6. ਗੁਰਬਾਣੀ ਵਿਚ ਵਰਤੇ " ਤਤਸਮ " ਅਤੇ " ਤਦਭਵ " ਸ਼ਬਦ:-

ਪੰਜਾਬੀ ਬੋਲੀ ਦਾ ਹਾਜ਼ਮਾ ਬਹੁਤ ਚੰਗਾ ਹੈ। ਇਸੇ ਕਰਕੇ ਪੰਜਾਬੀ ਬੋਲੀ ਨੇ ਬਾਹਰਲੀਆਂ ਬੋਲੀਆਂ ਦੇ ਵੀ ਕਈ ਸ਼ਬਦ ਅਪਣਾਏ ਹੋਏ ਹਨ।

  • ਗੁਰਬਾਣੀ ਲਿਖਣ ਵਿੱਚ ਸਾਧ ਭਾਸ਼ਾ ਅਤੇ ਹੋਰ ਬੋਲੀਆਂ ਦੇ ਸ਼ਬਦ ਵੀ ਵਰਤੇ ਹੋਏ ਹਨ।

      ਗੁਰਬਾਣੀ ਵਿਚ ਵਰਤੇ " ਤਤਸਮ " ਅਤੇ " ਤਦਭਵ " ਸ਼ਬਦ,   ਇਨ੍ਹਾਂ ਸ਼ਬਦਾਂ ਦੇ ਜੋੜਾਂ ਵਿਚ ਵਰਤੀਆਂ ਲਗਾਂ ਮਾਤਰਾਂ ਅਤੇ ਇਨ੍ਹਾਂ ਦਾ ਗੁਰਬਾਣੀ ਦੇ ਲਗ/ਮਾਤਰੀ ਨਿਯਮਾਂ ਨਾਲ ਸੰਬੰਧ:-

      ਇਸੇ ਤਰਾਂ ਗੁਰਬਾਣੀ ਵਿੱਚ ਵੀ ਪੰਜਾਬੀ ਬੋਲੀ ਦੇ ਸ਼ਬਦਾਂ ਤੋਂ ਸਿਵਾ ਸੰਸਕ੍ਰਿਤ, ਅਰਬੀ, ਫ਼ਾਰਸੀ, ਮਰਾਠੀ, ਰਾਜਸਥਾਨੀ, ਗੁਜਰਾਤੀ, ਬੰਗਾਲੀ ਆਦਿ ਦੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਹੋਈ ਹੈ।

      ਪੰਜਾਬੀ ਬੋਲੀ ਵਿੱਚ ਤਿੰਨ ਤਰ੍ਹਾਂ ਦੇ ਸ਼ਬਦ ਵਰਤੇ ਮਿਲਦੇ ਹਨ:-

    •   ਮੌਲਿਕ (ਦੇਸੀ) ਸ਼ਬਦ ਰੂਪ (Local Words):- ਰਾਹ, ਮੰਗਣਾ, ਦਰ, ਘਰ, ਆਦਿ ਮੌਲਿਕ (ਦੇਸੀ) ਸ਼ਬਦ ਰੂਪ ਹਨ ।

    •   ਤਤਸਮ ਸ਼ਬਦ ਰੂਪ :- ਉਹ ਹਨ ਜਿਹੜੇ ਦੂਜੀਆਂ ਭਾਸ਼ਾਵਾਂ ਵਿੱਚੋਂ ਲਏ ਗਏ ਹਨ ਪਰੰਤੂ ਇਨ੍ਹਾਂ ਦਾ ਮੁੱਢਲਾ ਸਰੂਪ ਪੰਜਾਬੀ ਬੋਲੀ ਵਿੱਚ ਅਪਣਾਏ ਜਾਣ ਮਗਰੋਂ ਵੀ ਨਹੀਂ ਬਦਲਦਾ ।

    •  ਤਦਭਵ ਸ਼ਬਦ ਰੂਪ :- ਉਹ ਹਨ ਜਿਨ੍ਹਾਂ ਦਾ ਹੋਰ ਬੋਲੀਆਂ ਵਿੱਚੋਂ ਅਪਣਾਏ ਜਾਣ ਮਗਰੋਂ, ਉਨ੍ਹਾ ਦਾ ਮੁੱਢਲਾ ਸਰੂਪ ਕਈ ਥਾਂਈ ਬਦਲ ਵੀ ਸਕਦਾ ਹੈ ।

    •   ਤਤਸਮ ਸ਼ਬਦ ਰੂਪਾਂ ਦੀਆਂ ਉਦਾਹਰਨਾਂ - 1. ਸੰਸਕ੍ਰਿਤ ਭਾਸ਼ਾ ਵਿੱਚੋਂ ਪੰਜਾਬੀ ਬੋਲੀ ਵਿਚ ਅਪਣਾਏ ਤਤਸਮ ਸ਼ਬਦ ਰੂਪ:-

    •   ਅੰਮ੍ਰਿਤ, ਪ੍ਰਸਾਦ, ਕ੍ਰਿਪਾ, ਪ੍ਰਾਣ, ਪ੍ਰੀਤਿ, ਘ੍ਰਿਤ, ਜਲ, ਨਰ, ਕਰ (ਭਾਵ: ਹੱਥ) ਮਨ, ਕਰੁਣਾ,ਨਿਰੰਜਨ, ਨਿਧਾਨ, ਮਾਰਗ, ਆਦਿ ਸ਼ਬਦ ਸੰਸਕ੍ਰਿਤ ਦੇ ਤਤਸਮ ਸ਼ਬਦ ਹਨ ।

    • 2. ਸੰਸਕ੍ਰਿਤ ਭਾਸ਼ਾ ਵਿੱਚੋਂ ਇਸਤ੍ਰੀ-ਲਿੰਗ ਨਾਉਂ ਦੇ ਤਤਸਮ ਸ਼ਬਦ ਰੂਪ ਜੋ ਪੰਜਾਬੀ ਬੋਲੀ ਵਿਚ ਅਪਣਾਏ ਗਏ:-

      ਹੇਠ ਲਿਖੇ ਇਸਤ੍ਰੀ-ਲਿੰਗ ਨਾਂਵਾਂ ਦੇ ਤਤਸਮ ਸ਼ਬਦ ਰੂਪਾਂ ਨੂੰ ਪੜ੍ਹਦਿਆਂ ਕਈ ਔਂਕੜ ਅੰਤ ਨਾਂਵ ਹਨ ਜੋ ਸੰਸਕ੍ਰਿਤ ਭਾਸ਼ਾ ਦੇ ਮੌਲਿਕ ਸ਼ਬਦ ਰੂਪ ਨਾਂਵ ਹਨ। ਇਹਨਾਂ ਨਾਂਵ ਸ਼ਬਦਾਂ ਦਾ ਔਂਕੜ-ਅੰਤ ਹੋਣਾ, ਇਹਨਾਂ ਦਾ ਆਪਣਾ ਰੂਪ ਹੈ ਜਿਸ ਨੂੰ ਦੇਖ ਕੇ ਸਾਨੂੰ ਸ਼ਬਦਾਂ ਦੇ ਇਕ-ਵਚਨ ਪੁਲਿੰਗ ਹੋਣ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ। ਇਹ ਸ਼ਬਦ ਹੇਠ ਲਿਖੇ ਹਨ।

    • ਅੰਸੁ, ਸਾਸੁ, ਹਿੰਙੁ, ਕਫੁ, ਕਲਤੁ, ਖਾਂਡੁ, ਖੜੁ, ਚਿੰਜ, ਛਾਰੁ, ਜਿੰਦੁ, ਜਰੁ, ਤੰਤੁ, ਦਭੁ, ਦਰਦੁ, ਧੇਣੁ (ਧੇਨੁ), ਧਾਤੁ, ਪਉਣੁ, ਫੇਨੁ, ਬਸਤੁ, ਬਿਖੁ, ਬੇਨੁ, ਬਿੰਦੁ, ਭਸੁ, ਮਸੁ, ਮੁਸਕਲੁ, ਮਲੁ (ਮੈਲੁ), ਰੇਣੁ (ਰੇਨੁ), ਰਕਤੁ, ਰਤੁ, ਰੇਤੁ, ਲਾਜੁ (ਲਜੁ), ਵਾਉ, ਵਿਸੁ, ਵੰਸੁ, ਵਾਸੁ, ਵਸਤੁ, ਵਥੁ, ਭੰਡੁ।

      ਅਗੇ ਚੱਲ ਕੇ ਦੱਸਿਆ ਜਾਵੇਗਾ ਕਿ ਇਨ੍ਹਾਂ ਸ਼ਬਦਾਂ ਉਤੇ ਗੁਰਬਾਣੀ ਦੇ ਲਗਾਂ ਮਾਤਰਾਂ ਵਾਲੇ ਨਿਯਮਾਂ ਨਾਲ ਇਨ੍ਹਾਂ ਦਾ ਮੁੱਢਲਾ ਸ਼ਬਦ-ਰੂਪ ਨਹੀਂ ਬਦਲਦਾ, ਭਾਵ: ਇਨ੍ਹਾਂ ਦੀਆਂ ਲਗਾਂ ਮਾਤਰਾਂ ਨਹੀ ਬਦਲਦੀਆਂ।

    • 1. ਫ਼ਾਰਸੀ ਭਾਸ਼ਾ ਵਿੱਚੋਂ ਪੰਜਾਬੀ ਬੋਲੀ ਵਿੱਚ ਅਪਣਾਏ ਤਤਸਮ ਸ਼ਬਦ ਰੂਪ:-

    •   ਗੋਸ, ਦਰਵੇਸ, ਯਕ, ਅਰਜ, ਗੁਫ਼ਤਮ , ਸਵਦ, ਕੁਨ, ਹਕਾ, ਕਬੀਰ, ਕਰੀਮ, ਹੁਕਮ, ਰਜਾਈ, ਮਸਕਤਿ, ਆਦਿ ਸ਼ਬਦ ਫ਼ਾਰਸੀ ਦੇ ਤਤਸਮ ਸ਼ਬਦ ਰੂਪ ਹਨ।

      ਤਦਭਵ ਸ਼ਬਦ ਰੂਪਾਂ ਦੀਆਂ ਉਦਾਹਰਨਾਂ:-

    • 2. ਸੰਸਕ੍ਰਿਤ ਭਾਸ਼ਾ ਵਿੱਚੋਂ ਪੰਜਾਬੀ ਬੋਲੀ ਵਿਚ ਅਪਣਾਏ ਤਦਭਵ ਰੂਪ ਸ਼ਬਦ :-

       ਗੁਰਬਾਣੀ ਵਿੱਚ ਵਰਤੇ ਸੰਤੋਖ, ਮਨੁੱਖ, ਕਾਂਖੀ, ਦੋਖ, ਕੰਨ, ਹੱਥ, ਕਾਰਜ, ਸਤ, ਭਰਾ, ਭੈਣ, ਸਿਖ, ਲਾਹਾ (ਲਾਭ), ਵਥ (ਵਸਤ), ਇਸ਼ਨਾਨ (ਸ਼ਨਾਨ), ਕੋਇਲ (ਕੋਕਿਲ) ਭਗਤਿ (ਭਗਤੀ), ਆਦਿ ਸ਼ਬਦ ਸੰਸਕਿ੍ਤ ਦੇ ਤਦਭਵ ਰੂਪ ਹਨ ।

    • 3. ਫ਼ਾਰਸੀ ਭਾਸ਼ਾ ਵਿੱਚੋਂ ਪੰਜਾਬੀ ਬੋਲੀ ਵਿਚ ਅਪਣਾਏ ਤਦਭਵ ਸ਼ਬਦ ਰੂਪ:-

       ਗੁਰਬਾਣੀ ਵਿੱਚ ਵਰਤੇ ਸਜਾਇ, ਦੋਜਕ, ਪਰਵਦਗਾਰ, ਵਖਤ, ਪੈਕਾਮਰ, ਫਰੇਸਤਾ, ਆਦਿ ਸ਼ਬਦ ਫ਼ਾਰਸੀ ਦੇ ਤਦਭਵ ਰੂਪ ਹਨ।

    • ਗੁਰਬਾਣੀ ਵਿੱਚ ਦੂਜੀਆਂ ਭਾਸ਼ਾਵਾਂ ਦੇ ਵਰਤੇ ਤਤਸਮ ਅਤੇ ਤਦਭਵ ਸ਼ਬਦਾਂ ਦੇ ਦੋਵੋਂ ਸ਼ਬਦ ਰੂਪ ਮਿਲਦੇ ਹਨ।

      ਜਿਹੜੇ ਦੂਜੀਆਂ ਭਾਸ਼ਾਵਾਂ ਤੋਂ ਆਏ ਸ਼ਬਦਾਂ ਦਾ ਪੰਜਾਬੀ ਵਿੱਚ ਲਿਖਣ ਅਤੇ ਪੜ੍ਹਨ ਸਮੇਂ ਰੂਪ ਜਾਂ ਉਚਾਰਨ ਨਹੀਂ ਬਦਲਿਆ ਗਿਆ ਉਨ੍ਹਾਂ ਨੂੰ 'ਤਤਸਮ ਸ਼ਬਦ ' ਕਿਹਾ ਜਾਂਦਾ ਹੈ ਅਤੇ ਜਿਹੜੇ ਸ਼ਬਦਾਂ ਦਾ ਰੂਪ ਅਤੇ ਉਚਾਰਨ ਕਈ ਥਾਈਂ ਬਦਲਿਆ ਗਿਆ ਹੈ ਉਨ੍ਹਾਂ ਸ਼ਬਦਾਂ ਨੂੰ ' ਤਦਭਵ ਸ਼ਬਦ ' ਕਿਹਾ ਜਾਂਦਾ ਹੈ।

      ਤਤਸਮ ਸ਼ਬਦਾਂ ਦੀਆਂ ਉਦਾਹਰਨਾਂ:

      ਮਲੁ, ਰੇਣੁ, ਧੇਣੁ, ਮਿਰਤੁ ਆਦਿ ਲਫ਼ਜ ਭਾਵੇਂ ਔਂਕੜ-ਅੰਤ ਹਨ, ਪਰੰਤੂ ਇਹ ਇਸਤਰੀ ਲਿੰਗ ਹਨ ਅਤੇ ਇਨ੍ਹਾਂ ਨਾਲ ਔਂਕੜ ਮੂਲਕ ਹਨ

      ਇਸੇ ਤਰਾਂ ਸਾਸੁ (Mother-in-law),  ਛਾਰੁ,  ਜਿੰਦੁ,  ਧੇਣੁ,  ਰੇਣੁ,  ਮਲੁ,  ਰਤੁ,  ਆਦਿ ਮੌਲਕ-ਅੰਗੀ ਇਸਤ੍ਰੀ-ਲਿੰਗ ਨਾਂਵ ਹਨ ਜੋ ਔਂਕੜ-ਅੰਤ ਹਨ।

      (ਅ) ਮੌਲਕ-ਅੰਗੀ ਸਿਹਾਰੀ-ਅੰਤ ਇਸਤ੍ਰੀ-ਲਿੰਗ ਨਾਉਂ ਦੀਆਂ ਉਦਾਹਰਨਾਂ :-

    • ਅਗਨਿ,   ਮਤਿ,   ਦਾਤਿ,  ਕੁਦਰਤਿ,  ਲਹਰਿ,  ਖਬਰਿ  ਆਦਿ ਮੌਲਕ ਅੰਗੀ ਇਸਤ੍ਰੀ-ਲਿੰਗ ਨਾਂਵ ਹਨ ਜੋ ਸਿਹਾਰੀ ਅੰਤ ਹਨ।

    • ' ਜਨ ' ਪਿਸਰ ਪਦਰ ਬਿਰਾਦਰਾ ਕਸ ਨੇਸ ਦਸੰਤਰ ॥ (ਪੰਨਾ ੭੨੧); ਜਨ = ਜ਼ਨ = ਇਸਤ੍ਰੀ; ਪਿਸਰ = ਪੁੱਤਰ; ਪਦਰ = ਪਿਉ; ਬਿਰਾਦਰ = ਭਰਾ ; ਬਿਰਾਦਰਾਂ = ਭਰਾਵਾਂ ਵਿੱਚ; ਕਸ = ਕੋਈ ਭੀ; ਨੇਸ = ਨੇਸਤ, ਨਾ ਅਸਤ, ਨਹੀਂ ਹੈ । ਇਸ ਪੰਗਤੀ ਵਿੱਚ ' ਜਨ = ਜ਼ਨ ' ਫ਼ਾਰਸੀ ਦਾ ਸ਼ਬਦ ਹੈ ਅਤੇ ਉਚਾਰਨ ' ਜ਼ਨ ' ਹੈ ਅਤੇ ਅਰਥ ' ਇਸਤ੍ਰੀ ' ਹਨ।

    • ' ਜਨ ' ਨਾਨਕ   ਨਾਮ ਧਿਆਇਆ ॥ ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ (ਪੰਨਾ ੬੨੬)। ਇਸ ਪੰਗਤੀ ਵਿੱਚ ' ਜਨ ' ਦਾ ਉਚਾਰਨ ' ਜਨ ' ਹੀ ਹੈ ਅਤੇ ਅਰਥ ' ਸੇਵਕ ' ਹੈ ।

    • ਅਰਥ :- ਹੇ ਦਾਸ ਨਾਨਕ ! (ਆਖ—ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ (ਭਾਵ,ਜੀਵਨ ਵਿੱਚ ਵਿੋਚਰਦਿਆਂ ਹੋਇਆਂ, ਪਰਮਾਤਮਾ ਦੇ ਗੁਣਾਂ ਨੂੰ ਯਾਦ ਰਖਿਆ ), ਤਦੋਂ ਉਸ ਨੇ ਆਪਣੇ ਸਾਰੇ ਦੁੱਖ (ਭਾਵ, ਆਤਮਕ ਦੁਖ) ਦੂਰ ਕਰ ਲਏ। ।੨।੫।੬੯।

    • ਨਾਵੈ ਧਉਲੇ ਉਭੇ ' ਸਾਹ ' ॥ (ਪੰਨਾ ੧੩੭)। ' ਨਾਵੈ ' = ਨੌਂਵੇਂ ; ਇਸ ਪੰਗਤੀ ਵਿੱਚ ' ਸਾਹ ' ਅਰਥ ਸਵਾਸ ਹੈ ਅਤੇ ਉਚਾਰਨ ' ਸਾਹ ' ਹੈ।

    • ਭਇਆ ਦਿਵਾਨਾ ' ਸਾਹ ' ਕਾ   ਨਾਨਕੁ ਬਉਰਾਨਾ ॥ (ਪੰਨਾ ੯੯੧) । ਇਸ ਪੰਗਤੀ ਵਿੱਚ ' ਸਾਹ ' ਫ਼ਾਰਸੀ ਦਾ ਸ਼ਬਦ ਹੈ ਅਤੇ ਉਚਾਰਨ ' ਸ਼ਾਹ ' ਹੈ ਅਤੇ ਅਰਥ ' ਸ਼ਾਹ ਜਾਂ ਸ਼ਾਹੂਕਾਰ ' ਹਨ।

      ਇਹੋ ਜਿਹੀਆਂ ਸੰਸਕ੍ਰਿਤ ਅਤੇ ਫ਼ਾਰਸੀ ਬੋਲੀਆਂ ਦੀਆਂ ਹੋਰ ਉਦਾਹਰਨਾਂ ਪੜ੍ਹਨ ਲਈ, ' ੪੦ ਪੰਨਿਆਂ ਦਾ ਗੁਰਬਾਣੀ ਸ਼ੁਧ ਉਚਾਰਨ, ਨੰ-੨੯, ਅਤੇ ੨੮, ਸਿੱਖ ਮਿਸ਼ਨਰੀ ਕਾਲਜ (ਰਜਿ:) ' ਕੋਲੋਂ ਮੰਗਵਾ ਕੇ ਜ਼ਰੂਰ ਪੜ੍ਹੋ !

  • ਗੁਰਬਾਣੀ ਵਿੱਚ ਲਿਖੇ ਹੋਏ ਫ਼ਾਰਸੀ ਸ਼ਬਦਾਂ ਦਾ ਉਚਾਰਨ ਹੇਠ ਲਿਖੇ ਅਨੁਸਾਰ ਹੈ:-
      ਲਿਖਤੀ ਸ਼ਬਦ   ਸ਼ੁੱਧ ਉਚਾਰਨ   ਲਿਖਤੀ ਸ਼ਬਦ   ਸ਼ੁੱਧ ਉਚਾਰਨ
      ਪੈਦਾਇਸ   ਪੈਦਾਇਸ਼   ਸੋਰ   ਸ਼ੋਰ
      ਫੁਰਮਾਇਸ   ਫੁਰਮਾਇਸ਼   ਮੁਸਕਲ   ਮੁਸ਼ਕਲ
      ਪਾਤਿਸਾਹ   ਪਾਤਿਸ਼ਾਹ   ਪੇਸ   ਪੇਸ਼
      ਸੁਮਾਰ   ਸ਼ੁਮਾਰ   ਮਸਕਤਿ   ਮਸ਼ੱਕਤਿ
      ਸੇਖ   ਸ਼ੇਖ   ਪਰੇਸਾਨੀ   ਪਰੇਸ਼ਾਨੀ
      ਸਕ   ਸ਼ੱਕ   ਗੋਸ   ਗੋਸ਼
      ਸਾਖਾ   ਸ਼ਾਖਾਂ   ਸਰੀਕ   ਸ਼ਰੀਕ
      ਮਾਸਾ   ਮਾਸ਼ਾ   ਬਖਸੇ   ਬਖਸ਼ੇ
      ਸਰਮਿੰਦਾ   ਸ਼ਰਮਿੰਦਾ   ਮਸਹੂਰ   ਮਸ਼ਹੂਰ
      ਜਰ   ਜ਼ਰ   ਗਜ   ਗਜ਼
      ਜਜਮਾਲਿਆ   ਜਜ਼ਮਾਲਿਆ   ਰਜਾਈ   ਰਜ਼ਾਈ
      ਖੁਸੀ   ਖੁਸ਼ੀ   ਜਨ   ਜ਼ਨ
      ਕਰਦੰ   ਕਰਦਨ   ਦੀਦੰ   ਦੀਦਨ
      ਸਰਮ   ਸ਼ਰਮ   ਸਹੁ   ਸ਼ਹੁ
      ਸਾਹ   ਸ਼ਾਹ   ਸਾਇਰੁ   ਸ਼ਾਇਰ

    ਕਰਦਨੀ ਬੂਦ = ਕਰਨਾ ਚਾਹੀਦਾ ਸੀ, (ਪੰਨਾ ੭੨੭ )   ਦੀਦਨ = ਦੇਖਣਾ; (ਪੰਨਾ ੭੨੪)

    ਨੋਟ: ਗੁਰਬਾਣੀ ਵਿਚਲੇ ਫ਼ਾਰਸੀ/ਅਰਬੀ ਦੇ ਸ਼ਬਦਾਂ   ਸਵਦ, ਗੋਸ, ਦਰਵੇਸ, ਸਾਬਾਸਿ, ਗਸਤਮ, ਆਦਿ ਵਿੱਚ  ' ਸ '  ਦੀ ਧੁਨੀ ਦਾ ਉਚਾਰਨ ਇਸ ਅੱਖਰ ਦੀ ਵਿਸ਼ੇਸ਼ ਧੁਨੀ  ' ਸ਼ '  ਵਿੱਚ ਹੀ ਕਰਨਾ ਉਚਿਤ ਹੋਵੇਗਾ।

    Back to previous page      

    Akali Singh Services and History | Sikhism | Sikh Youth Camp Programs | Punjabi and Gurbani Grammar | Home