ਸਾਡੇ ਆਲੇ ਦੁਆਲੇ ਦੇਖੇ ਜਾਂਦੇ ਜੀਵਾਂ, ਵਸਤੂਆਂ ਆਦਿ ਦਾ ਕੋਈ ਨਾ ਕੋਈ ਨਾਂਵ ਰੱਖਿਆ ਹੋਇਆ ਹੈ। ਇਸੇ ਤਰਾਂ ਮਨੁੱਖੀ ਸਰੀਰ ਅਤੇ ਮਨ ਦੀਆਂ ਅਵਸਥਾਵਾਂ ਦੀਆਂ ਹਾਲਤਾਂ ਆਦਿ ਦਾ ਵੀ ਕੋਈ ਨਾ ਕੋਈ ਨਾਂਵ ਰੱਖਿਆ ਮਿਲਦਾ ਹੈ।
ਨਾਂਵ ਸ਼ਬਦਾਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ। ਨਾਂਵ ਸ਼ਬਦਾਂ ਦੀ ਸੂਚੀ ਵਿੱਚ ਸਮੇਂ ਸਮੇਂ ਕਈ ਨਵੇਂ ਨਾਂਵ ਸ਼ਾਮਲ ਹੁੰਦੇ ਰਹਿੰਦੇ ਹਨ ਅਤੇ ਕਈ ਪੁਰਾਣੇ ਨਾਂਵ ਵਰਤੋਂ ਵਿੱਚੋਂ ਨਿਕਲਦੇ ਰਹਿੰਦੇ ਹਨ। ਉਦਾਹਰਨ ਵਜੋਂ, ਦਫ਼ਤਰਾਂ ਵਿੱਚ ਆਮ ਤੌਰ 'ਤੇ ਕੰਪਿਊਟਰ ਦੀ ਵਰਤੋਂ ਨਾਲ, ਪੁਰਾਣੇ ਸਮੇਂ ਦੀ ਕਲਮ ਅਤੇ ਦਵਾਤ ਦੀ ਵਰਤੋਂ ਬੰਦ ਹੋ ਜਾਣ ਕਰਕੇ, ਇਨ੍ਹਾਂ ਦੇ ਨਾਂਵਾਂ ਦੀ ਵਰਤੋਂ ਵੀ ਬੰਦ ਹੋ ਗਈ ਹੈ। ਕਈਆਂ ਨੂੰ ਤਾਂ ਇਹ ਵੀ ਪਤਾ ਨਹੀ ਹੋਵੇਗਾ ਕਿ ਕਲਮ ਅਤੇ ਦਵਾਤ ਜਿਹੀਆਂ ਵਸਤੂਆਂ ਦੇਖਣ ਨੂੰ ਕਿਸ ਤਰਾਂ ਦੀਆਂ ਹੁੰਦੀਆਂ ਸਨ । ਇਸੇ ਤਰ੍ਹਾਂ, ਵਕਤ ਲਈ ਘੜੀ ਦੀ ਵਰਤੋਂ ਨਾਲ, ਕੋਈ ਅੱਧੀ ਸਦੀ ਪਹਿਲਾਂ ਵਰਤੇ ਜਾਂਦੇ ਨਾਂਵ; ਜਿਵੇਂ:- ਸ਼ਾਹ ਵੇਲਾ, ਦੁਪਹਿਰ ਵੇਲਾ, ਲੌਡ੍ਹੇ ਵੇਲਾ, ਤਰਕਾਲਾਂ, ਸੰਧਿਆ ਵੇਲਾ, ਅੰਮ੍ਰਿਤ ਵੇਲਾ, ਆਦਿ ਕਈ ਨਾਂਵ ਅਲੋਪ ਹੋ ਗਏ ਹਨ। ਨਵੇਂ ਜ਼ਮਾਨੇ ਵਿੱਚ ਕੰਪਿਊਟਰਾਂ ਦੇ ਨਾਂਵ ਅਤੇ ਇਹਨਾਂ ਵਿੱਚ ਵਰਤੇ ਜਾਂਦੇ ਨਵੇਂ ਪੁਰਜ਼ਿਆਂ ਦੇ ਨਾਂਵ ਬਦਲਦੇ ਹੀ ਰਹਿੰਦੇ ਹਨ। ਹੋਰ ਤਾਂ ਹੋਰ, ਨਵੇਂ ਜਨਮੇ ਬੱਚਿਆਂ ਦੇ ਨਵੇਂ ਤੋਂ ਨਵੇਂ ਰੱਖੇ ਜਾਂਦੇ ਨਾਂਵ ਵੀ ਨਾਵਾਂ ਦੀ ਸ਼੍ਰੇਣੀ ਵਿੱਚ ਨਿੱਤ ਨਵਾਂ ਵਾਧਾ ਕਰੀ ਜਾਂਦੇ ਹਨ।
ਨਾਂਵ :- ਜਿਹੜਾ ਸ਼ਬਦ ਕਿਸੇ ਮਨੁੱਖ, ਜੀਵ , ਥਾਂ , ਹਾਲਤ, ਗੁਣ, ਭਾਵ, ਕੰਮ ਜਾਂ ਵਸਤੂ ਆਦਿ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ, ਉਸ ਨੂੰ ਨਾਂਵ ਆਖਦੇ ਹਨ, ਜਿਵੇਂ:- ਮਾਤਾ ਖੀਵੀ, ਗੁਰੂ ਨਾਨਕ, ਸਰੋਵਰ, ਦਰਿਆ, ਪਾਣੀ, ਫੌਜ, ਖੁਸ਼ੀ, ਦੁਖ, ਪੰਜ ਪਿਆਰੇ, ਸਾਹਿਬਜ਼ਾਦਾ, ਦਰਬਾਰ ਸਾਹਿਬ, ਗਾਂ, ਖੋਤਾ, ਸਕੂਲ, ਕੰਪਿਊਟਰ, ਘੜੀ, ਇੱਟ, ਸੁਗੰਧ, ਖਬਲ ਘਾਹ, ਆਦਿ ਸਭ ਨਾਂਵ ਹਨ।
ਨੋਟ ੧: - ਨਾਂਵ ਨੂੰ ਨਾਉਂ, ਨਾਮ (ਜਾਂ ਹਿੰਦੀ ਵਿਚ ਸੰਗਯਾ) ਵੀ ਕਿਹਾ ਜਾਂਦਾ ਹੈ।
ਨੋਟ ੨: - ਗੁਰਬਾਣੀ ਵਿਆਕਰਨ ਵਿਚ ਦੇਖਾਂਗੇ ਕਿ ' ਨਾਉਂ ' ਇਕ-ਵਚਨ ਹੈ ਅਤੇ ' ਨਾਂਵ ' ਬਹੁ-ਵਚਨ ਹੈ।
ਨਾਂਵ ਪੰਜ ਪ੍ਰਕਾਰ ਦੇ ਹਨ:-
1. ਖਾਸ ਨਾਂਵ (Proper Noun): ਕਿਸੇ ਖਾਸ ਮਨੁਖ , ਵਸਤੂ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਂਵ ਨੂੰ ਖਾਸ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਬਾਬਾ ਬੁੱਢਾ ਜੀ, ਬਾਬਾ ਬੰਦਾ ਸਿੰਘ ਬਹਾਦਰ, ਸਿੰਧ, ਅੰਮਿ੍ਤਸਰ ਅਤੇ ਪੰਜਾਬ ਆਦਿ ਖ਼ਾਸ ਨਾਂਵ ਹਨ।
2. ਆਮ ਜਾਂ ਜਾਤੀ ਨਾਂਵ (Common Noun): ਇਕ ਕਿਸਮ ਦੀਆਂ ਗਿਣਨ-ਯੋਗ ਚੀਜ਼ਾਂ ਦੇ ਸਾਂਝੇ ਨਾਂਵ ਨੂੰ ਆਮ ਜਾਂ ਜਾਤੀ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਘੋੜਾ, ਬਾਜ਼, ਮੇਜ਼, ਕੁਰਸੀ, ਦਰਿਆ, ਪਹਾੜ, ਗੁਰਦੁਵਾਰੇ, ਸ਼ਹਿਰ, ਪਿੰਡ, ਮੁੰਡਾ, ਕੁੜੀ, ਲਕੜੀ, ਰਿਛ, ਆਦਿ।
3. ਇਕੱਠ ਵਾਚਕ ਨਾਂਵ (Collective Noun): ਕਿਸੇ ਇਕੱਠ ਲਈ ਵਰਤੇ ਨਾਂਵ ਨੂੰ ਇਕੱਠ ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਫੌਜ, ਸੰਗਤ, ਇੱਜੜ, ਜਮਾਤ, ਕੰਪਨੀ, ਸਭ੍ਹਾ-ਸੋਸਾਇਟੀ, ਆਦਿ।
4. ਵਸਤ-ਵਾਚਕ ਨਾਂਵ (Material Noun): ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਵਸਤ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇਂ:- ਦੁੱਧ, ਘਿਉ, ਮੱਖਣ, ਆਟਾ, ਦਾਲ, ਸੋਨਾ, ਚਾਂਦੀ, ਪਾਣੀ, ਰੇਤ, ਆਦਿ।
5. ਭਾਵ-ਵਾਚਕ ਨਾਂਵ (Abstract Nouns): ਜਿਹੜੀਆਂ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾਂ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਹਨਾਂ ਦੇ ਨਾਂਵ ਨੂੰ ਭਾਵ-ਵਾਚਕ ਨਾਂਵ ਆਖਿਆ ਜਾਂਦਾ ਹੈ, ਜਿਵੇ:- ਝੂਠ, ਸੱਚ, ਹਵਾ, ਗਮੀ, ਖੁਸ਼ੀ, ਮਿਠਾਸ, ਕੁੜੱਤਨ, ਸੁਗੰਧ ਆਦਿ।
ਅਭਿਆਸ
- ਨਾਂਵ ਕਿਸ ਨੂੰ ਆਖਦੇ ਹਨ? ਉਦਾਹਰਨਾਂ ਸਹਿਤ ਦੱਸੋ।
- ਨਾਂਵ ਕਿੰਨੀ ਪ੍ਰਕਾਰ ਦੇ ਹਨ? ਨਾਵਾਂ ਦੀ ਹਰੇਕ ਪ੍ਰਕਾਰ ਦੇ ਨਾਂਵ ਉਦਾਹਰਨਾਂ ਸਹਿਤ ਲਿਖੋ।
ਹੇਠ ਲਿਖੇ ਨਾਂਵ ਕਿਸ ਪ੍ਰਕਾਰ ਦੇ ਹਨ?
ਜੱਸਾ ਸਿੰਘ ਆਹਲੂਵਾਲੀਆ, ਦਰਿਆ, ਬੇਰੀ, ਸੰਗਤਰਾ, ਆਟਾ, ਸਭ੍ਹਾ, ਕੁਰਸੀ, ਮੁੰਡਾ, ਲਕੜੀ, ਕੁੜੱਤਨ, ਸੱਚ, ਬਾਜ਼, ਆਦਿ ।
ਹੇਠ ਲਿਖਿਆਂ ਦੇ ਹਾਂ ਜਾਂ ਨਾਂਹ ਵਿਚ ਉੱਤਰ ਦਿਉ।