ਪੰਜਾਬੀ ਬੋਲੀ ਅਤੇ ਵਿਆਕਰਨ/Punjabi Language and Grammar

ਪੰਜਾਬੀ ਬੋਲੀ ਦੀ ਵਿਆਕਰਨ (Grammar) :

ਹੋਰ ਬੋਲੀਆਂ ਦੀ ਤਰਾਂ ਪੰਜਾਬੀ ਬੋਲੀ ਨੂੰ ਸ਼ੁੱਧ ਅਤੇ ਠੀਕ ਢੰਗ ਨਾਲ ਲਿਖਣ, ਬੋਲਣ ਅਤੇ ਪ੍ਰਸਾਰਨ ਦੇ ਆਪਣੇ ਨੇਮ ਹਨ। ਇਹਨਾਂ ਨੇਮਾਂ ਦੇ ਸਮੂਹ ਨੂੰ ਪੰਜਾਬੀ ਬੋਲੀ ਦੀ   ਵਿਆਕਰਨ  ਕਿਹਾ ਜਾਂਦਾ ਹੈ। ਹਰੇਕ ਪੰਜਾਬੀ ਅਤੇ ਪੰਜਾਬੀ ਬੋਲੀ ਵਾਸਤੇ ਸ਼ੁਭ ਇੱਛਾਵਾਂ ਰਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਪੰਜਾਬੀ ਬੋਲੀ ਦੀ ਵਿਆਕਰਨ ਪੜ੍ਹਨ ਤਾਂ ਜੋ ਇਸ ਦੇ ਨੇਮਾਂ ਬਾਰੇ ਸਾਰਿਆਂ ਨੂੰ ਵਧ ਤੋਂ ਵਧ ਜਾਣਕਾਰੀ ਹੋਵੇ । ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਵਿੱਚ ਹਰ ਇਕ ਪੰਜਾਬੀ ਦਾ ਆਪਣਾ ਵਧੀਆ ਹਿੱਸਾ ਇਹੀ ਹੋ ਸਕਦਾ ਹੈ ਕਿ ਉਹ ਚੰਗੇ ਪੰਜਾਬੀ ਲਿਖਾਰੀਆਂ ਦੀਆਂ ਵਧ ਤੋਂ ਵਧ ਪੰਜਾਬੀ ਲਿਖਤਾਂ ਨੂੰ ਪੜ੍ਹਨ। ਹੋ ਸਕੇ ਤਾਂ ਆਪ ਵੀ ਪੰਜਾਬੀ ਬੋਲੀ ਵਿੱਚ ਕੁਝ ਨਾ ਕੁਝ ਜ਼ਰੂਰ ਲਿਖਣ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਨ।

ਬੱਚਿਆਂ ਲਈ ਬ੍ਰਿਟਿਸ਼ ਕੋਲੰਬੀਆ ਦੀਆਂ ਚਾਰ ਯੂਨਿਵਰਸਿਟੀਆਂ, ਯੂ. ਬੀ . ਸੀ, ਵੈਨਕੂਵਰ ; ਸਾਈਮਨ ਫਰੇਜ਼ਰ ਯੂਨਿਵਰਸਿਟੀ,ਬਰਨਬੀ; ਕਵਾਂਨਟਲਿਨ ਯੂਨਿਵਰਸਿਟੀ, ਸੱਰੀ; ਯੂਨਿਵਰਸਿਟੀ ਆਫ ਫਰੇਜ਼ਰ ਵੈਲੀ, ਐਬਟਸਫੋਰਡ ; ਅਤੇ ਲਗਭਗ 11 ਸਕੂਲਾਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ ।

ਇਸ ਦੇ ਨਾਲ ਹੀ, ਬਹੁਤ ਸਾਰੇ ਗੁਰਦੁਆਰਿਆਂ ਵਿੱਚ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ। ਖਾਲਸਾ ਐਲੀਮੈਂਟਰੀ ਸਕੂਲ, ਵੈਨਕੂਵਰ, ਖਾਲਸਾ ਹਾਈ ਸਕੂਲ, ਸੱਰੀ ਅਤੇ ਖਾਲਸਾ ਹਾਈ ਸਕੂਲ, ਐਬਟਸਫੋਰਡ ਵਿੱਚ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ। ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੋਸਾਇਟੀ ਵਲੋਂ ਵੀ ਪੰਜਾਬੀ ਪੜ੍ਹਾਈ ਜਾਂਦੀ ਹੈ। ਪੰਜਾਬੀ ਕਮਿਊਨਿਟੀ ਦੇ ਪਰਿਵਾਰਾਂ ਅਤੇ ਵਿਦਿਆਰਥੀਆਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।

ਪੰਜਾਬੀ ਬੋਲੀ ਨੂੰ ਸਭ੍ਹ ਤੋਂ ਵਡੀ ਦੇਣ ਬਾਣੀਕਾਰਾਂ ਦੀ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਲੜੀ ਵਾਰ, ਗੁਰੂ ਰਾਮਦਾਸ ਜੀ ਤੱਕ, ਸਾਰੀ ਬਾਣੀ ਜੋ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਗੁਰਤਾਗੱਦੀ ਵੇਲੇ, ਗੁਰੂ ਰਾਮਦਾਸ ਜੀ ਨੇ ਭੇਂਟ ਕੀਤੀ ਸੀ, ਉਸ ਵਿੱਚ ਆਪਣੀ ਲਿਖੀ ਬਾਣੀ ਨੂੰ ਭਾਈ ਗੁਰਦਾਸ ਜੀ ਕੋਲੋਂ, ਗੁਰਬਾਣੀ ਵਿਆਕਰਨ ਅਨੁਸਾਰ ਲਿਖਵਾ ਕੇ ੧੬ ਅਗਸਤ ੧੬੦੪ ਈ. ਨੂੰ ਪੋਥੀ ਸਾਹਿਬ ਦੀ ਸੰਪਾਦਨਾ ਕਰ ਦਿੱਤੀ ਸੀ ਜੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਜਾਣਿਆ ਜਾਂਦਾ ਹੈ। ਸਿੱਖ ਇਤਿਹਾਸ ਅਤੇ ਪੰਜਾਬੀ ਬੋਲੀ ਦੇ ਇਤਿਹਾਸ ਵਿੱਚ ਇਹ ਇੱਕ ਬੜਾ ਵੱਡਾ ਮੀਲ ਪੱਥਰ ਸਾਬਤ ਹੋਇਆ ਹੈ। ਬਾਣੀ ਵਿੱਚ ਵਿਸ਼ਵਾਸ਼ ਕਰਨ ਵਾਲੇ ਅਤੇ ਪਿਆਰ ਨਾਲ ਬਾਣੀ ਪੜ੍ਹਨ ਅਤੇ ਇਸ ਵਿੱਚੋਂ ਸਿੱਖੇ ਗੁਣਾਂ ਨੂੰ ਜੀਵਨ ਵਿੱਚ ਅਪਨਾਉਣ ਵਾਲੇ ਸਦਾ ਆਪ ਪੰਜਾਬੀ ਪੜ੍ਹਨ ਗੇ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਨ ਗੇ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵੇਲੇ, ਪੰਜਾਬੀ ਬੋਲੀ ਨੂੰ ਦੂਜੀ ਵਡੀ ਦੇਣ ਇਹ ਦਿੱਤੀ ਕਿ ਸਾਰੀ ਬਾਣੀ ਨੂੰ ਗੁਰਬਾਣੀ ਵਿਆਕਰਨ ਅਨੁਸਾਰ ਭਾਈ ਗੁਰਦਾਸ ਜੀ ਤੋਂ ਲਿਖਿਵਾਇਆ। ਗੁਰਬਾਣੀ ਵਿਆਕਰਨ ਦੀ ਚੰਗੀ ਜਾਣਕਾਰੀ ਰੱਖਣ ਨਾਲ ਗੁਰਬਾਣੀ ਦੇ ਗੁਹਜ ਭੇਦਾਂ ਦੀ ਸਮਝ ਆਉਂਦੀ ਹੈ ਅਤੇ ਗੁਰਬਾਣੀ ਦੀ ਚੰਗੀ ਸਮਝ ਆਉਣ ਨਾਲ ਹੀ ਗੁਰਬਾਣੀ ਗਿਆਨ ਦੇ ਵਡਮੁੱਲੇ ਖਜ਼ਾਨੇ ਦੇ ਭੇਦ ਖੁਲਦੇ ਹਨ, ਜਿਸ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਗੁਰੂ ਨਾਨਕ ਜੋਤ ਦੇ ਨੌਂ ਪ੍ਰਕਾਸ਼ਾਂ ਅਤੇ ਹੋਰ ਸਤਿਕਾਰਤ ਬਾਣੀਕਾਰਾਂ ਦੀ ਜਗਤ ਨੂੰ ਵਡਮੁੱਲੀ ਅਤੇ ਮਹਾਨ ਦੇਣ ਦੀ ਸਮਝ ਆਉਂਦੀ ਹੈ। ਗੁਰਬਾਣੀ ਗਿਆਨ ਰਾਹੀਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖੀ ਸਿਧਾਤਾਂ, ਭਾਵ ਗੁਰੂ ਨਾਨਕ ਵਲੋਂ ਦਰਸਾਏ ਮਾਰਗ ਦਰਸ਼ਨ ਨੂੰ ਚੰਗੀ ਤਰਾਂ ਸਮਝਿਆ ਅਤੇ ਅਪਨਾਇਆ ਜਾ ਸਕਦਾ ਹੈ।

ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਰੱਬੀ ਸਨੇਹੇਂ ਨੂੰ ਲਿਖਤੀ ਰੂਪ ਦੇਣ ਲਈ ਗੁਰਮੁਖੀ ਅੱਖਰਾਂ ਨੁੰ ਹੀ ਅਪਨਾਇਆ ਸੀ ਜਿਸ ਦਾ ਸਬੂਤ ਸਾਡੇ ਸਾਹਮਣੇ ਆਸਾ ਰਾਗ ਵਿੱਚ ਲਿਖੀ ਬਾਣੀ “ਰਾਗੁ ਆਸਾ ਮਹਲਾ ੧ ਪਟੀ ਲਿਖੀ ” ਮਿਲਦੀ ਹੈ।

ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪਿਛੋਂ, ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ( ਤਲਵੰਡੀ ਸਾਹਬੋਂ ) ਵਿਖੇ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਅਰਜਨ ਪਾਤਸ਼ਾਹ ਜੀ ਵਲੋਂ ਰਾਗਾਂ ਦੀ ਤਰਤੀਬ ਨੂੰ ਅਪਨਾਉਂਦਿਆਂ ਹੋਇਆਂ, ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਲਿੱਖਕੇ ਇਸ ਮਹਾਨ ਗ੍ਰੰਥ ਨੂੰ ਸੰਪੂਰਨ ਕਰ ਦਿੱਤਾ ਸੀ।

"ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਪੰਨਾ ੯੪੩)" ਅਨੁਸਾਰ, ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰੂ, ਸ਼ਬਦ ਗੁਰੂ ਸੀ, ਜਿਸ ਨੂੰ ਨਾਨਕ ਜੋਤ ਦੇ ਦਸਵੇਂ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਨੇ, ਨਦੇੜ ਦੱਖਨ ਵਿਖੇ, ੭ ਅਕਤੂਬਰ ੧੭੦੮ ਈ. ਨੂੰ ਪੂਰਾ ਕਰ ਦਿਖਲਾਇਆ।

ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਤਿੰਨ ਦਿਨ ਪਹਿਲਾਂ, ਸਿੱਖਾਂ ਨੂੰ ਇੱਕਠਿਆਂ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਅਰਦਾਸ ਕੀਤੀ ਅਤੇ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈਕੇ, ਜੋ ਗੁਰਗੱਦੀ ਦੇਣ ਦੀ ਰੀਤ ਸੀ, ਉਸ ਨੂੰ ਅਪਨਾਉਂਦਿਆਂ ਹੋਇਆਂ, ਗੁਰੂ ਨਾਨਕ ਪਾਤਸ਼ਾਹ ਜੀ ਦੇ " ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ " ਨੂੰ ਸੰਪੂਰਨ ਗੁਰੂ ਕਹਿੰਦਿਆਂ ਹੋਇਆਂ, ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਚਲਾਈ ਰੀਤ ਅਨੁਸਾਰ, ਪਹਿਲਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਫਿਰ ਸਾਰੇ ਹਾਜ਼ਰ ਸਿੱਖਾਂ ਨੂੰ ਹੁਕਮ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੋ ਹੁਣ ਪੂਰੇ ਗੁਰੂ ਹਨ, ਇਹੀ ਸਿੱਖਾਂ ਦੇ ਅਗੋਂ ਤੋਂ ਸਦੀਵੀ ਗੁਰੂ ਹੋਣਗੇ। ਇਸ ਪਿਛੋਂ ਹਰ ਸਿੱਖ ਨੇ, ਜੋ ਉਥੇ ਹਾਜ਼ਰ ਸਨ, ਵਾਰੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਅਗੇ ਮੱਥਾ ਟੇਕਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੀ ਬਾਣੀ ਕਾਵਿ ਰੂਪ ਵਿੱਚ ਪਿੰਗਲਬੱਧ ਹੈ। ਇਹ ਅਨੇਕ ਪ੍ਰਕਾਰ ਦੇ ਛੰਦਾਂ ਬੰਦੀ ਵਿੱਚ ਗੁੰਦੀ ਹੋਈ ਹੈ । ਕਾਵਿ ਵਿੱਚ ਛੰਦਾ-ਬੰਦੀ, ਸੁਰ, ਤਾਲ ਅਤੇ ਲੈ, ਤੁਕਾਂਤ-ਤੋਲ, ਰਵਾਨੀ, ਮਾਤਰਾ ਮਿਣਤੀ ਅਤੇ ਸੰਗੀਤ ਕਲਾ ਨੂੰ ਮੁਖ ਰੱਖਿਆ ਗਿਆ ਹੈ ਅਤੇ ਸਮੁੱਚੀ ਬਾਣੀ ਸਿਵਾਏ ਕੁਝ ਸ਼ੁਰੂ ਦੀ ਬਾਣੀ ਦੇ ਰਾਗ, ਰਾਗਣੀਆਂ ਵਿੱਚ ਲਿਖੀ ਗਈ ਹੈ ਅਤੇ ਗਾਇਣ ਕੀਤੀ ਜਾਂਦੀ ਹੈ। ਗੁਰਬਾਣੀ ਦੀ ਸ਼ਬਦਾਵਲੀ ਦਾ ਰੂਪ ਅਤੇ ਪ੍ਰਵਾਹ ਅਜੋਕੀ ਕਾਵਿ ਰਚਨਾ ਨਾਲੋਂ ਵੱਖਰਾ ਹੈ ਅਤੇ ਇਸ ਦੀ ਬੋਲੀ ਅਤੇ ਲਿਖਣ ਸ਼ੈਲੀ ਬੜੀ ਵਿਲੱਖਣ ਹੈ।

ਇਸ ਸਾਰੇ ਕੁਝ ਤੋਂ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬੀ ਬੋਲੀ ਨੂੰ, ਭਾਰਤੀ ਅਤੇ ਖਾਸ ਕਰ ਕੇ, ਪੰਜਾਬੀ ਸਮਾਜ, ਸਾਹਿਤ , ਰਾਗ ਅਤੇ ਵਿਦਿਆ ਨੂੰ ਬਹੁਤ ਵੱਡੀ ਦੇਣ ਹੈ ਅਤੇ ਇਹ ਦੇਣ ਸਦੀਵੀਂ ਰਹੇਗੀ।

ਗੁਰਬਾਣੀ ਨੂੰ ਸਮਝਣ ਲਈ, ਸਿੱਖ ਵਿਦਿਵਾਨਾਂ ਨੇ ਉਪਰਾਲੇ ਕਰਨੇ ਸ਼ੁਰੂ ਕੀਤੇ ਅਤੇ ਇਸੇ ਸੰਦਰਭ ਵਿੱਚ, ਸਭ ਤੋਂ ਪਹਿਲਾਂ ਪ੍ਰਿੰ: ਤੇਜਾ ਸਿੰਘ ਜੀ ਨੇ ਗੁਰਬਾਣੀ ਵਿੱਚਲੀਆਂ ਲਗਾਂ ਮਾਤਰਾਂ ਦੀ ਵਿਆਖਿਆ ਨੂੰ ਲਿਖਤੀ ਰੂਪ ਦੇ ਕੇ ਸ਼ਬਦਾਂਤਿਕ ਲਗਾਂ ਮਾਤਰਾਂ ਦੇ ਗੁੱਝੇ ਭੇਦ ਨਾਮੀ ਇਕ ਪੁਸਤਕ ੧੯੨੨-੧੯੨੩ ਵਿੱਚ ਛਪਵਾਈ। ਇਸ ਪਿਛੋਂ, ਪ੍ਰੌ: ਭਾਈ ਸਾਹਿਬ ਸਿੰਘ ਜੀ ਨੇ ੧੯੩੨ ਵਿੱਚ, ਗੁਰੂ ਅਰਜਨ ਪਾਤਸ਼ਾਹ ਜੀ ਵਲੋਂ ਗੁਰਬਾਣੀ ਦੇ ਲਗ-ਮਾਤਰੀ ਨੇਮਾਂ ਨੂੰ ਲਿਖਤੀ ਰੂਪ ਦੇ ਕੇ, ਗੁਰਬਾਣੀ ਵਿਆਕਰਨ ਦੀ ਪੁਸਤਕ ਛਪਾਈ ਅਤੇ ਇਸ ਪਿਛੋਂ ਗੁਰੂ ਗ੍ਰੰਥ ਸਾਹਿਬ ਦਾ ਗੁਰਬਾਣੀ ਵਿਆਕਰਨ ਅਨੁਸਾਰ ਦਸ ਭਾਗਾਂ ਵਿੱਚ ‘ਗੁਰਬਾਣੀ ਦਰਪਨ’ ਲਿਖ ਕੇ ਸਿੱਖ ਜਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ। ਗੁਰਬਾਣੀ ਵਿਆਕਰਨ ਦੇ ਬਗੈਰ ਕਈ ਲਿਖਾਰੀ, ਪਰਚਾਰਕ ਅਤੇ ਵਿਆਖਿਆਕਾਰ ਗੁਰਬਾਣੀ ਸ਼ਬਦਾਂ ਦੇ ਕਈ ਕਈ ਅਰਥ ਕਰਦੇ ਸਨ ਅਤੇ ਇਸ ਨੂੰ ਆਪਣੀ ਵਿਦਵਤਾ ਸਮਝਦੇ ਸਨ, ਜੋ ਠੀਕ ਨਹੀਂ ਸੀ।

ਗੁਰਬਾਣੀ ਵਿਆਕਰਨ ਅਤੇ ਪੰਜਾਬੀ ਵਿਆਕਰਨ ਅਨੁਸਾਰੀ ‘ਗੁਰਬਾਣੀ ਦਰਪਨ’ ਨੇ ਇਸ ਸਾਰੇ ਕੁਝ ਨੂੰ ਠੱਲ ਪਾ ਦਿਤੀ ਹੈ। ਪ੍ਰੰਤੂ ਅਜੇ ਵੀ ਕਈ ਸੰਪਰਦਾਈ ਲੋਕ ਆਪਣਾ ਵਾਪਾਰੀ ਧੰਧਾ ਚਲਾਈ ਰੱਖਣ ਲਈ, ਜਨ ਸਾਧਾਰਨ ਨੂੰ ਗੁਰਬਾਣੀ ਸਮਝਣ ਅਤੇ ਗੁਰਬਾਣੀ ਦੀ ਮਹਾਨ ਦੇਣ ਤੋਂ ਵਾਂਝਿਆ ਰੱਖ ਰਹੇ ਹਨ।

ਹਰ ਸਿੱਖ ਦਾ ਇਹ ਮੁਢਲਾ ਫ਼ਰਜ਼ ਹੈ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਇਸ ਨੂੰ ਚੰਗੀ ਤਰਾਂ ਸਮਝਣ ਲਈ ਗੁਰਬਾਣੀ ਵਿਆਕਰਨ ਬਾਰੇ ਪੂਰੀ ਸੂਝ ਰੱਖੇ, ਜਿਸ ਲਈ ਪੰਜਾਬੀ ਵਿਆਕਰਨ ਦੀ ਚੰਗੀ ਸੂਝ ਪ੍ਰਾਪਤ ਹੋਣੀ ਜ਼ਰੂਰੀ ਹੈ। ਹੋਰ ਵੀ ਚੰਗਾ ਹੋਵੇ ਜੇ ਗੁਰਬਾਣੀ ਵਿਆਕਰਨ ਬਾਰੇ ਸੰਥਿਆ ਜਾਂ ਵਿਦਿਆ ਪ੍ਰਾਪਤ ਕੀਤੀ ਜਾਵੇ। ਇਸ ਖਿਆਲ ਨੂੰ ਮੁਖ ਰਖਦਿਆਂ ਹੋਇਆਂ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਲੋੜਵੰਦ ਨੂੰ ਪੰਜਾਬੀ ਵਿਆਕਰਨ ਦੀ ਮੁਢਲੀ ਜਾਣਕਾਰੀ ਇੰਟਰਨੈੱਟ ਰਾਹੀਂ ਪ੍ਰਾਪਤ ਹੋ ਸਕੇ। ਆਸ ਹੈ ਕਿ ਇਸ ਨੂੰ ਪੜ੍ਹ ਕੇ, ਇਸਦਾ ਵੱਧ ਤੋਂ ਵੱਧ ਲਾਭ ਲਿਆ ਜਾਵੇਗਾ ਅਤੇ ਆਪਣੇ ਸੁਝਾ ( pabk2010@hotmail.com ) ਭੇਜੇ ਜਾਣਗੇ ਤਾਂ ਜੋ ਇਸ ਵਿੱਚ ਸੁਧਾਰ ਕੀਤਾ ਜਾ ਸਕੇ।

Back to previous page