ਕਾਦਰ ਦੀ ਕੁਦਰਤ ਅਤੇ ਗੁਰੂ ਗ੍ਰੰਥ ਸਾਹਿਬ
ਡਾ. ਕੁਲਵੰਤ ਕੌਰ
ਗੁਰੂ ਸਾਹਿਬਾਨਾਂ ਦੀ ਅਤੇ ਸਿੱਖਾਂ ਦੇ ਅਜੋਕੇ ਅਤੇ ਸਦੀਵੀ ਗੁਰੂ, ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਜਗਤ ਨੂੰ ਮਹਾਨ ਦੇਣ ਅਤੇ ਪ੍ਰੇਰਨਾ ! ਇਸ ਬਾਰੇ, ਇਹ ਲੇਖ :-" ਬਲਿਹਾਰੀ ਕੁਦਰਤਿ ਵਸਿਆ" ਹਰ ਪ੍ਰਾਣੀ ਨੂੰ ਪੜ੍ਹਨਾ ਚਾਹੀਦਾ ਹੈ।:-
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਪਹਿਲੀ ਵਾਰ ਅਸਥਾਪਤ ਹੋਣ ਦੇ ਚਾਰ ਸੌ ਸਾਲਾ ਜਸ਼ਨਾਂ ਦੇ ਮਨਾਏ ਜਾਣ ਦੇ ਅਹਿਮ ਇਤਿਹਾਸਕ ਅਵਸਰ ਤੇ, ਜਿਥੇ ਇਸ ਲਾਮਿਸਾਲ, ਸਰਬ-ਸਾਂਝੇ, ਬ੍ਰਹਿਮੰਡੀ ਚੇਤਨਾ ਵਾਲੇ ਅਤੇ ਸਮੂਹ ਮਨੁੱਖ ਜਾਤੀ ਲਈ ਕਲਿਆਣਕਾਰੀ ਧਰਮ-ਗ੍ਰੰਥ ਦੇ ਵਿਵਿਧ ਪਹਿਲੂਆਂ, ਪੱਖਾਂ ਅਤੇ ਅਧਿਆਤਮਿਕਤਾ ਸੰਬੰਧੀ ਨਿਕਟ-ਅਧਿਐਨ ਹੋਣਾ ਬੇਹੱਦ ਜ਼ਰੂਰੀ ਹੈ, ਉਥੇ ਇਸ ਅਦੁੱਤੀ ਗ੍ਰੰਥ ਵਿਚੋਂ ਉਭਰਦਾ ਕੁਦਰਤ ਦਾ ਜ਼ਿਕਰ ਵੀ ਸਾਡੇ ਮਨ-ਮਸਤਕ ਨੂੰ ਧੂਹ ਪਾਉਂਦਾ ਹੈ। ਨਿਰਸੰਦੇਹ, ਸ੍ਰੀ ਗੁਰੂ ਗ੍ਰੰਥ ਸਾਹਿਬ ਮੱਧਕਾਲੀਨ ਭਾਰਤ ਦੇ ਇਤਿਹਾਸ, ਮਿਥਿਹਾਸ, ਸਭਿਆਚਾਰ, ਸਾਹਿਤ, ਭਾਸ਼ਾਵਾਂ, ਧਰਮਾਂ, ਮਾਨਤਾਵਾਂ, ਵਿਸ਼ਵਾਸਾਂ, ਵਰਣ-ਵਿਵਸਥਾ, ਸਾਂਝੀ ਪੰਜਾਬੀਅਤ ਅਤੇ ਵਿਸ਼ੇਸ਼ ਕਰਕੇ ਅਧਿਆਤਮਵਾਦ ਦਾ ਸਾਗਰ ਹੈ ਪਰੰਤੂ ਇਸ ਸਭ ਕੁਝ ਦੇ ਪਿਛੋਕੜ ਵਿਚ ਕਾਰਜਸ਼ੀਲ ਪ੍ਰਾਕ੍ਰਿਤੀ ਦਾ ਜਿੰਨਾ ਵੰਨ-ਸੁਵੰਨਾ, ਬਹੁਰੰਗਾ, ਵਿਵਿਧ ਅਤੇ ਮਨਮੋਹਕ ਵਰਣਨ ਇਸ ਨਾਯਾਬ ਗ੍ਰੰਥ ਵਿਚ ਹੋਇਆ ਹੈ ਉਹ ਸੱਚਮੁਚ ਹੀ ਕਾਬਲੇ-ਗ਼ੌਰ ਅਤੇ ਕਾਬਲੇ-ਜ਼ਿਕਰ ਹੈ।
ਕੁਦਰਤ ਸ਼ਬਦ ਦੇ ਗੁਰਬਾਣੀ ਵਿਚ ਅਨੇਕ ਪੱਖੀ ਅਰਥ ਹਨ:- ਇਹ ਕਰਤਾਰ ਦੀ ਰਚਨਾ ਸ਼ਕਤੀ ਤੋਂ ਲੈ ਕੇ ਮਾਇਆ ਦੇ ਬਹੁਭਾਂਤੀ ਪਸਾਰੇ ਨੂੰ ਆਪਣੇ ਵਿਚ ਸਮੇਟਣ ਵਾਲੀ ਤਾਕਤ, ਈਸ਼ਵਰਤਾ, ਦਿੱਵਯਤਾ, ਸੱਤਾ ਅਤੇ ਪ੍ਰਾਕ੍ਰਿਤੀ ਦੀ ਟੋਹ ਦੇਣ ਵਾਲੀ ਉਹ ਹਸਤੀ ਹੈ ਜਿਸ ਦੇ ਬਾਰੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ:-
ਸਚੀ ਤੇਰੀ ਸਿਫਤਿ ਸਚੀ ਸਾਲਾਹ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ॥ (ਪੰਨਾ 463)
ਗੁਰਬਾਣੀ ਵਿਚ ਕੁਦਰਤ ਨੂੰ ਜੋ ਸਰਬਵਿਆਪੀ ਸਰੂਪ ਬਖਸ਼ਿਆ ਗਿਆ ਹੈ, ਉਸ ਦਾ ਥੋੜ੍ਹਾ ਜਿਹਾ ਵਿਸਤਾਰ ਦੇਣਾ ਹੋਰ ਵਧੇਰੇ ਪ੍ਰਾਸੰਗਿਕ ਹੋਵੇਗਾ। ਭਾਸ਼ਾ ਵਿਗਿਆਨਕ ਨਿਯਮਾਂ ਅਨੁਸਾਰ ਬਹੁਤ ਵਾਰ ਕਿਸੇ ਖਾਸ ਸਮੇਂ ਕਿਸੇ ਸ਼ਬਦ ਦੀ ਵਰਤੋਂ ਵੱਖਰੇ ਅਰਥਾਂ ਅਤੇ ਪ੍ਰਸੰਗ ਵਿਚ ਨਿਸਚਿਤ ਹੋਣ ਦੇ ਬਾਵਜੂਦ ਹੌਲੀ-ਹੌਲੀ ਉਸ ਦਾ ਅਰਥ ਪਰਿਵਰਤਨ ਜਾਂ ਸ਼ਬਦ-ਪ੍ਰਯੋਗ ਹੀ ਬਦਲ ਜਾਂਦਾ ਹੈ। ਕੁਦਰਤ ਸ਼ਬਦ ਦੇ ਸੰਦਰਭ ਵਿਚ ਵੀ ਇਹੋ ਗੱਲ ਸਹੀ ਸਿੱਧ ਹੁੰਦੀ ਹੈ ਕਿਉਂਕਿ ਅੱਜ ਜਿਹੜਾ ਸ਼ਬਦ ਪ੍ਰਾਕ੍ਰਿਤਕ ਦ੍ਰਿਸ਼ਾਂ, ਹਰਿਆਵਲ, ਕੁਦਰਤੀ ਸੁਹਜ, ਬਸੰਤ-ਬਹਾਰ, ਰੰਗ-ਰੰਗੀਲੇ ਆਲੇ-ਦੁਆਲੇ ਅਤੇ ਵੰਨ-ਸੁਵੰਨੇ ਨਜ਼ਾਰਿਆਂ ਲਈ ਰੂੜ੍ਹ ਹੋ ਗਿਆ ਹੈ ਉਸ ਦੇ ਕਲਾਵੇ ਵਿਚ ਕਦੇ ਇਸ ਦ੍ਰਿਸ਼ਟਮਾਨ ਪਸਾਰੇ ਵਿਚਲਾ ਸਭੋ ਕੁਝ ਹੀ ਸਿਮਟਿਆ ਹੋਇਆ ਸੀ:
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥ (ਪੰਨਾ 464)
ਇੰਜ ਕਾਦਰ ਦੀ ਸਾਜੀ ਤੇ ਨਿਵਾਜੀ ਇਹ ਬੇਅੰਤ, ਬੇਸ਼ੁਮਾਰ ਤੇ ਬਹੁਰੰਗੀ ਕੁਦਰਤ ਉਸ ਦੀ ਖ਼ੂਬਸੂਰਤ ਇਬਾਰਤ ਹੈ, ਕਰੀਨੇਦਾਰ ਰਚਨਾ ਹੈ ਜੋ ਪਰਮਾਰਥਕ ਤੌਰ ਤੇ ਨਹੀਂ ਪਰੰਤੂ ਵਿਵਹਾਰਕ ਰੂਪ ਵਿਚ ਸੱਚ ਹੈ। ਕੁਦਰਤ ਭਾਵੇਂ ਮੂਲ ਰੂਪ ਵਿਚ ਅਰਬੀ ਦਾ ਸ਼ਬਦ ਹੈ ਪਰੰਤੂ ਹੁਣ ਇਹ ਪੰਜਾਬੀ ਦਾ ਅਨਿੱਖੜ ਤੇ ਅਤਿ ਪਿਆਰਾ ਪਦ ਬਣ ਚੁਕਾ ਹੈ। ਤੁਰਕੀ ਵਾਲੇ ਵੀ ਇਸ ਨੂੰ ਸ੍ਰਿਸ਼ਟੀ ਦੇ ਅਰਥਾਂ ਵਿਚ ਹੀ ਵਰਤਦੇ ਹਨ। ਉਂਜ ਤਾਂ ਸਾਂਖਯ-ਸ਼ਾਸਤ੍ਰ ਵਿਚ ਵੀ ਕੁਦਰਤ ਦਾ ਉਲੇਖ ਹੈ ਪਰੰਤੂ ਜਿਸ ਦਾਰਸ਼ਨਿਕ ਪਰਿਪੇਖ ਵਿਚ ਕੁਦਰਤ ਸ਼ਬਦ ਦਾ ਪ੍ਰਯੋਗ ਜਗਤ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਹੈ ਉਹ ਵਾਕਈ ਆਪਣੇ ਆਪ ਵਿਚ ਇਕ ਵਿਲੱਖਣ ਅਤੇ ਨਿਵੇਕਲੀ ਗੱਲ ਸੀ। ਤਤਕਾਲੀ ਸਭਿਆਚਾਰ ਵਿਚ ਵਿਆਪਤ ਸਮਾਜਿਕ ਬੁਰਾਈਆਂ, ਕਰਮਕਾਂਡ, ਦੰਭ-ਵਿਖਾਵਾ ਅਤੇ ਦਿਸ਼ਾਹੀਣ ਕਾਰਜ ਸ਼ੈਲੀ ਨੇ ਵਾਰ-ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ, ਕੁਦਰਤ ਦੇ ਰਚੇਤਾ ਕਾਦਰ ਨੂੰ ਚਿਤਵਣ ਲਈ ਮਜਬੂਰ ਕੀਤਾ:
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥ (ਪੰਨਾ 469)
ਇਸ ਪ੍ਰਕਾਰ, ਆਪਣੀ ਅਨੰਤ, ਅਸੀਮ ਅਤੇ ਅਥਾਹ ਕੁਦਰਤ ਸਾਜ ਕੇ ਉਸ ਰਾਹੀਂ ਆਪਣੀ ਲਖਣਾ ਕਰਵਾਉਣ ਵਾਲਾ ਕਾਦਰ ਹੀ ਜਾਣੀ-ਜਾਣ ਹੈ ਕਿ ਇਸ ਕੁਦਰਤ ਦੀ ਵਿਰਾਟਤਾ ਦੀ ਕੀ ਸੀਮਾ ਹੈ:
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ॥ (ਪੰਨਾ 53)
ਪਰਮਾਰਥਕ ਸੇਧ ਦੇਣ ਲਈ ਜਤਨਸ਼ੀਲ ਸਾਡੇ ਤੱਤਵੇਤਿਆਂ ਨੇ ਤਾਂ ਗਗਨਮਈ ਆਰਤੀ ਰਾਹੀਂ ਹੀ ਇਸ ਵਿਆਪਕ ਕੁਦਰਤ ਦੀ ਗੋਦ ਦਾ ਨਿੱਘ ਦੇਣ ਦਾ ਕਲਾਤਮਕ ਉਪਰਾਲਾ ਕੀਤਾ ਸੀ। ਬਾਰ ਦੇ ਇਲਾਕੇ ਦੇ ਜੰਮਪਲ ਗੁਰੂ ਨਾਨਕ ਸਾਹਿਬ ਜੀ ਨੇ ਦੇਸ਼-ਦੇਸ਼ਾਂਤਰਾਂ ਚ ਵਿਚਰਦਿਆਂ ਜਿਸ ਕੁਦਰਤ ਦੀ ਵਿਸ਼ਾਲਤਾ ਦਾ ਆਨੰਦ ਮਾਣਿਆ ਸੀ, ਜਿਨ੍ਹਾਂ ਨਦੀਆਂ ਨਾਲਿਆਂ, ਪਹਾੜਾਂ, ਵਾਦੀਆਂ ਅਤੇ ਜੰਗਲਾਂ-ਜੂਹਾਂ ਦਾ ਸੰਗ-ਸਾਥ ਮਾਣਿਆ ਸੀ, ਉਸੇ ਨੂੰ ਕਿਤੇ ਬਾਰਾਮਾਂਹੇ ਰਾਹੀਂ, ਕਿਤੇ ਆਸਾ ਦੀ ਵਾਰ ਰਾਹੀਂ ਅਤੇ ਕਿਸੇ ਹੋਰ ਪ੍ਰਸੰਗ ਵਿਚ ਸਾਡੇ ਲਈ ਮੰਨਣ ਅਤੇ ਮਾਣਨਯੋਗ ਬਣਾਉਣ ਦਾ ਰਹਿਮੋ-ਕਰਮ, ਮਾਤ-ਗਰਭ ਤੋਂ ਕਬਰ ਤਕ ਫੈਲੇ ਕੁਦਰਤ ਮਾਂ ਦੀਆਂ ਅਖੁੱਟ ਬਰਕਤਾਂ ਦੇ ਅਮੁੱਲ-ਨਿਧਾਨ ਦਾ ਜੋ ਸਰਬਾਂਗੀ ਚਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਕਾਰਿਆ ਗਿਆ ਹੈ ਉਹ ਸੱਚਮੁਚ ਬੇਸ਼ਕੀਮਤੀ, ਦੁਰਲੱਭ ਅਤੇ ਬੇਮਿਸਾਲ ਹੈ। ਰੁੱਤਾਂ ਦਾ ਫਿਰਨਾ, ਵਣਾਂ ਦਾ ਕੰਬਣਾ, ਪੱਤਿਆਂ ਦਾ ਝੜਨਾ, ਚਹੁੰ ਕੂੰਟਾਂ ਦੀ ਦ੍ਰਿਸ਼ਾਵਲੀ, ਕੰਧੀ ਉੱਤੇ ਰੁੱਖੜਾ, ਸਿੰਮਲਾਂ ਦੇ ਪ੍ਰਤੀਕ, ਚੰਦ ਚਕੋਰ ਦੀ ਪ੍ਰੀਤ, ਮੋਰ ਤੇ ਪਰਬਤ ਦੇ ਯਾਰਾਨੇ, ਚਿੜੀਆਂ ਦੀ ਚਹਿਚਹਾਟ, ਨਦੀਆਂ ਦੀ ਕਲ ਕਲ, ਪੰਜ ਆਬਾਂ (ਦਰਿਆਵਾਂ) ਦਾ ਸੰਗੀਤਕ ਜਾਪ, ਮੱਛੀ ਤੇ ਪਾਣੀ ਦੇ ਰੂਪਕ ਰਾਹੀਂ ਆਤਮਾ ਪਰਮਾਤਮਾ ਦੀ ਅਜ਼ਲੀ ਪ੍ਰੀਤ ਦੀ ਗੱਲ ਦੁਨੀ ਸੁਹਾਵਾ ਬਾਗ, ਪੰਖ ਪਰਾਹੁਣੀ, ਦਰਿਆਵੈ ਕੰਨੈ ਬਗੁਲਾ, ਸਰਵਰ ਹੰਸ, ਟਿੱਬੇ ਤੇ ਮੀਂਹ, ਪਿੰਜਰ ਚੂੰਡਦੇ ਕਾਂ, ਕੰਧ ਕੁਹਾੜਾ, ਸਿਰ ਘੜਾ, ਜਾਇ ਸੁਤੇ ਜੀਰਾਣ, ਕਮਾਦ ਤੇ ਕਾਗਦ, ਵਿਸ-ਗੰਦਲਾਂ, ਦਾਖ ਬਿਜਉਰੀਆਂ, ਵਣ-ਕੰਡੇ, ਥਲ-ਡੂਗਰ, ਖੰਡ, ਬ੍ਰਹਿਮੰਡ, ਦੀਪ, ਲੋਅ ਅਤੇ ਹੋਰ ਕਿਹੜਾ ਰੂਪਕ ਅਤੇ ਪ੍ਰਤੀਕ ਹੈ ਜਿਸ ਨੂੰ ਸਾਡੇ ਮਹਾਂਪੁਰਖਾਂ ਨੇ ਇਸ ਅਨੂਠੇ ਗ੍ਰੰਥ ਵਿਚ ਨਹੀਂ ਵਰਤਿਆ। ਪੰਖੀਆਂ, ਜੰਤੂਆਂ ਅਤੇ ਜੀਵਾਂ ਦੇ ਮਾਧਿਅਮ ਰਾਹੀਂ ਸਾਡੀ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਲਈ ਤਾਂਘਦੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦੇ ਕੁਦਰਤੀ ਹੁਸਨ ਤੇ ਸੁਹਾਵਣੇ ਸਮੇਂ ਨੂੰ ਕਿਵੇਂ ਸੰਤਾਂ-ਮਹਾਤਮਾਵਾਂ ਦੀ ਨਾਮ-ਰੰਗਣ ਵਿਚ ਰੰਗੀਜੀ ਹਸਤੀ ਨਾਲ ਉਪਮਾਇਆ ਹੈ:
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ॥
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ॥ (ਪੰਨਾ 319)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਤੁਕ ਵਿਚ ਪ੍ਰਦੀਪਤ ਕੁਦਰਤ, ਕੁਦਰਤੀ ਦ੍ਰਿਸ਼ਾਂ, ਪ੍ਰਾਕ੍ਰਿਤਕ ਹੁਸਨ ਅਤੇ ਕਾਦਰ ਦੀ ਬੇਨਜ਼ੀਰ ਝਲਕ ਵੰਨੀਂ ਸਾਡਾ ਭਲਾ ਕਿਉਂ ਧਿਆਨ ਨਹੀਂ ਜਾਂਦਾ। ਪ੍ਰਦੂਸ਼ਣ ਦੇ ਬੋਲਬਾਲੇ ਮੌਕੇ ਜਿਥੇ ਅੱਜ ਚਾਰ-ਚੁਫੇਰੇ ਸਹਿਜਤਾ, ਸੰਜਮ, ਸਰਲਤਾ ਅਤੇ ਸਾਦਗੀ ਖੁੱਸ ਚੁਕੀ ਹੈ, ਦੰਭੀ ਜੀਵਨ ਪਸਰ ਰਿਹੈ, ਪਾਖੰਡ ਤੇ ਵਿਖਾਵੇ ਦੀ ਚੌਧਰ ਹੈ, ਜੀਵਨ-ਮੁੱਲਾਂ ਦਾ ਕਾਲ ਪੈ ਚੁਕੈ, ਮਾਨਵੀ ਕਦਰਾਂ-ਕੀਮਤਾਂ ਖੰਭ ਲਾ ਕੇ ਉੱਡ ਚੁਕੀਆਂ ਹਨ ਅਤੇ ਇਨਸਾਨੀਅਤ ਦਾ ਜਨਾਜ਼ਾ ਨਿਕਲ ਰਿਹੈ, ਅਸੀਂ ਇਸ ਅਜ਼ੀਮ ਧਰਮ-ਗ੍ਰੰਥ ਤੋਂ ਕੋਈ ਸੇਧ ਤੇ ਸਹਾਇਤਾ ਕਿਉਂ ਨਹੀਂ ਲੈ ਰਹੇ? ਕੰਕਰੀਟ ਦੇ ਜੰਗਲਾਂ ਵਿਚ ਨਿਵਾਸ ਕਰ ਰਿਹਾ ਅਜੋਕਾ ਬੌਣਾ ਮਨੁੱਖ ਕੀ ਇਸ ਕੁਦਰਤ ਨਾਲੋਂ ਬਿਲਕੁਲ ਹੀ ਅਲੱਗ-ਥਲੱਗ ਨਹੀਂ ਹੋ ਚੁਕਾ? ਇਸੇ ਕਰਕੇ ਤਾਂ ਉਹ ਅੰਤਾਂ ਦਾ ਲੋਭੀ, ਲਾਲਚੀ, ਮੋਹ-ਗ੍ਰਸਤ, ਕਾਮੀ ਅਤੇ ਕ੍ਰੋਧੀ ਬਣਦਾ ਜਾ ਰਿਹਾ ਹੈ। ਆਪਣਾ ਹੀ ਢਿੱਡ ਭਰਕੇ ਇਹ ਆਪਣੀਆਂ ਸੱਤ ਪੁਸ਼ਤਾਂ ਦੇ ਢਿੱਡ ਭਰਨ ਲਈ ਵੀ ਫ਼ਿਕਰਮੰਦ ਹੈ। ਨਿੱਤ ਨਵੇਂ ਸਰੀਰਕ ਤੇ ਮਾਨਸਿਕ ਅਪਰਾਧ ਤੇ ਗੁਨਾਹ ਕਰਨ ਵਾਲਾ। ਨਿੱਤ ਨਵੇਂ ਮਨਸੂਬਿਆਂ ਵਿਚ ਗ਼ਲਤਾਨ। ਖ਼ੂਨੀ ਰਿਸ਼ਤਿਆਂ ਦੇ ਖ਼ੂਨ ਕਰਨ ਵਿਚ ਵਿਅਸਤ। ਹਉਂ ਦਾ ਭੁੱਖਾ। ਦੰਮਾਂ ਦਾ ਲੋਭੀ। ਸਬਰ ਅੰਦਰ ਸਾਬਰੀ ਤੋਂ ਕੋਹਾਂ ਦੂਰ। ਜੰਗਲਾਂ ਦਾ ਨਾਸ਼ਕ! ਕੁਦਰਤੀ ਸੁਹਜ ਦਾ ਕਾਤਲ! ਪ੍ਰਾਕ੍ਰਿਤੀ ਦਾ ਦੁਸ਼ਮਣ! ਕਾਦਰ ਤੋਂ ਕੋਹਾਂ ਦੂਰ!
ਪਰ ਅਜਿਹੇ ਰੇਗਿਸਤਾਨੀ ਚੌਗਿਰਦੇ ਵਿਚ ਅੱਜ ਵੀ ਕਿਤੇ ਕਿਤੇ ਨਖਲਿਸਤਾਨ ਦੀ ਬਹਾਰ ਮੌਜੂਦ ਹੈ। ਹੁਣ ਵੀ ਉਥੇ ਹਰਿਆਵਲੀ ਚਾਦਰ ਦੇ ਦੀਦਾਰੇ ਹੁੰਦੇ ਹਨ। ਅੱਜ ਵੀ ਲਹਿਲਹਾਉਂਦੇ ਰੁੱਖਾਂ ਉੱਤੇ ਚਿੜੀਆਂ ਦਾ ਸੰਗੀਤ ਤੇ ਗੁਟਾਰਾਂ ਦੀ ਗੂੰਜ ਸੁਣਾਈ ਦਿੰਦੀ ਹੈ। ਬਾਬੇ ਨਾਨਕ ਦੀ ਜੋਤ ਦੇ ਦੂਜੇ ਜਾਮੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਰੂਹਾਨੀਅਤ ਭਰਪੂਰ ਨਗਰੀ ਖਡੂਰ ਸਾਹਿਬ ਦਾ ਦ੍ਰਿਸ਼ ਅੱਜ ਵੀ ਸਾਨੂੰ ਓਸੇ ਰਾਇ ਭੋਇ ਦੀ ਤਲਵੰਡੀ ਜਾਂ ਕਰਤਾਰ-ਨਗਰੀ, ਕਰਤਾਰਪੁਰ ਦੇ ਪੰਜ ਸੌ ਵਰ੍ਹੇ ਪੂਰਬਲੇ ਭੋਇੰ-ਦ੍ਰਿਸ਼ ਦੇ ਰੂ-ਬ-ਰੂ ਲਿਜਾ ਖਲ੍ਹਾਰਦਾ ਹੈ ਜਿਥੇ ਅਧਿਆਤਮਵਾਦ, ਸੰਸਾਰਕਤਾ ਅਤੇ ਕੁਦਰਤ ਦਾ ਗਹਿ-ਗੱਚ ਯਾਰਾਨਾ ਹੈ। ਖਡੂਰ ਨਗਰੀ ਨੂੰ ਆਉਂਦੀ ਹਰ ਸੜਕ ਤੇ ਦਸ-ਦਸ ਕਿਲੋਮੀਟਰ ਦੇ ਘੇਰੇ ਵਿਚ ਕਾਰ ਸੇਵਾ ਵਾਲੇ ਸਿਰੜੀ ਗੁਰਸਿੱਖਾਂ ਤੇ ਉਨ੍ਹਾਂ ਦੇ ਸਹਿਯੋਗੀ ਵੀਰਾਂ/ਭੈਣਾਂ ਵੱਲੋਂ ਬੜੀ ਜੁਗਤ, ਯੋਜਨਾ, ਸਲੀਕੇ, ਤਰੀਕੇ ਤੇ ਵਿਉਂਤ ਨਾਲ ਪੰਜਾਬ ਦੇ ਸਾਰੇ ਰਵਾਇਤੀ ਰੁੱਖਾਂ (ਖ਼ਾਸ ਕਰਕੇ ਪਿੱਪਲ, ਬੋਹੜ, ਨਿੰਮਾਂ, ਜਾਮਣਾਂ, ਟਾਹਲੀਆਂ ਅਤੇ ਹੋਰ ਹਰ ਸੰਭਵ ਦਰਖਤ) ਉਗਾ ਕੇ, ਪਾਲ ਕੇ, ਸਾਂਭ ਕੇ ਅਤੇ ਨੇਪਰੇ ਚਾੜ੍ਹ ਕੇ ਜੋ ਲਾਮਿਸਾਲ ਸ਼ਰਧਾਂਜਲੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਦੀਆਂ ਪੈੜਾਂ ਤੇ ਪੰਜਾਬ ਤਾਂ ਕੀ ਪੂਰੇ ਦੇਸ਼ ਨੂੰ ਚੱਲਣ ਦੀ ਲੋੜ ਹੈ। ਰੁੱਖਾਂ ਦੁਆਲੇ ਲਾਏ ਜੰਗਲੇ, ਵੇਲੇ ਸਿਰ ਕਾਂਟ-ਛਾਂਟ, ਲੋੜੀਂਦੀ ਖਾਦ-ਖੁਰਾਕ, ਵਕਤ ਸਿਰ ਪਾਣੀ ਲਈ ਸੇਵਾਦਾਰ ਤੇ ਟੈਂਕਰਾਂ ਦਾ ਸੁਚੱਜਾ ਪ੍ਰਬੰਧ ਅਤੇ ਲਾਗਲੇ ਖੇਤ ਮਾਲਕਾਂ ਦੀ ਇਸ ਪੁੰਨ-ਕਾਰਜ ਵਿਚ ਸ਼ਮੂਲੀਅਤ ਕਰਵਾ ਕੇ ਬਾਬਾ ਸੇਵਾ ਸਿੰਘ ਹੁਰਾਂ ਨੇ ਇਕ ਇਤਿਹਾਸਕ ਪ੍ਰਾਪਤੀ ਕਰਕੇ ਵਿਖਾਈ ਹੈ। ਇਹ ਕੰਮ ਇਕ ਰਾਤ ਦਾ ਨਹੀਂ ਸਗੋਂ ਕਈ ਸਾਲਾਂ ਦੀ ਯੋਜਨਾ ਤੇ ਅਮਲ ਦਾ ਨਤੀਜਾ ਹੈ। ਅੱਜ ਸ਼ਰਧਾਲੂ ਇਨ੍ਹਾਂ ਸੰਘਣੇ ਰੁੱਖਾਂ ਦੀਆਂ ਕਤਾਰਾਂ ਵਿਚੋਂ ਲੰਘਦਾ ਜਿਥੇ ਆਪਣੇ ਰਾਹਨੁਮਾ ਗੁਰੂ ਸਾਹਿਬਾਨ ਦੀ ਘਾਲਣਾ, ਦੂਰ-ਦ੍ਰਿਸ਼ਟੀ, ਧਾਰਮਿਕਤਾ, ਜੀਵਨ-ਅਮਲ ਅਤੇ ਉੱਦਮੀ ਕਾਰਜ ਸ਼ੈਲੀ ਅੱਗੇ ਸੀਸ ਝੁਕਾਉਣ ਲਈ ਮਜਬੂਰ ਹੁੰਦਾ ਹੈ ਉਥੇ ਪ੍ਰਾਕ੍ਰਿਤਕ ਸੁੰਦਰਤਾ, ਫੁੱਲਾਂ, ਫਲਾਂ ਅਤੇ ਬਨਸਪਤੀ ਦੀ ਮਹਿਕ ਦੇ ਗੱਫੇ ਝੂੰਗੇ ਵਿਚ ਹੀ ਪ੍ਰਾਪਤ ਕਰਦਾ ਹੈ!
ਭਾਰਤ ਦੇ ਪ੍ਰਾਚੀਨ ਇਤਿਹਾਸ ਅਤੇ ਮਿਥਿਹਾਸ ਵੰਨੀਂ ਝਾਕਿਆਂ ਪਤਾ ਲੱਗਦਾ ਹੈ ਕਿ ਸਾਡੇ ਸਾਰੇ ਕੁਦਰਤ ਦੇ ਵਿਸ਼ਾਲ ਵਿਹੜੇ ਵਿਚ, ਰੁੱਖਾਂ, ਬੂਟਿਆਂ ਦੀ ਓਟ ਅਤੇ ਪਰਬਤਾਂ ਦੀਆਂ ਚੋਟੀਆਂ ਤੇ ਹੀ ਸਾਰੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਸਨ। ਇਸ ਸਭ ਦੇ ਪਿੱਛੇ ਗ੍ਰਿਹਸਤ ਦੇ ਬੋਝਲ ਸਮਝੇ ਜਾਂਦੇ ਪੈਂਡੇ ਤੋਂ ਬਚੇ ਰਹਿਣ ਦੀ ਤਮੰਨਾ ਤਾਂ ਹੋਇਆ ਹੀ ਕਰਦੀ ਸੀ ਪਰੰਤੂ ਕੁਦਰਤ ਨਾਲ ਸ਼ਿੱਦਤ ਨਾਲ ਜੁੜ ਕੇ ਸਰਲ, ਸਾਦਾ, ਕੁਦਰਤੀ ਅਤੇ ਸੁਭਾਵਿਕ ਜੀਵਨ ਜਿਉਣ ਦੀ ਲੋਚਾ ਵੀ ਆਂਤਰਿਕ ਤੌਰ ਤੇ ਵਿਦਮਾਨ ਰਹਿੰਦੀ ਸੀ। ਸ਼ਾਂਤੀ ਨਿਕੇਤਨ ਦਾ ਸੰਕਲਪ ਟੈਗੋਰ ਦੇ ਮਨ-ਮਸਤਕ ਵਿਚ ਐਵੇਂ ਨਹੀਂ ਸੀ ਪਨਪਿਆ। ਅੱਜ ਦੇ ਅਖੌਤੀ ਸਭਿਅਕ ਮਨੁੱਖ ਨੇ ਆਪਣੀਆਂ ਤਮਸੀ ਰੁਚੀਆਂ ਦਾ ਪਿਛਲੱਗ ਹੁੰਦਿਆਂ ਜਿਸ ਕਦਰ ਇਸ ਕੁਦਰਤੀਪਨ ਦਾ ਮਜ਼ਾਕ ਉਡਾਇਆ ਹੈ, ਉਹ ਮੁਆਫ਼ ਕਰਨ ਦੇ ਯੋਗ ਨਹੀਂ।
ਗੁਰੂ ਸਾਹਿਬਾਨ ਨੇ ਜਿਥੇ ਪ੍ਰਾਕਿਰਤੀ ਨੂੰ ਰੱਜ-ਰੱਜ ਗਲਵਕੜੀਆਂ ਪਾਈਆਂ ਹਨ, ਉਥੇ ਹੋਰ ਮੱਧਕਾਲੀ ਤਮਾਮ ਕਵੀਆਂ ਨੇ ਵੀ ਇਸ ਮਾਧਿਅਮ ਰਾਹੀਂ ਆਪਣੇ ਗਹਿਰੇ ਵਿਚਾਰਾਂ ਨੂੰ ਕੋਰੇ ਕਾਗਜ਼ਾਂ ਦੀ ਹਿੱਕ ਤੇ ਉਲੀਕਿਆ। ਦਰਅਸਲ ਖਿੜੀ, ਮਹਿਕੀ, ਚਹਿਕੀ ਤੇ ਟਹਿਕੀ ਕੁਦਰਤ ਨਿਰਾਸ਼ ਤੋਂ ਨਿਰਾਸ਼ ਆਦਮੀ ਨੂੰ ਵੀ ਖੁਸ਼ੀ ਤੇ ਖੇੜਾ ਪ੍ਰਦਾਨ ਕਰਨ ਦੇ ਸਮਰੱਥ ਹੈ। ਕਾਸ਼ ਕਿ ਅਸੀਂ ਕੁਦਰਤ ਰਾਹੀਂ ਉਸ ਦੇ ਕਾਦਰ ਤਕ ਪਹੁੰਚਣ ਦੇ ਵਸੀਲੇ ਤਲਾਸ਼ਣ ਵਾਲੇ ਹੋ ਸਕਦੇ!!
ਸਰਬੰਸਦਾਨੀ, ਅੰਮ੍ਰਿਤਦਾਨੀ ਅਤੇ ਦੇਸ਼ ਨੂੰ ਪਤਨ ਦੀ ਖੱਡ ਚੋਂ ਕੱਢ ਕੇ ਉਭਾਰਨ ਵਾਲੇ ਨਾਇਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਤਾਲੀ ਵਰ੍ਹਿਆਂ ਦੇ ਸੰਖਿਪਤ ਜੀਵਨ-ਕਾਲ ਪਰੰਤੂ ਬੇਜੋੜ ਕ੍ਰਿਸ਼ਮਈ-ਕਾਰਜਾਂ ਦੀ ਸੂਚੀ ਗਵਾਹ ਹੈ ਕਿ ਉਨ੍ਹਾਂ ਦੀ ਵਿਸ਼ਾਲਤਾ, ਵਿਰਾਟਤਾ, ਨਿਰੰਤਰਤਾ, ਅਨੰਤਤਾ, ਬੇਅੰਤਤਾ, ਸੁਤੰਤਰਤਾ ਅਤੇ ਨਿਯੰਤਰਤਾ ਦਾ ਰਾਜ਼ ਉਨ੍ਹਾਂ ਦੇ ਹਰ ਪਲ ਦੇ ਸਾਥੀ ਬਣੇ ਹਿੰਦੁਸਤਾਨ ਦੇ ਮਹਾਨ ਦਰਿਆ ਸਨ। ਗੰਗਾ ਦੇ ਕਿਨਾਰਿਆਂ ਤੇ ਮਨੁੱਖੀ ਜਾਮੇ ਵਿਚ ਆਉਣ ਵਾਲੇ, ਸਤਲੁਜ ਦੇ ਨੀਲੱਤਣੇ ਕੰਢਿਆਂ ਤੇ ਬਾਲ ਅਠਖੇਲੀਆਂ ਕਰਨ ਵਾਲੇ, ਜਮੁਨਾ ਦੀ ਸੰਗੀਤਕ ਕਲ-ਕਲ ਲਾਗੇ ਭਵਿੱਖੀ ਯੋਜਨਾਵਾਂ ਨੂੰ ਸਿਰੇ ਚੜ੍ਹਾਉਣ ਦੀਆਂ ਤਿਆਰੀਆਂ ਕਰਨ ਵਾਲੇ ਅਤੇ ਗੋਦਾਵਰੀ ਦੇ ਪੱਤਣਾਂ ਕੋਲ ਪੰਜ ਭੂਤਕ ਦੇਹ ਸਮੇਟਣ ਵਾਲੇ ਮਹਾਂਬਲੀ, ਤੇਗ਼ ਦੇ ਧਨੀ ਤੇ ਕਲਮੀ ਯੋਧੇ ਸਤਿਗੁਰਾਂ ਨੇ ਇਨ੍ਹਾਂ ਨਦੀਆਂ ਦੇ ਕੰਢਿਆਂ ਤੇ ਆਪਣੇ ਜੀਵਨ ਰੂਪੀ ਬਚਿੱਤਰ ਨਾਟਕ ਦੀਆਂ ਵਿਭਿੰਨ ਝਾਕੀਆਂ ਵਿਖਾ ਕੇ ਪੂਰੇ ਹਿੰਦੁਸਤਾਨ ਨੂੰ ਹਲੂਣਾ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਂ ਫ਼ਲਸਫ਼ਈ ਵਿਚਾਰ ਵੀ ਸੁਲਤਾਨਪੁਰ ਦੀ ਵੇਈਂ ਤੋਂ ਜੱਗ-ਜ਼ਾਹਿਰ ਹੋਏ ਸੀ।
ਸਮੂਹ ਸਿੱਖ ਸੰਗਤਾਂ ਨੇ ਵੇਈਂ ਦੀ ਕਾਇਆ ਕਲਪ ਕਰਨ ਲਈ ਵਰ੍ਹਿਆਂ ਦੀ ਮਿਹਨਤ ਤੇ ਮੁਸ਼ੱਕਤ, ਸਿਰੜ ਤੇ ਸਿਦਕ ਸਹਿਤ ਉਸ ਦੇ ਆਰੰਭਿਕ ਸਥੱਲ ਤੋਂ ਸੁਲਤਾਨਪੁਰ ਲੋਧੀ ਤਕ ਦਾ ਲੰਮਾ ਪੈਂਡਾ ਕਿਵੇਂ ਤੈਅ ਕੀਤਾ, ਕਿੰਨੀਆਂ ਕੁ ਮੁਸ਼ਕਲਾਂ ਨਾਲ ਟੱਕਰ ਲਈ ਅਤੇ ਕਿੰਨਾ ਕੁ ਸਰਕਾਰੀ-ਦਰਾਬਰੀ ਸਹਿਯੋਗ ਮਿਲ ਸਕਿਆ, ਇਹ ਸ਼ਾਇਦ ਜ਼ਿਆਦਾ ਪਾਠਕ ਨਹੀਂ ਜਾਣਦੇ। ਵੇਈਂ ਦਾ ਅਜੋਕਾ ਸਰੂਪ ਸੱਚਮੁਚ ਸਾਨੂੰ ਪੰਜ ਸਦੀਆਂ ਪੂਰਬਲੇ ਓਸ ਭੋਇੰ-ਦ੍ਰਿਸ਼ ਦੇ ਰੂ-ਬ-ਰੂ ਕਰ ਦਿੰਦਾ ਹੈ ਜਿਥੇ ਹਰਿਆਵਲਾਂ ਸਨ, ਵੰਨ-ਸੁਵੰਨੇ ਫੁੱਲ ਬੂਟੇ, ਰਵਾਇਤੀ ਪੰਜਾਬੀ ਰੁੱਖ, ਹਲਟ ਟਿੰਡਾਂ, ਭਉਣੀਆਂ।
ਜਿੰਨੀ ਵਾਰ ਵੀ ਵਿਦੇਸ਼-ਯਾਤਰਾ ਤੇ ਜਾਣ ਦਾ ਮੌਕਾ ਮਿਲਦਾ ਹੈ, ਉਤਨੀ ਵਾਰ ਹੀ ਮੈਂ ਮਹਿਸੂਸ ਕਰਦੀ ਰਹੀ ਹਾਂ ਕਿ ਦੁਨੀਆਂ ਦੇ ਖ਼ੂਬਸੂਰਤ ਮਹਾਂ ਨਗਰ ਚਾਹੇ ਉਹ ਬੰਬਈ ਜਾਂ ਕਲਕੱਤਾ ਹੋਣ ਜਾਂ ਸਾਨਫਰਾਂਸਿਸਕੋ ਤੇ ਨਿਊਯਾਰਕ ਹੋਣ, ਸਮੁੰਦਰੀ ਕੰਢਿਆਂ ਤੇ ਹੋਣ ਕਾਰਨ ਹੋਰ ਵੀ ਖਿੱਚਪੂਰਨ ਤੇ ਹਸੀਨ ਲੱਗਦੇ ਹਨ ਕਿਉਂਕਿ ਕੁਦਰਤੀ ਸੁੰਦਰਤਾ ਇਨ੍ਹਾਂ ਦੀ ਦਿੱਖ ਨੂੰ ਚਾਰ ਚੰਨ ਲਾਉਂਦੀ ਹੈ। ਡੈਨਮਾਰਕ ਦੇ ਵਿਭਿੰਨ ਹਿੱਸਿਆਂ ਨੂੰ ਆਪਸ ਵਿਚ ਜੋੜਨ ਵਾਲੇ ਲੰਮੇ ਪੁਲ, ਸਿੰਘਾਪੁਰ ਟਾਪੂ ਦੇ ਪ੍ਰਾਕ੍ਰਿਤਕ ਨਜ਼ਾਰੇ, ਕੈਲੇਫੋਰਨੀਆਂ ਰਾਜ ਦੇ ਸਸਪੈਂਸ਼ਨ ਪੁਲ, ਸਵੀਡਨ ਦੀ ਸਾਹਿਲੀ ਸੁੰਦਰਤਾ, ਡਿਜ਼ਨੀਲੈਂਡ ਤੇ ਨਿਆਗਰਾ ਫਾਲਜ਼ ਦੇ ਬਾਹਰਲੇ ਦਿਲਕਸ਼ ਨਜ਼ਾਰੇ, ਲੰਡਨ ਦੇ ਥੇਮਜ਼ ਦੇ ਕਿਨਾਰਿਆਂ ਤੇ ਮੌਜੂਦ ਆਕਰਸ਼ਕ ਬਹਾਰ, ਵੈਨਕੂਵਰ ਦੀ ਰਮਣੀਕਤਾ, ਟਰਾਂਟੋ ਦੀ ਐਨਟੈਰੀਓ ਪਲੇਸ ਅਤੇ ਇਸ ਤਰ੍ਹਾਂ ਦੇ ਹੋਰ ਬੇਅੰਤ ਪ੍ਰਾਕ੍ਰਿਤਕ ਦ੍ਰਿਸ਼ ਜੋ ਵਿਅਕਤੀ ਨੂੰ ਇਹ ਜੀਵਨ ਜਿਉਣਯੋਗ, ਮਾਣਨਯੋਗ, ਰਹਿਣਯੋਗ ਅਤੇ ਅਨੰਦਮਈ ਬਣਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ।
ਸੁੰਦਰ ਵਸਤੂ ਸਦੀਵੀ ਅਨੰਦਦਾਤੀ ਹੋਇਆ ਕਰਦੀ ਹੈ। ਕੁਦਰਤ ਵੀ ਇਵੇਂ ਹੀ ਸਾਡੇ ਲਈ ਉਤਸ਼ਾਹ, ਉਮਾਹ ਅਤੇ ਖੇੜੇ ਦਾ ਸਬੱਬ ਹੈ। ਅਖੌਤੀ ਸਭਿਅਕ ਅਖਵਾਉਣ ਦੀ ਹੋੜ ਵਿਚ ਆਓ, ਇਸ ਕੁਦਰਤ ਤੋਂ ਹੋਰ ਦੂਰ ਨਾ ਹੋਈਏ। ਤੁਹਾਡੀ ਔਲਾਦ, ਤੁਹਾਡੇ ਸੰਬੰਧੀ, ਤੁਹਾਡੇ ਸੰਗੀ-ਸਾਥੀ ਜਾਂ ਇਹ ਬੇਰਹਿਮ ਦੁਨੀਆਂ ਵਾਲੇ ਤੁਹਾਡੇ ਵੱਲੋਂ ਕਦੇ ਵੀ ਮੁੱਖ ਮੋੜ ਸਕਦੇ ਹਨ ਪਰੰਤੂ ਇਹ ਲਟਬੌਰੀ ਕੁਦਰਤ, ਇਹ ਖੇੜੇ ਵੰਡਦੀ ਪ੍ਰਾਕਿਰਤੀ, ਇਹ ਕਾਦਰ ਦੀ ਸੁੱਚੀ ਸਿਰਜਣਾ ਅਤੇ ਸਿਰਜਣਹਾਰੇ ਦੀ ਹੁਸੀਨ ਘਾੜਤ ਹਮੇਸ਼ਾ ਤੁਹਾਨੂੰ ਸਕੂਨ, ਦਿਲਬਰੀ, ਪ੍ਰੇਰਨਾ, ਮੁਹੱਬਤ, ਸਮਾਨਤਾ, ਸਰਬ-ਸਾਂਝੀਵਾਲਤਾ ਤੇ ਵਿਆਪਕਤਾ ਦਾ ਪਾਠ ਪੜ੍ਹਾਉਂਦੀ ਹੈ। ਸ਼ਤਾਬਦੀਆਂ ਭਰਪੂਰ ਇਸ ਵਰ੍ਹੇ ਵਿਚ ਆਓ, ਮੁੜ ਤੋਂ ਕੁਦਰਤ ਦੀ ਨਿੱਘੀ ਗੋਦੀ ਵਿਚ ਬੈਠਣ ਅਤੇ ਗੁਰੂ-ਸੰਦੇਸ਼ ਨੂੰ ਧੁਰ ਅੰਦਰ ਵਸਾਉਣ ਦੀ ਕੋਸ਼ਿਸ਼ ਕਰੀਏ!
ਆਓ, ਹੁਣ ਜਸਵਿੰਦਰ ਸਿੰਘ “ਰੁਪਾਲ” ਦੀ ਰਾਹੀਂ "ਬਲਿਹਾਰੀ ਕੁਦਰਤਿ ਵਸਿਆ " ਦੇ ਨਜ਼ਾਰੇ ਨੂੰ ਕਿਸੇ ਹੋਰ ਤਰ੍ਹਾਂ ਵੀ ਮਾਣੀਏ!
ਤੇਜ ਦੌੜਦੀ ਜਿੰਦਗੀ ਦੇ ਭੀੜ ਭੜੱਕੇ ਅਤੇ ਸ਼ੋਰ ਸ਼ਰਾਬੇ ਤੋਂ ਪਰ੍ਹੇ ਕਦੇ ਕੁਦਰਤ ਨੂੰ ਨੇੜਿਓਂ ਤੱਕੀਏ ਤਾਂ ਮਨ ਸੱਚਮੁੱਚ ਵਿਸਮਾਦ ਵਿੱਚ ਆ ਜਾਂਦਾ ਹੈ। ਕੁਦਰਤ ਵਿੱਚ ਛੁਪ ਬੈਠੇ ਕਾਦਰ ਨੂੰ ਨਮਸਕਾਰ ਕਰਦਾ ਹੈ। ਸਹਿਜ ਅਤੇ ਆਨੰਦ ਦੇ ਉਹ ਪਲ ਜਿੰਦਗੀ ਦਾ ਅਨਮੋਲ ਸਾਂਭਣਯੋਗ ਕੀਮਤੀ ਸਰਮਾਇਆ ਬਣ ਜਾਂਦੇ ਹਨ। … …
ਸਭ ਤੋਂ ਪਹਿਲਾਂ ਊਰਜਾ ਦੇ ਮੁੱਖ ਸਰੋਤ ਸੂਰਜ ਨੂੰ ਤੱਕੋ। ਅਰਬਾਂ ਖਰਬਾਂ ਸਾਲਾਂ ਤੋਂ ਬਿਨਾਂ ਕਿਸੇ ਵਿਤਕਰੇ ਦੇ ਸਭ ਨੂੰ ਜੀਵਨ ਦਾਨ ਦੇ ਰਿਹਾ ਹੈ। ਸੱਚਮੁੱਚ ਦੇਣਾ ਹੀ ਜੀਵਨ ਹੈ ਅਤੇ ਉਹ ਵੀ ਕਿਸੇ ਤਰਾਂ ਦੇ ਵਿਤਕਰੇ ਤੋਂ ਬਿਨਾਂ। ਹਵਾ, ਪਾਣੀ ਅਤੇ ਧਰਤ ਨੇ ਵੀ ਸਮਦ੍ਰਿਸ਼ਟੀ ਸੂਰਜ ਤੋਂ ਹੀ ਸਿੱਖੀ ਲੱਗਦੀ ਹੈ। ਅਸੀਂ ਇਨਾਂ ਦੀਆਂ ਦਾਤਾਂ ਨੂੰ ਮਾਣਦੇ ਹੋਏ ਵੀ ਕਿਉਂ ਵਖਰੇਵਿਆਂ ਵਿੱਚ ਪੈ ਜਾਂਦੇ ਹਾਂ? ਕਿਉਂ ਨਹੀਂ ਇਨਾਂ ਕੁਦਰਤੀ ਦਾਤਾਂ ਵਾਂਗ ਆਪਣੀ ਸੋਚ ਨੂੰ ਸਰਬੱਤ ਲਈ ਇੱਕੋ ਜਿਹੀ ਰੱਖਦੇ? … …
ਆਓ ਗਗਨ-ਚੁੰਬੀ ਪਰਬਤਾਂ ਦੀ ਗੱਲ ਕਰੀਏ। ਇੱਕ ਪਾਸੇ ਧਰਤ ਨਾਲ ਸਾਂਝ ਰੱਖਦੇ, ਆਸਮਾਨ ਨਾਲ ਗੱਲਾਂ ਕਰਦੇ ਹੋਏ ਇਹ ਪਰਬਤ ਸਾਨੂੰ ਅਡੋਲਤਾ ਅਤੇ ਦ੍ਰਿੜ ਵਿਸ਼ਵਾਸ਼ ਦੀ ਪ੍ਰੇਰਨਾ ਦਿੰਦੇ ਹਨ। ਇਨਾਂ ਦੀ ਕੁੱਖ ਚੋਂ ਸ਼ੂਕਦੀਆਂ ਨਦੀਆਂ, ਜੋ ਮੈਦਾਨਾਂ ਵੱਲ ਆ ਰਹੀਆਂ ਹਨ, ਸਾਨੂੰ ਸਦਾ ਚਲਦੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ। ਚਲਦੇ ਰਹਿਣਾ ਹੀ ਜੀਵਨ ਹੈ ਅਤੇ ਰੁਕਣਾ ਮੌਤ। ਹਰ ਨਦੀ ਦੀ ਆਖਰੀ ਮੰਜਲ ਸਮੁੰਦਰ ਵਿੱਚ ਸਮਾ ਜਾਣਾ ਹੈ। ਜਿੰਨੀ ਦੇਰ ਵੇਗ ਨਾਲ ਚਲਦੀ ਰਹਿੰਦੀ ਹੈ, ਸਭ ਰੁਕਾਵਟਾਂ ਦੂਰ ਕਰਦੀ ਜਾਂਦੀ ਹੈ ਅਤੇ ਮੈਲ੍ਹਾਂ ਨੂੰ ਧੋਂਦੀ ਜਾਂਦੀ ਹੈ, ਪਰ ਜੇ ਕਿਧਰੇ ਮਾਰੂਥਲਾਂ ਚ’ ਗਵਾਚ ਜਾਏ, ਤਾਂ ਉਸਦੀ ਆਪਣੀ ਹੋਂਦ ਹੀ ਜਾਂਦੀ ਰਹਿੰਦੀ ਹੈ। ਪਰਬਤਾਂ ਤੋਂ ਡਿਗਦੇ ਝਰਨੇ ਅਤੇ ਧਰਤ ਤੋਂ ਪੂਰੇ ਵੇਗ ਨਾਲ ਆ ਰਹੇ ਚਸ਼ਮੇ, ਜੀਵਨ ਦੇ ਭੇਦਾਂ ਵੱਲ ਇਸ਼ਾਰਾ ਕਰਦੇ ਹਨ। ਕਿਧਰੇ ਹਲਕੀ ਬੂੰਦਾਬਾਂਦੀ, ਕਿਧਰੇ ਧੁੱਪ ਤੇ ਮੀਂਹ, ਕਿਧਰੇ ਬਰਫ਼ਬਾਰੀ, ਕਿਧਰੇ ਜਵਾਲਾਮੁਖੀ ਜਾਂ ਆਪਣੇ ਆਪ ਨਿਕਲਦੀਆਂ ਲਾਟਾਂ ਬ੍ਰਹਿਮੰਡੀ ਡਰਾਮੇ ਦੇ ਅਲੱਗ ਅਲੱਗ ਕਾਂਡ ਹਨ। …. .
ਬੜੀ ਮਿੱਠੀ ਮਿੱਠੀ ਹਵਾ ਆ ਰਹੀ ਹੈ। ਜਰੂਰ ਹਵਾ ਭਾਂਤ ਭਾਂਤ ਦੇ ਖੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਹੈ। ਆਓ! ਜ਼ਰਾ ਅੱਖਾਂ ਨੂੰ ਇਨ੍ਹਾਂ ਨਜ਼ਾਰਿਆਂ ਨਾਲ ਭਰ ਲਈਏ। ਵਾਹ! ਕਿੰਨੇ ਸੋਹਣੇ ਛੋਟੇ ਵੱਡੇ, ਵੱਖ ਵੱਖ ਆਕਾਰ ਦੇ ਫੁੱਲ ਆਪਣੀ ਵੱਖਰੀ ਵੱਖਰੀ ਕਹਾਣੀ ਕਹਿ ਰਹੇ ਹਨ। ਜੇ ਕਿਧਰੇ ਭੌਰ ਅਤੇ ਤਿਤਲੀਆਂ ਇਨ੍ਹਾਂ ਫੁੱਲਾਂ ਦਾ ਰਸ ਪੀ ਕੇ ਨਿਹਾਲ ਹੋ ਰਹੇ ਹਨ ਤਾਂ ਐਸੇ ਫੁੱਲ ਵੀ ਹਨ ਜੋ “ਕੀਟਾਂ” ਨੂੰ ਆਪਣੀ ਖੁਰਾਕ ਬਣਾ ਲੈਂਦੇ ਹਨ। ਵੱਖੋ ਵੱਖ ਡੰਡੀਆਂ, ਪੱਤਿਆਂ ਅਤੇ ਕੰਡਿਆਂ ਵਿੱਚ ਘਿਰੇ ਹੋਏ ਇਹ ਫੁੱਲ ਕੁਦਰਤ ਦਾ ਅਨਮੋਲ ਤੋਹਫਾ ਹੈ।
ਆਓ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਣ ਦੀ ਕੋਸ਼ਿਸ਼ ਕਰੀਏ। ਚਿੜੀਆਂ ਦੀ ਚੀਂ ਚੀਂ, ਕੋਇਲ ਦੀ ਕੂ ਕੂ, ਕਾਵਾਂ ਦੀ ਕਾਂ ਕਾਂ, ਭੌਰਿਆਂ, ਬੁਲਬੁਲਾਂ, ਤੋਤਿਆਂ, ਮੋਰਾਂ, ਘੁੱਗੀਆਂ ਗਟਾਰਾਂ ਅਤੇ ਹੋਰ ਜਾਨਵਰਾਂ ਦੀਆਂ ਵੱਖ ਵੱਖ ਆਵਾਜਾਂ ਨੂੰ ਪੂਰੇ ਧਿਆਨ ਨਾਲ ਸੁਣੋ। ਜਾਪਦੈ ਜਿਉ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਹਨ। ਕਈ ਵਾਰੀ ਚੁੱਪ ਬੈਠਿਆਂ ਨੂੰ ਅੱਖਾਂ ਚ’ ਅੱਖਾਂ ਪਾ ਕੇ ਵੇਖੋ, ਇੱਕ ਪ੍ਰੇਮ ਭਰਿਆ ਸਕੂਨ ਮਿਲੇਗਾ। … … ….
ਬੱਦਲਾਂ ਦੀ ਜੋਰਦਾਰ ਗੜ੍ਹਗੜਾਹਟ ਦਾ ਆਪਣਾ ਹੀ ਮਜ਼ਾ ਹੈ। ਮੀਂਹ ਵਿੱਚ ਭਿੱਜਣ ਦਾ ਅਤੇ ਨਹਾਉਣ ਦਾ ਅਸਲ ਲੁਤਫ਼ ਉਨ੍ਹਾਂ ਨੂੰ ਹੀ ਮਿਲ ਸਕਦਾ ਹੈ, ਜਿਹੜੇ ਲੋਕ ਲਾਜ਼ ਨੂੰ ਛੱਡ ਕੇ ਨਹਾਉਣ ਦਾ ਹੌਂਸਲਾ ਰੱਖਦੇ ਹਨ। ਹੁਣ ਤੱਕ ਚੜ੍ਹਦੇ ਸੂਰਜ ਨੂੰ ਸਲਾਮਾਂ ਕਰਦੇ ਆਏ ਹੋ, ਠੀਕ ਹੈ ਕਰੋ, ਪਰ ਡੁੱਬਦੇ ਸੂਰਜ ਦੀ ਲਾਲੀ ਨੂੰ ਅੱਖੋਂ ਓਹਲੇ ਨਾ ਕਰ ਦੇਣਾ। ਸਿਰਫ਼ ਪੁੰਨਿਆ ਦੇ ਚੰਨ ਦੀ ਤਾਰੀਫ਼ ਹੀ ਨਾ ਕਰਦੇ ਰਹਿਣਾ, ਯਾਰੋ ਮੱਸਿਆ ਦਾ ਆਪਣਾ ਨਜ਼ਾਰਾ ਹੈ। ਗੂੜ੍ਹੀ ਕਾਲ਼ੀ ਰਾਤ ਨੂੰ ਵੀ ਮਾਣਨਾ ਸਿੱਖੀਏ। ਕਾਲ਼ੀ ਕਾਲ਼ੀ ਰਾਤ ਵਿੱਚ ਆਕਾਸ਼ ਤੇ ਚਮਕਦੇ ਅਤੇ ਲੁਕਣ ਮੀਚੀ ਖੇਡਦੇ ਹੋਏ ਤਾਰੇ ਜਿੰਦਗੀ ਦੇ ਉਤਾਰ ਚੜ੍ਹਾਂਅ ਵੱਲ ਇਸ਼ਾਰਾ ਕਰਦੇ ਹਨ। ਹਰ ਦਿਨ ਤੋਂ ਬਾਅਦ ਰਾਤ ਅਤੇ ਹਰ ਰਾਤ ਤੋਂ ਬਾਅਦ ਦਿਨ ਦਾ ਆਉਣਾ ਇੱਕ ‘ਅਗੰਮੀ ਸਿਧਾਂਤ’ - “ਸਭ ਕੁੱਝ ਬਦਲਦਾ ਹੈ ਪਰ ਪਰੀਵਰਤਨ ਦਾ ਨਿਯਮ ਨਹੀਂ ਬਦਲਦਾ” - ਦੀ ਬਾਤ ਪਾਉਂਦਾ ਹੈ, ਤਾਂ ਫਿਰ ਅਸੀਂ ਕਿਉਂ ਕਿਸੇ ਗ਼ਮੀ ਜਾਂ ਖੁਸ਼ੀ ਨੂੰ ਦਿਲ ਚ’ ਸੰਭਾਲੀ ਰੱਖਦੇ ਹਾਂ? ਜਦਕਿ ਉਹ ਚਿਰ ਸਥਾਈ ਨਹੀਂ।
ਆਓ! ਬਾਗਾਂ ਦੀ ਖੂਬਸੂਰਤੀ ਨਾਲੋਂ ਜੰਗਲ ਵਿੱਚੋਂ ਸੁਹੱਪਣ ਦੀ ਭਾਲ ਕਰੀਏ। ਵੱਖ ਵੱਖ ਰੰਗਾਂ ਅਕਾਰਾਂ ਅਤੇ ਅਲੱਗ ਅਲੱਗ ਤਰਾਂ ਦੇ ਗੁਣਾਂ ਵਾਲੀ ਬਨਸਪਤੀ ਇੱਥੇ ਮਿਲਦੀ ਹੈ। ਇੱਕ ਪਾਸੇ ਜੀਵਨ ਦਾਨ ਦੇਣ ਵਾਲੇ ਅਉਖਧੀ ਭਰਪੂਰ ਬੂਟੇ ਵੀ ਹਨ ਤਾਂ ਦੂਜੇ ਪਾਸੇ ਜਹਿਰੀਲੇ ਬੂਟੇ ਵੀ ਹਨ ਜਿਹੜੇ ਪਲ ਚ’ ਜੀਵਨ ਨੂੰ ਮੌਤ ਵਿੱਚ ਬਦਲ ਦੇਣ। ਅਨਿਸ਼ਚਤਤਾ ਅਤੇ ਬੇਤਰਤੀਬੀ- (ਜੋ ਜੰਗਲ ਦੀ ਲਖਾਇਕ ਹੈ) -ਵਿੱਚ ਪੂਰਨ ਆਜ਼ਾਦੀ ਦੇ ਨਿੱਘ ਦਾ ਅਹਿਸਾਸ ਛੁਪਿਆ ਹੈ। ਵੱਖ ਵੱਖ ਤਰਾਂ ਦੇ ਜੰਗਲੀ ਜੀਵਾਂ ਦਾ ਨਿਵਾਸ ਸਥਾਨ ਵੀ ਹੈ ਇਹ। ਇਸ ਜੰਗਲ ਵਿੱਚ ਜੀਵਨ ਅਤੇ ਮੌਤ ਦੀ ਧਾਰਾ ਨਿਰੰਤਰ ਚਲਦੀ ਰਹਿੰਦੀ ਹੈ। ਅਸਲ ਵਿੱਚ ‘ਜਿਉਂਦੇ ਰਹਿਣ ਲਈ ਸੰਘਰਸ਼’ ਦਾ ਸਬਕ ਸਾਨੂੰ ਜੰਗਲ ਹੀ ਸਿਖਾ ਸਕਦੇ ਹਨ। … ….
ਜਾਂਦੇ ਜਾਂਦੇ ਸਮੁੰਦਰਾਂ ਦੀ ਗਹਿਰਾਈ ਅਤੇ ਆਕਾਸ਼ਾਂ ਦੀ ਉਚਾਈ ਵੀ ਮਾਪਦੇ ਚੱਲੀਏ। ਸਮੁੰਦਰ ਦੀ ਵਿਸ਼ਾਲਤਾ ਅਤੇ ਡੂੰਘਾਈ, ਆਪਣੇ ਜਵਾਰ-ਭਾਟੇ ਦੇ ਬਾਵਜੂਦ; ਜਿੰਦਗੀ ਦੀ ਅਸੀਮ ਸਮਰੱਥਾ ਅਤੇ ਸਥਿਰਤਾ ਵੱਲ ਇਸ਼ਾਰਾ ਕਰਦੀ ਹੈ। ਆਕਾਸ਼ ਦੀ ਵਿਸ਼ਾਲਤਾ, ਸ਼ਾਂਤੀ, ਅਣਹੋਂਦ ਚੋਂ ਹੋਂਦ ਨੂੰ ਲੱਭਣ ਦਾ ਯਤਨ, ਇੱਕ ਅਣਦਿਸਦੇ ਪ੍ਰਭੂ ਵਾਂਗ ਹੈ ਜੋ ਨਾ ਹੁੰਦੇ ਹੋਏ ਵੀ ਹੋਣ ਦਾ ਵਿਸ਼ਵਾਸ਼ ਦੁਆਉਂਦਾ ਹੈ ਅਤੇ ਆਪ ਬੇਪਰਦ ਹੋ ਕੇ ਸਭ ਦੇ ਪਰਦੇ ਵੀ ਕੱਜਦਾ ਹੈ। ਸਭ ਨੂੰ ਉਤਾਂਹ ਉੱਠਣ ਅਤੇ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੰਦਾ ਹੈ।
ਕਦੇ ਕਦੇ ਆਤਮਾ ਦੇ ਤਲ ਤੋਂ, ਧੁਰ ਅੰਦਰ ਤੋ, ਕਾਦਰ ਦੀ ਇਸ ਕੁਦਰਤ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕਰੀਏ। ਜਰੂਰੀ ਨਹੀਂ ਘਰ ਛੱਡ ਕੇ ਜੰਗਲਾਂ, ਪਰਬਤਾਂ ਜਾਂ ਸਮੁੰਦਰਾਂ ਵੱਲ ਦੌੜੀਏ। ਆਪਣੇ ਅੰਦਰੋਂ ਹੀ ਇਨ੍ਹਾਂ ਦੀ ਹੋਂਦ ਨੂੰ, ਇਨ੍ਹਾਂ ਦੇ ਗੁਣਾਂ ਨੂੰ ਅਤੇ ਸੰਦੇਸ਼ ਨੂੰ ਯਾਦ ਕਰੀਏ ਤਾਂ ਕਿ ਉਸ ਕਾਦਰ ਨਾਲ ਵੀ ਸਾਂਝ ਪਾਈ ਜਾ ਸਕੇ।
Brief Review
1. ਇਸ ਲੇਖ ਤੋਂ ਅਸੀਂ ਕੀ ਸਿਖਦੇ ਹਾਂ ? ਵਿਸਥਾਰ ਨਾਲ ਦਸੋ।2.
3.
4.
5.
6. ਸੇਵਾ ਤੋਂ ਕੀ ਭਾਵ ਹੈ?
7.
8.
9.
10.
11.
12.
13.
14.
15.
16.