪਦ ਤੋਂ ਰਹਿਤ ਹੋਵੇ) ਅਤੇ ਕਿਸੇ ਕਿਰਿਆ ਨੂੰ ਕਰਨ ਵਾਲੇ ਕਰਤਾ ਦਾ ਸੂਚਕ ਹੋਵੇ, ਜਾਂ ਅਪੂਰਨ ਕਿਰਿਆ ਵਾਲੇ ਵਾਕ ਦਾ ਉਦੇਸ਼ (Subject) ਹੋਵੇ , ਉਸ ਨੂੰ ਕਰਤਾ ਕਾਰਕ ਦਾ ਨਾਂਉਂ ਜਾਂ ਪੜਨਾਂਉਂ ਮੰਨਿਆ ਜਾਂਦਾ ਹੈ। ਜਾਂ ਕਹਿ ਸਕਦੇ ਹਾਂ ਕਿ ਇਹ ਨਾਂਉਂ ਜਾਂ ਪੜਨਾਂਉਂ ਕਰਤਾ ਕਾਰਕ ਵਿੱਚ ਹੈ।
ਨੋਟ : (੧) ' ਅਪੂਰਨ ਕਿਰਿਆ ' ਵਾਲੇ ਵਾਕ ਦਾ ਕਰਤਾ-ਕਾਰਕ ਨਾਂਉਂ ਸਾਧਾਰਨ-ਰੂਪ ਵਿੱਚ, ਉਦੇਸ਼ ( Subject) ਦੇ ਰੂਪ ਵਿੱਚ ਆਉਂਦਾ ਹੈ ; ਜਿਵੇਂ :
- ' ਪ੍ਰਮਾਤਮਾ ' ਸਰਬ ਵਿਆਪਕ ਹੈ। ਇਸ ਵਾਕ ਵਿੱਚ ' ਪ੍ਰਮਾਤਮਾ ' ਉਦੇਸ਼ (Subject) ਹੈ।
- ' ਭਾਈ ਘਨ੍ਹਈਆ ' ਜੀ ਬੜੇ ਪਰਉਪਕਾਰੀ ਸਨ।
- ' ਖਾਲਸਾ ' ਸਦਾ ਚੜ੍ਹਦੀ ਕਲਾ ਵਿੱਚ ਰਹੇਗਾ।
ਨੋਟ : (੨) ਅਕਰਮਕ ਕਿਰਿਆ ਵਾਲੇ ਵਾਕ ਵਿੱਚ ਕਰਤਾ-ਕਾਰਕ ਸਦਾ ਸਾਧਾਰਨ-ਰੂਪ ਵਿੱਚ ਹੀ ਹੁੰਦਾ ਹੈ ; ਜਿਵੇਂ :
- ' ਮਨ ' ਟਿਕ ਗਿਆ।
- ' ਖਾਲਸਾ ' ਰਾਜ ਕਰੇਗਾ, ' ਵੈਰੀ ' ਭੱਜੇਗਾ ।
- ' ਸਚਿਆਰ ਮਨੁੱਖ ' ਸਦਾ ਵਿਗਸਦਾ ਹੈ।
ਨੋਟ : (੩) ਜੇ ਵਾਕ ਦਾ ' ਕਰਤਾ ' ਸਾਧਾਰਨ-ਰੂਪ' ਵਿੱਚ ਭਾਵ ਸੰਬੰਧਕ-ਰਹਿਤ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ਵੀ ' ਕਰਤਾ ' ਅਨੁਸਾਰ ਹੁੰਦਾ ਹੈ ; ਜਿਵੇਂ : ਉਪਰੋਕਤ ਉਦਾਹਰਨਾਂ ਤੋਂ ਪਰਗਟ ਹੁੰਦਾ ਹੈ ।
ਸੰਬੰਧਕੀ-ਰੂਪ
ਜੇ ਵਾਕ ਦਾ ' ਕਰਤਾ ' ਸੰਬੰਧਕ-ਰੂਪ ਵਿੱਚ ਭਾਵ ਸੰਬੰਧਕ-ਸਹਿਤ ਹੋਵੇ ਅਤੇ ' ਕਰਮ ' ਸਾਧਾਰਨ-ਰੂਪ ਵਿੱਚ ਹੋਵੇ ਤਾਂ ਕਿਰਿਆ ਦਾ ਲਿੰਗ ਅਤੇ ਵਚਨ ' ਕਰਮ ' ਅਨੁਸਾਰ ਹੁੰਦੇ ਹਨ ; ਜਿਵੇਂ :
- ' ਸਤਿਗੁਰੂ ' ਸਿਖ ਦੀ ਪ੍ਰਤਿਪਾਲ ਕਰਦਾ ਹੈ। ( ਸਾਧਾਰਨ-ਰੂਪ)
- ਸਤਿਗੁਰੂ ਨੇ ਸਿਖ ਦੇ ਪਾਪ ਕੱਟ ਦਿੱਤੇ । ( ਸੰਬੰਧਕੀ-ਰੂਪ) ; " ਪਾਪ " ਕਰਮ ਹੈ ਅਤੇ ਪੁਲਿੰਗ , ਬਹੁ-ਵਚਨ ਹੈ।
- ਸਤਿਗੁਰੂ ਨੇ ਸਿਖ ਦੀ ਪੈਜ ਰੱਖੀ। ( ਸੰਬੰਧਕੀ-ਰੂਪ); " ਪੈਜ " ਕਰਮ ਹੈ ਅਤੇ ਇਸਤ੍ਰੀ-ਲਿੰਗ , ਇਕ-ਵਚਨ ਹੈ ।
(ਅ) ਜਦੋਂ ਵਾਕ ਵਿਚਲਾ ਨਾਂਵ ਸੰਬੰਧਕੀ-ਰੂਪ ਵਿੱਚ ਹੋਵੇ ਤਾਂ ਉਸ ਵਿਚਲੀ ਕਿਰਿਆ ਤੋਂ ਪਰਗਟ ਹੋਣ ਵਾਲੇ ਕੰਮ ਨੂੰ ( ਕਰਮ ਨੂੰ ) ਕਰਨ ਵਾਲੇ (ਕਰਤਾ) ਦਾ ਵਾਚਕ ਨਾਂਵ ਕਰਤਾ-ਕਾਰਕ ਹੰਦਾ ਹੈ; ਜਿਵੇਂ :
- (ੲ). ਸੰਗਤ ਨੇ ਲੰਗਰ ਛਕ ਲਿਆ ਹੈ।
- (ਸ). ਉਸ ਨੇ ਨਿਤਨੇਮ ਕਰ ਲਿਆ ਹੈ। ਨਿਤਨੇਮ " ਕਰਮ " ਹੈ ਅਤੇ ਨਿਤਨੇਮ ਨੂੰ ਕਰਨ ਵਾਲਾ ਪੜਨਾਉਂ " ਉਸ " ਹੈ ਜੋ ਕਰਤਾ-ਕਾਰਕ ਹੈ ।
ਨੋਟ : ( ੧) ਕਰਤਾ-ਕਾਰਕ ਦੇ ਸੰਬੰਧਕੀ-ਰੂਪ ਵਾਲੇ ਨਾਂਵ ਨਾਲ ਸਕਰਮਕ ਕਿਰਿਆ ਦੇ ਭੂਤ-ਕਾਰਦੰਤਕ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਰਿਆ ਦਾ ਲਿੰਗ ਅਤੇ ਵਚਨ ' ਕਰਮ ' ਅਨੁਸਾਰ ਹੁੰਦਾ ਹੈ।
(੨) ਜਦੋਂ ' ਅਪੂਰਨ ਅਕਰਮਕ ' ਕਿਰਿਆ ਜਾਂ ' ਸਕਰਮਕ ' ਕਿਰਿਆ ਦਾ ਪੂਰਕ ਭਾਵਾਰਥ ਹੋਵੇ ਤਾਂ ਅਜਿਹੀ ਹਾਲਤ ਵਿੱਚ ਵੀ ਕਰਤਾ-ਕਾਰਕ ਸੰਬੰਧਕੀ-ਰੂਪ ਵਿੱਚ ਹੁੰਦਾ ਹੈ ਅਤੇ ' ਸੰਬੰਧਕੀ-ਪਦ ' ' ਨੇ ' ਸਹਿਤ ਹੁੰਦਾ ਹੈ; ਜਿਵੇਂ :
- (ੲ). ' ਬੱਚੇ ਨੇ ' ਅਜੇ ਕੁਝ ਨਹੀਂ ਖਾਣਾ।
- (ਸ ). ' ਸੰਗਤ ਨੇ ' ਅਜੇ ਲੰਗਰ ਛਕਣਾ ਹੈ।