ਸਿੱਖ ਗੁਰਦਵਾਰੇ ਵਿੱਚ ਖਾਲਸਾਈ ਨਿਸ਼ਾਨ : -
ਇੱਕ ਸਮਾਂ ਸੀ ਜਦ ਸਮੁਚੀ ਸਿੱਖ ਕੌਮ (ਖਾਲਸੇ) ਦਾ ਇਹ ਇੱਕ ਅਤੁਟ ਵਿਸ਼ਵਾਸ਼ ਬਣ ਚੁਕਾ ਸੀ ਕਿ ਉਹ ਇਕ ਅਕਾਲ ਪੁਰਖ ਨੂੰ ਹੀ ਪ੍ਰਨਾਮ ਕਰਦੇ ਹਨ ਅਤੇ ਪ੍ਰਮਾਤਮਤਾਂ ਦੇ ਹੁਕਮ (ਭਾਵ ਨਿਯਮਾਂ) ਦੇ ਅਧੀਨ ਹੀ ਰਹਿੰਦੇ ਹਨ ਅਤੇ ਹੋਰ ਕਿਸੇ ਦੇ ਨਹੀਂ। ਹਰੇਕ ਗੁਰਦਵਾਰੇ ਵਿੱਚ ਖਾਲਸਾਈ ਨਿਸ਼ਾਨ ਦਾ ਵੀ ਇਹੀ ਭਾਵ ਹੈ ਕਿ ਹਰ ਇਕ ਸਿੱਖ ਦੀ ਆਜ਼ਾਦ (Sovereign) ਹੋਂਦ ਹੈ ਅਤੇ ਉਹ ਇਕ ਅਕਾਲ ਪੁਰਖ ਦੇ ਹੁਕਮ ਨੂੰ ਹੀ ਮੰਨਦਾ ਹੈ । ਖਾਲਸਾਈ ਨਿਸ਼ਾਨ ਸਿੱਖ ਦੇ ਸੰਤੋਖ, ਸਿਦਕ ਅਤੇ ਚ੍ਹੜਦੀ ਕਲਾ ਦਾ ਪ੍ਰਤੀਕ ਹੈ।
ਕਿਸੇ ਵੀ ਓਪਰੀ ਅੱਖ ਨੂੰ ਹਰੇਕ ਗੁਰਦਵਾਰੇ ਵਿੱਚ ਉੱਚਾ, ਪੀਲੇ ਬਸਤਰ ਦਾ ਝੂਲਦਾ ਖਾਲਸਾਈ ਨਿਸ਼ਾਨ ਦਿਸੇਗਾ। ਖਾਲਸਾਈ ਨਿਸ਼ਾਨ ਨੂੰ ਦੂਰ ਦੁਰਾਡੇ ਤੋਂ ਦੇਖਕੇ ਹਰ ਰਾਹੀ ਨੂੰ ਪਤਾ ਲਗਦਾ ਹੈ ਕਿ ਨਿਸ਼ਾਨ ਵਾਲੇ ਥਾਂ ‘ਤੇ ਗੁਰਦਵਾਰਾ ਹੈ ਜਿਥੇ ਪਹੁੰਚਕੇ ਉਸ ਨੂੰ ਪਿਆਸ ਮਿਟਾਣ ਲਈ ਪਾਣੀ, ਭੁਖ ਮਿਟਾਣ ਲਈ ਭੋਜਨ, ਅਕਾਲ ਪੁਰਖ ਦੇ ਸੱਚੇ ਗਿਆਨ ਨੂੰ ਸੁਨਣ ਲਈ ਗੁਰਬਾਣੀ ਸ਼ਬਦ ਵਿਚਾਰ ਅਤੇ ਗੁਰਬਾਣੀ ਕੀਰਤਨ ਹੈ ਅਤੇ ਆਰਾਮ ਕਰਨ ਲਈ ਥਾਂ ਮਿਲ ਸਕਦੀ ਹੈ।
ਇਹ ਨਿਸ਼ਾਨ ਗੁਰੂ ਗ੍ਰੰਥ ਦੇ ਖਾਲਸਾ ਪੰਥ ਨੂੰ ਗੁਰਬਾਣੀ ਦੀ ਅਗਵਾਈ ਵਿੱਚ,
ਅਨਦਿਨੁ ਸੁਕ੍ਰਿਤੁ ਕਰੀਐ ਅਨੁਸਾਰ “ਆਰਥਿਕ”
ਵਿਦਿਆ ਵੀਚਾਰੀ ਤਾਂ ਪਰਉਪਕਾਰੀ ਅਨੁਸਾਰ “ਵਿਦਿਅਕ”
ਸਭ ਸੁਖਾਲੀ ਵੁਠੀਆ ਅਨੁਸਾਰ “ਸਮਾਜਿਕ” ,
ਅਤੇ
ਇਹੁ ਹੋਆ ਹਲੇਮੀ ਰਾਜੁ ਜੀਉ ਅਨੁਸਾਰ “ਰਾਜਨੀਤਕ”
ਤੌਰ ਤੇ ਜਾਗਰੂਕ ਕਰਕੇ ਸ਼ਕਤੀਸ਼ਾਲੀ “ਗੁਸਾਂਈ ਦੇ ਪਹਿਲਵਾਨੜੇ” ਬਨਣ ਦੀ ਹੋਂਦ ਦਾ ਪ੍ਰਤੀਕ ਹੈ ਅਤੇ ਇਸਨੂੰ ਇਸ ਦੇ ਰੂਪ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ।
ਖਾਲਸਾਈ ਨਿਸ਼ਾਨ ਦਾ ਚੋਲਾ ਬਦਲਣਾ :-
ਲਗਭਗ ਹਰੇਕ ਗੁਰਦਵਾਰਾ ਅਸਥਾਨ ‘ਤੇ ਹਰ ਸਾਲ ਨਿਸ਼ਾਨ ਨੂੰ ਹੇਠਾਂ ਲਾਹ ਕੇ, ਉਸਦਾ ਪੁਰਾਣਾ ਚੋਲ਼ਾ ਉਤਾਰਿਆ ਜਾਂਦਾ ਹੈ ਅਤੇ ਫਿਰ ਉਸਦੀ ਸਫਾਈ ਕਰਨ ਉਪਰੰਤ ਉਸ 'ਤੇ ਨਵਾਂ ਚੋਲ਼ਾ ਪਹਿਣਾਕੇ ਖਾਲਸਾਈ ਨਿਸ਼ਾਨ ਚ੍ਹਾਂੜਨ ਦੀ ਰੀਤ ਕੀਤੀ ਜਾਂਦੀ ਹੈ।
ਇਸ ਵੇਲੇ ਗੁਰੂ ਗ੍ਰੰਥ ਸਾਹਿਬ ਵਿਚੋਂ ਪੰਗਤੀਆਂ ਅਨੁਸਾਰ :
ਭਰੀਐ ਹਥੁ ਪੈਰੁ ਤਨੁ ਦੇਹ ॥
ਪਾਣੀ ਧੋਤੈ ਉਤਰਸੁ ਖੇਹ ॥
ਮੂਤ ਪਲੀਤੀ ਕਪੜੁ ਹੋਇ ॥
ਦੇ ਸਾਬੂਣੁ ਲਈਐ ਓਹੁ ਧੋਇ ॥"
ਨੂੰ ਵਿਸਾਰ ਕੇ , ਦੁਧ ਜਾਂ ਦੁਧ ਵਿੱਚ ਪਾਣੀ ਮਿਲਾਕੇ ਸਫਾਈ ਦਾ ਕੰਮ ਕਰ ਰਹੇ ਹੁੰਦੇ ਹਾਂ ਜੋ ਕਿ ਗੁਰਮਤਿ ਵਿੱਚ ਪ੍ਰਵਾਨ ਨਹੀਂ ਹੈ ।
ਸਫਾਈ ਲਈ ਪਾਣੀ ਜਾਂ ਪਾਣੀ ਨਾਲ ਸਾਬੁਣ ਦੀ ਵਰਤੋਂ ਕਰਨੀ ਹੀ ਉਚਿਤ ਹੈ। ਦੁਧ ਨਾਲ ਸਫਾਈ ਨਹੀਂ ਹੁੰਦੀ ।
ਇਸ ਲਈ ਬੜੇ ਪਿਆਰ ਅਤੇ ਨਿਮ੍ਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਨਿਸ਼ਾਨ ਦੀ ਸਫਾਈ ਲਈ ਸਿਰਫ ਪਾਣੀ ਹੀ ਵਰਤਿਆ ਜਾਵੇ ਨਾਂ ਕਿ ਦੁਧ ਜਾਂ ਦੁਧ ਵਿੱਚ ਪਾਣੀ ਮਿਲਾਕੇ ਸਫਾਈ ਕੀਤੀ ਜਾਵੇ।
ਇਹ ਦੁਧ ਕਿਸੇ ਦੇ ਪੀਣ ਦੇ ਕੰਮ ਆ ਸਕਦਾ ਹੈ।
ਇਸ ਲਈ ਬੇਨਤੀ ਹੈ ਕਿ ਹਰੇਕ ਸਿੱਖ ਅਤੇ ਸਮੁਚੀ ਸਿੱਖ ਕੌਮ ਗੁਰਮਤੀ ਫੈਸਲਿਆਂ ਦਾ ਪ੍ਰਤੀਕ ਬਣੇ ਤਾਂਕਿ “ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਏ ” ਵਾਲਾ ਬਚਨ ਸਫਲ ਹੋਵੇ।
Back to previous page