ਕਾਲ, ਕਾਰਦੰਤਕ / Tense, Participle

' ਕਾਲ '  

  ਜਿਸ ਸਮੇਂ ਵਿੱਚ ਕਿਰਿਆ ਦਾ ਕੰਮ ਕੀਤਾ ਜਾਵੇ, ਉਸ ਨੂੰ   ' ਕਾਲ '   ਆਖਦੇ ਹਨ, ਜਿਵੇਂ :

  • (ੳ) ਕੁੜੀਆਂ ਸ਼ਬਦ ਸਿੱਖਦੀਆਂ ਹਨ।

  • (ਅ) ਮੁੰਡਿਆਂ ਨੇ ਕਲ੍ਹ ਫੁਟਬਾਲ ਖੇਡਿਆ ਸੀ।

  • (ੲ) ਮਾਸਟਰ ਸਕੂਲ ਜਾਵੇਗਾ।

ਪਹਿਲੇ ਵਾਕ ਵਿੱਚ ਕਿਰਿਆ ' ਸਿੱਖਦੀਆਂ ਹਨ ' ਅਤੇ ਸਿੱਖਣ ਦਾ ਕੰਮ ਹੁਣ ਹੋ ਰਿਹਾ ਹੈ ; ਦੂਜੇ ਵਾਕ ਵਿੱਚ ਕਿਰਿਆ ' ਖੇਡਿਆ ਸੀ ' ਅਤੇ ਫੁਟਬਾਲ ਖੇਡਣ ਦਾ ਕੰਮ ਕਲ੍ਹ ਹੋਇਆ ਸੀ ; ਤੀਜੇ ਵਾਕ ਵਿੱਚ ਕਿਰਿਆ ' ਜਾਵੇਗਾ ' ਹੈ , ਜੋ ਆਉਣ ਵਾਲੇ ਸਮੇਂ ਵਿੱਚ ਹੋਵੇਗਾ।

ਇਨ੍ਹਾਂ ਉਦਾਹਰਨਾਂ ਤੋਂ ਪਤਾ ਲਗਦਾ ਹੈ ਕਿ ਕਾਲ ਦੇ ਤਿੰਨ ਮੁੱਖ ਭੇਦ ਹਨ।

(1) ਵਰਤਮਾਨ ਕਾਲ:- ਜਦੋਂ ਕਿਸੇ ਕਿਰਿਆ ਦਾ ਕੰਮ ਹੁਣ ਦੇ ਚਾਲੂ ਸਮੇਂ ਵਿੱਚ ਹੋਵੇ, ਤਾਂ  ਕਿਰਿਆ ਦੇ ਉਸ ਸਮੇਂ ਨੂੰ ਵਰਤਮਾਨ ਕਾਲ  ਆਖਦੇ ਹਨ, ਜਿਵੇਂ :-

  •  (ੳ)  ਬੇਬੇ ਸੂਤਰ ਕਤਦੀ ਹੈ।

  •  (ਅ)   ਰਾਗੀ ਜਥਾ ਕੀਰਤਨ ਕਰਦਾ ਹੈ।

  •  (ੲ)  ਮੇਰੀ ਮਾਂ ਦੁੱਧ ਰਿੜਕਦੀ ਹੈ।

(2) ਭੂਤ ਕਾਲ :- ਜਦੋਂ ਕਿਸੇ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਵਿੱਚ ਹੋਇਆ ਹੋਵੇ, ਤਾਂ  ਉਸ ਸਮੇਂ ਨੂੰ ਭੂਤ ਕਾਲ  ਆਖਦੇ ਹਨ, ਜਿਵੇਂ:-

  •   (1)  ਮੁੰਡੇ ਨੇ ਬਾਲ ਰੇੜ੍ਹੀ ਸੀ।

  •   (2)  ਸਤਨਾਮ ਨੇ ਕਾਰ ਚਲਾਈ ਸੀ।

  •   (3)  ਕਿਸੇ ਨੇ ਦਰਵਾਜ਼ੇ ਦੀ ਘੰਟੀ ਵਜਾਈ ਸੀ।

(3) ਭਵਿੱਖਤ ਕਾਲ : - ਜਦੋਂ ਕਿਸੇ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੋਵੇ, ਤਾਂ  ਉਸ ਸਮੇਂ ਨੂੰ ਭਵਿੱਖਤ ਕਾਲ   ਆਖਦੇ ਹਨ, ਜਿਵੇਂ :-

  •   (ੳ)  ਭੂਆ ਕਲ੍ਹ ਆਵੇਗੀ ।

  •   (ਅ)  ਬੱਸ 9:00 ਵਜੇ ਚਲੀ ਜਾਵੇਗੀ।

  •   (ੲ) ਹਾਕੀ ਦੀ ਖੇਡ ਕਲ੍ਹ ਹੋਵੇਗੇ।

 ਉਪਰਲੇ  ਤਿੰਨ ਮੁਖ - ਕਾਲਾਂ  ਦੀਆਂ ਹੇਠ ਲਿਖੀਆਂ   ਉਪ-ਕਿਸਮਾਂ  ਹਨ।

ਵਰਤਮਾਨ ਕਾਲ (Present Tense)

  1.    ਸਾਧਾਰਨ ਵਰਤਮਾਨ ਕਾਲ

  2.    ਪੂਰਨ ਵਰਤਮਾਨ ਕਾਲ

  3.    ਚਾਲੂ ਵਰਤਮਾਨ ਕਾਲ

  4.    ਪੂਰਨ ਚਾਲੂ ਵਰਤਮਾਨ ਕਾਲ

  5.    ਹੁਕਮੀ ਵਰਤਮਾਨ ਕਾਲ

  6.    ਸ਼ਰਤੀ ਵਰਤਮਾਨ ਕਾਲ

(1)  ਸਾਧਾਰਨ ਵਰਤਮਾਨ ਕਾਲ  : ਵਿੱਚ ਕਿਰਿਆ ਦੇ ਕੰਮ ਦੀ ਨਿਸਚਿਤ ਅਵਸਥਾ ਦਾ ਪਤਾ ਨਹੀਂ ਚਲਦਾ ਭਾਂਵੇ ਇਹ ਸਪੱਸ਼ਟ ਹੁੰਦਾ ਹੈ ਕਿ ਕਿਰਿਆ ਦਾ ਕੰਮ ਵਰਤਮਾਨ ਕਾਲ ਵਿੱਚ ਹੋ ਰਿਹਾ ਹੈ, ਜਿਵੇਂ:-

  • ਬੱਚੇ ਹਾਕੀ ਖੇਡਦੇ ਹਨ ।

  • ਸਿਪਾਹੀ ਟਿਕਟ ਲਿਖਦਾ ਹੈ।

  • ਸਕੱਤਰ ਸਨੇਹਾਂ ਦੇਂਦਾ ਹੈ।

(2)  ਪੂਰਨ ਵਰਤਮਾਨ ਕਾਲ   ਤੋਂ ਪਤਾ ਚਲਦਾ ਹੈ ਕਿ ਕਿਰਿਆ ਦਾ ਕੰਮ ਵਰਤਮਾਨ ਸਮੇਂ ਵਿੱਚ ਪੂਰਾ ਹੋ ਚੁੱਕਾ ਹੈ, ਜਿਵੇਂ:-

  • (ੳ) ਮੈ ਰੋਟੀ ਖਾ ਚੁੱਕਾ ਹਾਂ ।

  • (ਅ) ਮਾਂ ਨੇ ਰੋਟੀ ਬਣਾ ਲਈ ਹੈ।

  • (ੲ) ਸੋਹਣ ਸਕੂਲੋਂ ਵਾਪਸ ਘਰ ਮੁੜ ਆਇਆ ਹੈ ।

  • (ਸ) ਗੱਡੀ ਸਟੇਸ਼ਨ ਉਤੇ ਪਹੁੰਚ ਚੁੱਕੀ ਹੈ।

  • (ਹ) ਅਰਦਾਸ ਹੋ ਚੁੱਕੀ ਹੈ।

(3)  ਚਾਲੂ ਵਰਤਮਾਨ ਕਾਲ:-   ਉਹ ਕਾਲ ਹੈ ਜਿਸ ਤੋਂ ਪਤਾ ਚਲੇ ਕਿ ਕਿਰਿਆ ਦਾ ਕੰਮ ਵਰਤਮਾਨ ਕਾਲ ਵਿੱਚ ਹੋ ਰਿਹਾ ਹੈ ਪਰੰਤੂ ਅਜੇ ਪੂਰਾ ਨਹੀਂ ਹੋਇਆ, ਜਿਵੇਂ :-

  •   ਅਧਿਆਪਕ ਪੜ੍ਹਾ ਰਹੇ ਹਨ।

  •   ਮਾਂ ਰੋਟੀ ਬਣਾ ਰਹੀ ਹੈ।

  •   ਹਵਾਈ ਜਹਾਜ਼ ਉੱਡ ਰਿਹਾ ਹੈ।

  •   ਪੇਂਟਰ ਪੇਂਟ ਕਰ ਰਿਹਾ ਹੈ।

  •   ਗੁਰਬਾਣੀ ਸ਼ਬਦ ਦੀ ਵਿਚਾਰ ਹੋ ਰਹੀ ਹੈ ।

(4)  ਪੂਰਨ ਚਾਲੂ ਵਰਤਮਾਨ ਕਾਲ :-  ਇਸ ਕਾਲ ਤੋਂ ਪਤਾ ਚਲਦਾ ਹੈ ਕਿ ਕਿਰਿਆ ਦਾ ਕੰਮ ਬੀਤ ਚੁੱਕੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਜ਼ਾਰੀ ਹੈ, ਜਿਵੇਂ:-

  •  ਬੱਚੀ ਸਵੇਰ ਦੀ ਰੋ ਰਹੀ ਹੈ।

  •  ਬੁਲਾਰਾ ਪਿਛਲੇ ਦੋ ਘੰਟੇ ਤੋਂ ਬੋਲ ਰਿਹਾ ਹੈ।

  •  ਕੰਪਿਊਟਰ ਸਵੇਰ ਤੋਂ ਬੰਦ ਰਿਹਾ ਹੈ।

  •  ਫੁਟ ਬਾਲ ਦੀ ਗੇਮ ਪਿਛਲੇ ਦੋ ਘੰਟੇ ਤੋਂ ਖੇਡੀ ਜਾ ਰਹੀ ਹੈ।

(5)  ਹੁਕਮੀ ਵਰਤਮਾਨ ਕਾਲ :-   ਜਦੋਂ ਵਰਤਮਾਨ ਕਾਲ ਵਿੱਚ ਕਿਸੇ ਨੂੰ ਕੋਈ ਕੰਮ ਕਰਨ ਦਾ ਹੁਕਮ, ਬੇਨਤੀ , ਪ੍ਰੇਰਨਾ ਜਾਂ ਇੱਛਾ ਆਦਿ ਕੀਤੀ ਜਾਵੇ, ਤਾਂ ਉਹ ਹੁਕਮੀ ਵਰਤਮਾਨ ਕਾਲ ਕਹਾਉਂਦਾ ਹੈ, ਜਿਵੇਂ :-

  •  ਮੋਹਨ ! ਬੈਂਚ ਊਪਰ ਖੜਾ ਹੋ ਜਾ।

  •  ਬੱਚਿਉ ! ਹੁਣ ਆਪਣਾ ਸਬਕ ਯਾਦ ਕਰੋ।

  •  ਸਵੇਰੇ ਉੱਠ ਪਿਆ ਕਰੋ।

  •  ਕਾਰ ਠੀਕ ਪਾਰਕ ਕਰੋ।

  •  ਕਿਰਪਾ ਕਰਕੇ ਮੇਰੀ ਗਲ ਜ਼ਰੂਰ ਸੁਣੋ।

  •  ਵਾਹਿਗੁਰੂ ਭਲਾ ਕਰੇ।

(6)  ਸ਼ਰਤੀ ਵਰਤਮਾਨ ਕਾਲ :-  ਉਹ ਵਰਤਮਾਨ ਕਾਲ ਹੁੰਦਾ ਹੈ, ਜਿਸ ਵਿੱਚ ਕਿਸੇ ਕੰਮ ਕਰਨ ਦੀ ਕੋਈ ਸ਼ਰਤ ਜਾਂ ਪਾਬੰਦੀ ਲਾਈ ਜਾਵੇ, ਜਿਵੇਂ :-

  •  ਜੇ ਤੂੰ ਮੇਰੀ ਸੁਣੇ ਤਾਂ ਘਾਟਾ ਹੀ ਕਾਹਦਾ ਹੈ।

  •  ਜੇਕਰ ਸੱਚ ਬੋਲਿਆ ਜਾਏ ਤਾਂ ਸ਼ਰਮਿੰਦਗੀ ਨਹੀਂ ਉਠਾਉਣੀ ਪੈਂਦੀ।

  •  ਜੇ ਗੁਰਬਾਣੀ ਸਿੱਖਿਆ ਨੂੰ ਸਮਝਕੇ ਉਸ ਉਤੇ ਅਮਲ ਕੀਤਾ ਜਾਏ ਤਾਂ ਮਨ ਨੂੰ ਸ਼ਾਤੀ ਮਿਲਦੀ ਹੈ।

  •  ਰੋਜ਼ ਕਸਰਤ ਕਰੋ, ਸੁਸਤੀ ਨੇੜੇ ਨਹੀਂ ਆਉਂਦੀ।

  •  ਸਮੇਂ ਸਿਰ ਸੌਂਈਏ - ਉੱਠੀਏ, ਤਾਂ ਸੇਹਤ ਠੀਕ ਰਹਿੰਦੀ ਹੈ।

     ਨੋਟ :-  ਕਈ ਵਾਰ ਸ਼ਰਤ ਪ੍ਰਗਟ ਕਰਨ ਵਾਲੇ ਸ਼ਬਦ   ' ਜੇ , ਜੇਕਰ ', ਵਾਕ ਵਿੱਚ ਅਲੋਪ ਵੀ ਹੁੰਦੇ ਹਨ ।

    ਇਸੇ ਤਰਾਂ ਕਈ ਵਾਰ, ਵਾਕ ਦਾ ਕਰਤਾ ਵੀ ਅਲੋਪ ਹੋ ਜਾਂਦਾ ਹੈ।   ਉਦਾਹਰਨਾਂ ਦੇ ਕੇ ਸਪੱਸ਼ਟ ਕਰੋ! 

  •  ਸੱਚ ਬੋਲਿਆ ਜਾਏ ਤਾਂ ਸ਼ਰਮਿੰਦਗੀ ਨਹੀਂ ਉਠਾਉਣੀ ਪੈਂਦੀ। ਇਸ ਵਿੱਚ  ' ਜੇ ' ,  ' ਜੇਕਰ '  ਅਤੇ ਕਰਤਾ ਅਲੋਪ ਹਨ।

ਭੂਤ ਕਾਲ ( Past Tense)

      ਭੂਤ ਕਾਲ ਦੀਆਂ ਕਿਸਮਾਂ  

  1.    ਸਾਧਾਰਨ ਭੂਤ ਕਾਲ

  2.    ਪੂਰਨ ਭੂਤ ਕਾਲ

  3.    ਚਾਲੂ ਭੂਤ ਕਾਲ

  4.    ਪੂਰਨ ਚਾਲੂ ਭੂਤ ਕਾਲ

  5.    ਸ਼ਰਤੀ ਭੂਤ ਕਾਲ

 (1)  ਸਾਧਾਰਨ ਭੂਤ ਕਾਲ :-   ਇਸ ਕਾਲ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਕਿਰਿਆ ਦਾ ਕੰਮ ਬੀਤੇ ਹੋਏ ਸਮੇਂ ਵਿੱਚ ਸਾਧਾਰਨ ਰੂਪ ਵਿੱਚ ਹੋਇਆ ਹੈ, ਪਰੰਤੂ ਕੰਮ ਦੀ ਅਵਸਥਾ ਬਾਰੇ ਨਿਸਚਿਤ ਗਿਆਨ ਨਹੀਂ ਹੁੰਦਾ, ਜਿਵੇਂ :-

  •   ਰੋਗੀ ਨੇ ਦਵਾ ਪੀਤੀ।

  •   ਮੁੰਡੇ ਨੇ ਬਿਸਤਰਾ ਵਿਛਾਇਆ ।

  •   ਬਾਬਰ ਨੇ ਭਾਰਤ ਉਤੇ ਹਮਲਾ ਕੀਤਾ।

(2)   ਪੂਰਨ ਭੂਤ ਕਾਲ :-   ਉਹ ਕਾਲ ਹੈ ਜਿਸ ਤੋਂ ਇਹ ਪ੍ਰਗਟ ਹੁੰਦਾ ਹੈ ਕਿ ਬੀਤੇ ਸਮੇਂ ਵਿੱਚ ਕਿਰਿਆ ਦਾ ਕੰਮ ਪੂਰਾ ਹੋ ਚੁੱਕਾ ਹੈ, ਜਿਵੇਂ :-

  •  ਮਾਛੀ ਜਾਲ ਪਾ ਚੁੱਕਾ ਸੀ।

  •  ਖੇਲ ਸ਼ੁਰੂ ਹੋ ਚੁੱਕਾ ਸੀ।

  •  ਮੈਂ ਰੋਟੀ ਖਾ ਲਈ ਸੀ।

     (3)   ਚਾਲੂ ਭੂਤ ਕਾਲ  :  ਤੋਂ ਇਹ ਪਤਾ ਚਲਦਾ ਹੈ ਕਿ ਬੀਤੇ ਸਮੇਂ ਵਿੱਚ ਕਿਰਿਆ ਦਾ ਕੋਈ ਕੰਮ ਚਾਲੂ ਸੀ, ਪਰੰਤੂ ਅਜੇ ਮੁੱਕਾ ਨਹੀਂ ਸੀ, ਜਿਵੇਂ :-

    •  ਵਿਦਿਆਰਥੀ ਅਵਾਰਾ-ਗਰਦੀ ਕਰ ਰਿਹਾ ਸੀ ।

    •  ਅਸੀਂ ਸੁਆਲ ਕਰਦੇ ਪਏ ਸਾਂ।

    •  ਤੁਸੀਂ ਝਗੜਾ ਕਿਉਂ ਕਰ ਰਹੇ ਸੀ।

    •  ਵਿਦਿਆਰਥੀ ਆਪਣਾ ਕੰਮ ਦਿਖਾ ਰਿਹਾ ਸੀ।

     (4)  ਪੂਰਨ ਚਾਲੂ ਭੂਤ ਕਾਲ :-   ਉਹ ਹੈ, ਜਿਸ ਵਿੱਚ ਕਿਰਿਆ ਦਾ ਕੋਈ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਕਿਸੇ ਹੋਰ ਬੀਤ ਚੁੱਕੇ ਸਮੇਂ ਤੱਕ ਹੀ ਜ਼ਾਰੀ ਰਿਹਾ ਹੋਵੇ, ਜਿਵੇਂ :-

    •  ਹਵਾਈ ਜਹਾਜ਼ ਸਾਰੀ ਰਾਤ ਉੱਤਰਦੇ ਰਹੇ ਸਨ।

    •  ਕਥਾ ਕਾਰ ਸਾਰਾ ਵਕਤ ਕਥਾ ਕਰਦਾ ਰਿਹਾ ਸੀ।

    •  ਬਰਫ਼ ਕਈ ਹਫਤੇ ਪੈਂਦੀ ਰਹੀ ਸੀ।

    •  ਫੌਜੀ ਕਈ ਦਿਨ ਯੁੱਧ ਅਭਿਆਸ ਕਰਦੇ ਰਹੇ ਸਨ।

    •  ਕਾਲਜ ਕਈ ਦਿਨਾਂ ਤੋਂ ਬੰਦ ਰਿਹਾ ਸੀ।

     (5)  ਸ਼ਰਤੀ ਭੂਤ ਕਾਲ :-  ਉਹ ਕਾਲ ਹੈ, ਜਿਸ ਵਿੱਚ ਕੰਮ ਦੀ ਕਿਰਿਆ ਬਾਰੇ ਕੋਈ ਸ਼ਰਤ ਜਾਂ ਪਾਬੰਦੀ ਲੱਗੀ ਹੋਵੇ, ਜਿਵੇਂ:-

    •  ਜੇ ਮੇਰੇ ਵੱਸ ਹੁੰਦਾ ਤਾਂ ਮੈਂ ਜ਼ਰੂਰ ਉਥੇ ਜਾਂਦਾ।

    •  ਜੇ ਕਰ ਤੁਸੀਂ ਰੋਜ਼ ਸੈਰ ਕਰਿਆ ਕਰਦੇ ਤਾਂ ਕਦੇ ਬਿਮਾਰ ਨਾਂ ਪੈਂਦੇ।

    •  ਜੇ ਤੁਸੀਂ ਬੁਰਾ ਨਾਂ ਬੋਲਦੇ ਤਾਂ ਕਿਸੇ ਨੇ ਤੁਹਾਨੂੰ ਕੁਝ ਨਹੀਂ ਸੀ ਕਹਿਣਾ।

    ਭਵਿਖੱਤ ਕਾਲ ( Future Tense)

    ਭਵਿਖੱਤ ਕਾਲ ਦੀਆਂ ਕਿਸਮਾਂ

    1.     ਸਾਧਾਰਨ ਭਵਿਖੱਤ ਕਾਲ

    2.     ਪੂਰਨ ਭਵਿਖੱਤ ਕਾਲ

    3.     ਚਾਲੂ ਭਵਿਖੱਤ ਕਾਲ

    4.     ਸ਼ਰਤੀ ਭਵਿਖੱਤ ਕਾਲ

      (1)   ਸਾਧਾਰਨ ਭਵਿਖੱਤ ਕਾਲ :-    ਤੋਂ ਇਹ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਸਾਧਾਰਨ ਰੂਪ ਵਿੱਚ ਹੋਵੇਗਾ, ਪਰੰਤੂ ਉਸ ਕੰਮ ਦੀ ਅਵਸਥਾ ਦਾ ਪੂਰਨ ਗਿਆਨ ਨਹੀ ਹੁੰਦਾ, ਜਿਵੇਂ:-

    •  ਸੁਰਜੀਤ ਅਤੇ ਮਨਪ੍ਰੀਤ ਨਾਟਕ ਖੇਲਣਗੀਆਂ।

    •  ਅਸੀਂ ਮੇਲੇ ਜਾਵਾਂਗੇ।

    •  ਅਧਿਆਪਕ ਨਵਾਂ ਪਾਠ ਪੜ੍ਹਾਵੇਗਾ।

      (2)  ਪੂਰਨ ਭਵਿਖੱਤ ਕਾਲ :- ਤੋਂ ਇਹ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਪੂਰਾ ਹੋ ਚੁੱਕਾ ਹੋਵੇਗਾ, ਜਿਵੇਂ:-

    •   ਕੁੜੀਆਂ ਮੈਚ ਖੇਡ ਚੁੱਕੀਆਂ ਹੋਣਗੀਆਂ।

    •   ਮੈਂ ਖਾਣਾ ਬਣਾ ਚੁੱਕਾ ਹੋਵਾਂਗਾ।

    •   ਉਹ ਈ-ਮੇਲ ਭੇਜ ਚੁੱਕਾ ਹੋਵੇਗਾ।

    •   ਪੁਲੀਸ ਚੋਰ ਦਾ ਪਤਾ ਲਾ ਚੁੱਕੀ ਹੋਵੇਗੀ।

      (3)  ਚਾਲੂ ਭਵਿਖੱਤ ਕਾਲ  :-  ਤੋਂ ਇਹ ਪਤਾ ਲੱਗਦਾ ਹੈ ਕਿ ਆਉਦੇ ਸਮੇਂ ਵਿੱਚ ਕਿਰਿਆ ਦਾ ਕੰਮ ਜਾਰੀ ਰਿਹਾ ਹੋਵੇਗਾ, ਜਿਵੇਂ:-

    •  ਅਸੀਂ ਸਕੂਲ ਦਾ ਕੰਮ ਕਰ ਰਹੇ ਹੋਵਾਂਗੇ।

    •  ਉਹ ਤੁਹਾਡੀ ਉਡੀਕ ਕਰ ਰਹੇ ਹੋਣਗੇ।

    •  ਜੰਝ ਜਾ ਰਹੀ ਹੋਵੇਗੀ।

    •  ਕੰਮ ਕਰਨ ਵਾਲੇ ਸੜਕ ਉਤੇ ਕੰਮ ਕਰ ਰਹੇ ਹੋਣਗੇ।

      (4)  ਸ਼ਰਤੀ ਭਵਿਖੱਤ ਕਾਲ  :-  ਉਹ ਹੁੰਦਾ ਹੈ, ਜਿਸ ਵਿੱਚ ਕਿਸੇ ਕੰਮ ਦੇ ਕਰਨ ਦੀ ਸ਼ਰਤ ਜਾਂ ਪਾਬੰਦੀ ਲਾਈ ਜਾਵੇ, ਜਿਵੇਂ:

    •  ਜੇ ਕਰ ਤੁਸੀਂ ਮੇਹਨਤ ਕਰੋਗੇ ਤਾਂ ਪਾਸ ਹੋ ਜਾਵੋਗੇ।

    •  ਪਰਹੇਜ਼ ਕਰੋਗੇ ਤਾਂ ਛੇਤੀ ਠੀਕ ਹੋ ਜਾਵੋਗੇ।

    •  ਜੇ ਮੀਂਹ ਪੈਣਗੇ ਤਾਂ ਫਸਲਾਂ ਚੰਗੀਆਂ ਹੋਣਗੀਆਂ।

    •  ਜੇ ਧੁੱਪ ਨਿਕਲੀ ਤਾਂ ਫੁੱਟਬਾਲ ਖੇਡਾਂਗੇ।
  • ਕਾਰਦੰਤਕ ( Participle)

    ਜਿਹੜੇ ਸ਼ਬਦ ਧਾਤੂਆਂ ਤੋਂ ਬਣਨ ਪਰੰਤੂ   (1)  ਕਿਰਿਆ ਨਾ ਹੋਣ ; ਅਤੇ   (2)  ਉਹ ਕਿਰਿਆ ਵਾਂਗ ਕੰਮ ਦਾ ਸਮਾਂ (ਕਾਲ) ਨਾ ਦੱਸਣ,   ਉਹਨਾਂ ਨੂੰ   ਕਾਰਦੰਤਕ   ਆਖਦੇ ਹਨ।

       ਉਦਾਹਰਨਾਂ

    •   (1) ਦੁਧ  ' ਪੀਣਾ '  ਬੜਾ ਚੰਗਾ ਹੁੰਦਾ ਹੈ। ਇਸ ਵਾਕ ਵਿੱਚ ' ਪੀਣਾ ' ਸ਼ਬਦ ਦਾ ਧਾਤੂ ' ਪੀਣ ' ਹੈ, ਪਰੰਤੂ ਵਾਕ ਵਿੱਚ ' ਦੁਧ ਪੀਣਾ ...। ' ਤੋਂ ' ਪੀਣ ' ਦੇ ਕਾਲ (ਸਮੇਂ) ਦਾ ਪਤਾ ਨਹੀਂ ਲਗਦਾ । ਇਸ ਲਈ ' ਪੀਣਾ ' ਕਿਰਿਆ ਨਹੀਂ ਹੈ।
    •   (2) ਸੈਰ  ' ਕਰਨਾ ' ਚੰਗਾ ਹੈ। ਇਸ ਵਿੱਚ ਸ਼ਬਦ ' ਕਰਨਾ ' ਦਾ ਧਾਤੂ ' ਕਰ ' ਹੈ । ਇਸ ਵਾਕ ਵਿੱਚ ' ਸੈਰ ਕਰਨਾ ... । ' ਤੋਂ ਸੈਰ ਕਰਨ ਦੇ ਕਾਲ ( ਸਮੇਂ ) ਦਾ ਪਤਾ ਨਹੀਂ ਲਗਦਾ। ਇਸ ਲਈ ' ਕਰਨਾ ' ਕਿਰਿਆ ਨਹੀਂ ਹੈ।

    •   (3) ਵੰਡ  ' ਛਕਨਾ ' ਸਿੱਖ ਦਾ ਧਰਮ ਹੈ। ਇਸ ਵਿੱਚ ਵੀ ' ਛਕਨਾ ' ਕਿਰਿਆ ਨਹੀਂ ਹੈ, ਇਹ ਕਾਰਦੰਤਕ ਹੈ।

    ਇਹਨਾਂ ਵਾਕਾਂ ਵਿੱਚ ਸ਼ਬਦ  ' ਪੀਣਾ '  ,  ' ਕਰਨਾ '  ਅਤੇ  ' ਛਕਨਾ '  ਕਾਰਦੰਤਕ ਹਨ, ਕਿਉਂਕਿ ਇਹ ਧਾਤੂ ਸ਼ਬਦਾਂ,  ਪੀਣ,  ਕਰ  ਅਤੇ  ਛਕ  ਤੋਂ ਬਣੇ ਹਨ ਅਤੇ ਇਹ ਕੰਮ ਦਾ ਸਮਾਂ ਵੀ ਨਹੀ ਦੱਸਦੇ, ਇਸ ਲਈ ਇਹ ਕਿਰਿਆ ਨਹੀਂ ਹਨ।

      ਕਾਰਦੰਤਕ ਦੀਆਂ ਛੇ ਕਿਸਮਾਂ ਹਨ:-

    1.  ਭਾਵਾਰਥ ਕਾਰਦੰਤਕ (Infinitive Participle)   

    2.  ਕਿਰਿਆ ਫਲ (Gerund)   

    3.  ਭੂਤ ਕਾਰਦੰਤਕ (Past Participle)  

    4.  ਵਰਤਮਾਨ ਕਾਰਦੰਤਕ (Present Participle)   

    5.  ਪੂਰਬ ਪੂਰਨ ਕਾਰਦੰਤਕ (Conjuctive Perfect Participle)   

    6.  ਕਰਤਰੀ ਵਾਚ ਕਾਰਦੰਤਕ (Verbal Nouns of Agent)

    Note:- Gerund = A kind of Verbal Noun, used to express the meaning of the present infinitive active.

      (1)   ਭਾਵਾਰਥ ਕਾਰਦੰਤਕ :   ਧਾਤੂ ਦੇ ਅੰਤ ਵਿੱਚ ' ਣਾ ' ਜਾਂ ' ਨਾ ' ਲਾਉਣ ਨਾਲ ਜਿਹੜਾ ਨਾਉਂ ਬਣਦਾ ਹੈ, ਉਸਨੂੰ  ਭਾਵਾਰਥ ਕਾਰਦੰਤਕ ਆਖਦੇ ਹਨ, ਜਿਵੇਂ:- ਸਿੱਖ ਤੋਂ ਸਿੱਖਣਾ, ਲਿਖ ਤੋਂ ਲਿਖਣਾ, ਪੜ੍ਹ ਤੋਂ ਪੜ੍ਹਨਾ, ਸੁਣ ਤੋਂ ਸੁਣਨਾ, ਤਰ ਤੋਂ ਤਰਨਾ, ਆਦਿ ਭਾਵਾਰਥ ਕਾਰਦੰਤਕ ਹਨ।

      ਭਾਵਾਰਥ ਸਬੰਧੀ ਯਾਦ ਰਖਣ ਵਾਲੀਆਂ ਗਲਾਂ:  

    • (ੳ) ਜਦੋਂ ਕੰਮ ਦਾ ਨਾਉਂ ਭਾਵਾਰਥ ਕਾਰਦੰਤਕ ਹੁੰਦਾ ਹੈ, ਤਾਂ ਉਸ ਤੋਂ ਕੰਮ ਦਾ ਸਮਾਂ ਪਰਗਟ ਨਹੀਂ ਹੁੰਦਾ , ਪ੍ਰੰਤੂ ਇਹ ਨਾਂਵ ਵਾਂਗ ਕਰਤਾ, ਕਰਮ ਆਦਿ ਹੋ ਸਕਦਾ ਹੈ, ਜਿਵੇਂ :-

      • (1) ਪੜ੍ਹਨਾ ਲਿਖਣਾ ਚੰਗਾ ਕੰਮ ਹੈ। ਇਥੇ 'ਪੜ੍ਹਨਾ ਲਿਖਣਾ ' ਨਾਂਵ ਵਾਂਗ ਹੈ, ਪਰੰਤੂ ਨਾਂਵ ਨਹੀਂ ਹੈ ਕਿਉਂਕਿ ਕੰਮ ਕਰਨ ਦਾ ਸਮਾਂ (ਭਾਵ ਕਾਲ ) ਨਹੀਂ ਦੱਸਿਆ। ਸੋ ਇਥੇ 'ਪੜ੍ਹਨਾ ਲਿਖਣਾ ' ਭਾਵਾਰਥ ਕਾਰਦੰਤਕ 'ਕਰਤਾ ' ਰੂਪ ਵਿੱਚ ਹੈ।

      • (2) ਉਹ 'ਪੜ੍ਹਨਾ ' ਨਹੀ ਜਾਣਦਾ। ਇਸ ਵਾਕ ਵਿੱਚ ਪੜ੍ਹਨਾ 'ਕਰਮ ' ਰੂਪ ਵਿੱਚ ਭਾਵਾਰਥ ਕਾਰਦੰਤਕ ਹੈ।

      • (3) ਅਜੀਤ ਹੁਣ ਪੜ੍ਹਨੋ ਹਟ ਗਿਆ ਹੈ। ਇਸ ਵਾਕ ਵਿੱਚ ਅਜੀਤ ਦਾ ਪੜ੍ਹਨੋ ਵਖਰੇ ਹੋ ਜਾਣਾ ਦਰਸਾਉਂਦਾ ਹੈ ਕਿ ਇਥੇ ਭਾਵਾਰਥ ਕਾਰਦੰਤਕ ' ਪੜ੍ਹਨੋ '   ਅਪਾਦਾਨ   ਰੂਪ ਵਿੱਚ ਹੈ।

    • (ਅ) ਕਿਰਿਆ ਵਾਂਗ ਭਾਵਾਰਥ ਕਾਰਦੰਤਕ ਦਾ ਵੀ ਕਰਮ ਹੁੰਦਾ ਹੈ, ਜਿਵੇਂ:-

      • (1) ਕਿਤਾਬ ਫੜਨਾ ਸੌਖਾ ਕੰਮ ਹੈ ।

      • (2) ਰੋਜ਼   ਅਭਿਆਸ  ਕਰਨਾ ਜ਼ਰੂਰੀ ਹੈ।

      ਇਹਨਾਂ ਦੋਨਾਂ ਵਾਕਾਂ ਵਿੱਚ ਭਾਵਾਰਥ ਕਾਰਦੰਤਕ  'ਫੜਨਾ '  ਅਤੇ  'ਕਰਨਾ '  ਹਨ ਅਤੇ ਇਹਨਾਂ ਦੋਨਾਂ ਦੇ ਕਰਮ ਵਾਰ,   ' ਕਿਤਾਬ '   ਅਤੇ   ' ਅਭਿਆਸ '  ਕਰਮ ਹਨ।

    • (ੲ) ਜੇ  ਭਾਵਾਰਥ ਕਾਰਦੰਤਕ ਦੇ   ਕਰਮ ਨਾਲ ' ਨੂੰ ' ਲਗਾ ਹੋਵੇ ਤਾਂ ਉਸ ਦੇ   ਕਰਮ ਦਾ ਲਿੰਗ ਵਚਨ   ਭਾਵੇਂ ਕੁਝ ਵੀ ਹੋਵੇ, ਭਾਵਾਰਥ ਕਾਰਦੰਤਕ ਦਾ ਪੂਰਾ ਰੂਪ ਨਹੀਂ ਬਦਲਦਾ , ਜਿਵੇਂ :-

      • ਮੁੰਡੇ ਨੂੰ ਪੜ੍ਹਾਨਾ ਜ਼ਰੂਰੀ ਹੈ।    ਮੁੰਡਿਆਂ ਨੂੰ ਪੜ੍ਹਾਨਾ ਜ਼ਰੂਰੀ ਹੈ।;

      • ਪੁਤਰ ਨੂੰ,    ਪੁਤਰਾਂ ਨੂੰ;

      • ਬੱਚੇ ਨੂੰ,    ਬੱਚਿਆਂ ਨੂੰ, ਆਦਿ।

      • ਕੁੜੀਆਂ ਨੂੰ ਪੜ੍ਹਾਨਾ ਜ਼ਰੂਰੀ ਹੈ।    ਕੁੜੀ ਨੂੰ ਪੜ੍ਹਾਨਾ ਜ਼ਰੂਰੀ ਹੈ।;

    • (ਸ)  ਜੇ ਕਰਮ ਦੇ ਨਾਲ " ਨੂੰ " ਨਾ ਲਗਾ ਹੋਵੇ ਤਾਂ ਭਾਵਾਰਥ ਕਾਰਦੰਤਕ ਦਾ ਰੂਪ ਕਰਮ ਦੇ ਵਚਨ ਅਤੇ ਲਿੰਗ ਅਨੁਸਾਰ ਬਦਲ ਜਾਂਦਾ ਹੈ, ਜਿਵੇਂ:-

      •   ਲੱਕੜ ਕਟਣੀ     ਅਤੇ     ਲੱਕੜਾਂ ਕਟਣੀਆਂ। ਲੱਕੜ ਕਰਮ ਹੈ।

      •   ਭਿਆਨਕ ਕੁੱਤਾ ਮਾਰਨਾ    ਅਤੇ     ਭਿਆਨਕ ਕੁੱਤੇ ਮਾਰਨੇ। ਕੁੱਤਾ ਕਰਮ ਹੈ ਅਤੇ ਭਿਆਨਕ ਵਿਸ਼ੇਸ਼ਣ ਹੈ।

      •   ਕੰਮਪਿਊਟਰ ਠੀਕ ਕਰਨਾ     ਅਤੇ     ਕੰਮਪਿਊਟਰ ਠੀਕ ਕਰਨੇ ਆਦਿ । ਕੰਮਪਿਊਟਰ ਕਰਮ ਹੈ।

    • (ਹ) ਭਾਵਾਰਥ ਦੇ ਪਿਛੇ ਕੋਈ ਸੰਬੰਧਕ ਜਾਂ ਸੰਬੰਧ ਸੂਚਕ ਪਿਛੇਤਰ ਲਗਾ ਹੋਵੇ ਤਾਂ ਉਸ ਦਾ   ਰੂਪ ,  ਲਿੰਗ ਅਤੇ ਵਚਨ ਕਰਕੇ ਨਹੀਂ ਬਦਲਦਾ , ਜਿਵੇਂ:-

      •   ਕੱਚੇ ਫਲ ਖਾਣ ਤੋਂ ਨੁਕਸਾਨ ਹੁੰਦਾ ਹੈ । ਖਾਣ ਭਾਵਾਰਥ ਹੈ ਅਤੇ ' ਤੋਂ ' ਸੰਬੰਧਕ ਹੈ।

      •   ਕੱਚੇ ਫਲ ਖਾਣ ਨਾਲ ਨੁਕਸਾਨ ਹੁੰਦਾ ਹੈ। ' ਨਾਲ ' ਸੰਬੰਧਕ ਹੈ।

      •   ਕੱਚੀ ਲੱਸੀ ਪੀਣਣ ਨਾਲ ਨੁਕਸਾਨ ਹੁੰਦਾ ਹੈ। ' ਨਾਲ ' ਸੰਬੰਧਕ ਹੈ।

      ਇਸ ਨੂੰ ਹੋਰ ਉਦਾਹਰਨਾਂ ਸਹਿਤ ਸਪੱਸ਼ਟ ਕਰੋ !

       (2)   ਕਿਰਿਆ ਫਲ (Gerund):-   ਧਾਤੂ ਦੇ ਪਿਛੇ ' ਿ ' (ਸਿਹਾਰੀ) , ' ਆ ' ਜਾਂ ' ਇਆ ' ਲਾਉਣ ਨਾਲ ਜਿਹੜਾ ਨਾਂਵ ਬਣਦਾ ਹੈ, ਉਸ ਨੂੰ ' ਕਿਰਿਆ ਫਲ 'ਆਖਦੇ ਹਨ, ਜਿਵੇਂ:-

      •   ਉਸਦਾ ' ਪੜ੍ਹਿਆ ' , ' ਲਿਖਿਆ ' ਐਵੇਂ ਗਿਆ।

         ' ਕਿਰਿਆ ਫਲ ' ਦਾ ਰੂਪ   ਵਚਨ ਅਤੇ ਲਿੰਗ ਕਰਕੇ  ਅਸਾਧ (Incorrigible) ਹੁੰਦਾ ਹੈ, ਭਾਵ ਸਾਧਿਆ ਨਹੀਂ ਜਾ ਸਕਦਾ, ਜਿਵੇਂ:-

      •   ਉਸਦਾ ' ਪੜ੍ਹਿਆ ' , ' ਲਿਖਿਆ ' ਐਵੇਂ ਗਿਆ।

      •   ਉਹਨਾਂ ਦਾ ' ਪੜ੍ਹਿਆ ' , ' ਲਿਖਿਆ ' ਐਵੇਂ ਗਿਆ।

         ਇਨ੍ਹਾਂ ਦੋਨਾਂ ਵਾਕਾਂ ਵਿੱਚ ਕਿਰਿਆ ਫਲ ' ਪੜ੍ਹਿਆ ' ਅਤੇ ' ਲਿਖਿਆ ' ਬਦਲੇ ਨਹੀ ਹਨ।

         ਇਸੇ ਤਰਾਂ

      •   ' ਉਸ ਵਿਦਿਆਰਥਨ ਦਾ ' ਪੜ੍ਹਿਆ ' , ' ਲਿਖਿਆ ' ਐਵੇਂ ਗਿਆ ;   ਅਤੇ

      •   ' ਉਹਨਾਂ ਵਿਦਿਆਰਥੀਆਂ ਦਾ ' ਪੜ੍ਹਿਆ ' , ' ਲਿਖਿਆ ' ਐਵੇਂ ਗਿਆ ;

       ਇਹ ਲਿੰਗ ਬਦਲਣ ਕਰਕੇ ਬਦਲੇ ਨਹੀ ਹਨ।

       (3)  ਭੂਤ ਕਾਰਦੰਤਕ (Past Participle):- 

       ਧਾਤੂ ਦੇ ਪਿਛੇ ' ਿ ' (ਸਿਹਾਰੀ) , ' ਆ ' ਜਾਂ ' ਇਆ ' ਲਾਉਣ ਨਾਲ ਜਿਹੜਾ ਵਿਸ਼ੇਸ਼ਣ ਬਣਦਾ ਹੈ, ਉਸ ਨੂੰ ' ਭੂਤ ਕਾਰਦੰਤਕ ' ਆਖਦੇ ਹਨ, ਜਿਵੇਂ:-

      •  ਪੜ੍ਹਿਆ ਮਨੁਖ;

      •  ਪੱਕਿਆ ਅੰਬ;

      •  ਸੜਿਆ ਟਮਾਟਰ, ਆਦਿ।

        ਕੁਝ ਭੂਤ ਕਾਰਦੰਤਕਾਂ ਦੀ ਰਚਨਾ ਬਿਨਾ ਕਿਸੇ ਨਿਯਮ ਦੇ ਹੀ ਹੋ ਜਾਂਦੀ ਹੈ, ਜਿਵੇ: 

         ਧਾਤੂ    ਭੂਤ ਕਾਰਦੰਤਕ ।    ਧਾਤੂ    ਭੂਤ ਕਾਰਦੰਤਕ ।
         ਸੀ    ਸੀਤਾ    ਕਰ    ਕੀਤਾ
         ਧੋ    ਧੋਇਆ    ਤੋਲ    ਤੋਲਿਆ
         ਗਾ    ਗਾਇਆ    ਲੈ    ਲਇਆ
         ਨ੍ਹਾ    ਨ੍ਹਾਤਾ    ਲੱਭ    ਲੱਭਿਆ
         ਬਹੁ (ਬਹਿ)    ਬੈਠਾ    ਫੱਸ    ਫੱਸਿਆ
         ਰੁੱਸ    ਰੁੱਸਿਆ    ਪਰੋ    ਪਰੋਤਾ
         ਮਰ    ਮੋਇਆ    ਦੇ    ਦਿਤਾ
         ਰੋ    ਰੁੰਨਾ    ਜਾਗ    ਜਾਗਿਆ
         ਤੁਲ    ਤੁਲਿਆ    ਲਿਆ    ਲਿਆਂਦਾ

       (4)  ਵਰਤਮਾਨ ਕਾਰਦੰਤਕ (Present Participle):-  

      ਧਾਤੂ ਦੇ ਪਿਛੇ 'ਦਾ ' , ' ਦੇ ' ਜਾਂ ' ਦੀ ' ਲਾਉਣ ਨਾਲ ਜਿਹੜੇ  ਵਿਸ਼ੇਸ਼ਣ  ਬਣਦੇ ਹਨ, ਉਹਨਾਂ ਨੂੰ ਵਰਤਮਾਨ ਕਾਰਦੰਤਕ ਆਖਦੇ ਹਨ, ਜਿਵੇਂ: ਚਲਦੀ ਚੱਕੀ, ਚੜ੍ਹਦਾ ਸੂਰਜ, ਖੇਡਦੀ ਕੁੜੀ, ਚਲਦਾ ਪਾਣੀ, ਆਦਿ।

        ਵਰਤਮਾਨ ਕਾਰਦੰਤਕ ਸਬੰਧੀ ਕੁਝ ਯਾਦ ਰਖਣ ਵਾਲੀਆਂ ਗੱਲਾਂ: 

      (ੳ) ਜੇ ਧਾਤੂ ਦੇ ਅੰਤ ਵਿੱਚ ਕੋਈ ਲਗ ਹੋਵੇ ਤਾਂ 'ਦਾ ਤੋਂ ਪਹਿਲਾਂ ' ਬਿੰਦੀ ' ਜਾਂ ' ਉਂ ' ਵੀ ਵਧਾਇਆ ਜਾਂਦਾ ਹੈ, ਜਿਵੇਂ: ਆ ਤੋਂ ਆਉਂਦਾ, ਜੀ ਤੋਂ ਜੀਉਂਦਾ, ਜਾ ਤੋਂ ਜਾਂਦਾ, ਖਾ ਤੋਂ ਖਾਂਦਾ, ਆਦਿ ।

      (ਅ) ਕਦੇ ਕਦੇ ਵਰਤਮਾਨ ਕਾਰਦੰਤਕ ਦੇ ਪਿਛੇ 'ਹੋਇਆ ' ਵੀ ਲਾ ਦਿੰਦੇ ਹਨ, ਜਿਵੇਂ: ' ਜਾਂਦਾ ਹੋਇਆ ' ਮਨੁਖ , ' ਉਡਦਾ ਹੋਇਆ ' ਪੰਛੀ, ਆਦਿ ।

      (ੲ) ਵਰਤਮਾਨ ਕਾਰਦੰਤਕ ਕਿਰਿਆ ਨਾਲ ਆ ਕੇ  'ਕਰਤਾ ' ਜਾਂ  'ਕਰਮ '  ਦੀ ਹਾਲਤ ਵੀ ਦਸਦਾ ਹੈ, ਜਿਵੇਂ : 

      ਮੈਂ ਸੋਹਨ ਨੂੰ  ' ਜਾਂਦਿਆਂ '  ਵੇਖਿਆ ।

      ਉਦਾਹਰਨਾਂ ਸਹਿਤ  'ਕਰਮ ' ਦੀ ਹਾਲਤ ਵੀ ਦਸ ਕੇ ਸਪੱਸ਼ਟ ਕਰੋ !

       ਵਰਤਮਾਨ ਕਾਰਦੰਤਕ ਦੀ ਕਾਰਕ ਰੂਪ ਸਾਧਨਾ  ' ਕੰਨਾ '  ਅੰਤ ਵਿਸ਼ੇਸ਼ਣਾਂ ਵਾਂਗ ਕੀਤੀ ਜਾਂਦੀ ਹੈ। ਉਦਾਹਰਨਾਂ ਸਹਿਤ ਸਪੱਸ਼ਟ ਕਰੋ !

       (5)   ਪੂਰਬ ਪੂਰਨ ਕਾਰਦੰਤਕ ( Conjuctive Perfect Participle):-   ਧਾਤੂ ਦੇ ਅੰਤ ਵਿੱਚ   'ਕੇ '   ਲਾ ਕੇ ਜਿਹੜੇ  ਕਿਰਿਆ ਵਿਸ਼ੇਸ਼ਣ  ਬਣਦੇ ਹਨ, ਉਂਨ੍ਹਾਂ ਨੂੰ ਪੂਰਬ ਪੂਰਨ ਕਾਰਦੰਤਕ ਆਖਦੇ ਹਨ, ਜਿਵੇਂ :-

      1. ਮੈਂ ਰੋਟੀ  ' ਖਾ ਕੇ '  ਆਵਾਂਗਾ ।

      2. ਸੁਰਿੰਦਰ ਰੋਟੀ  ' ਪਕਾ ਕੇ '  ਜਾਵੇਗਾ ।

      3. ਉਹ  ' ਰੋ ਕੇ '  ਕਿਉਂ ਦੱਸਦਾ ਹੈ ।

        ਪੂਰਬ ਪੂਰਨ ਕਾਰਦੰਤਕ:  ਕਿਰਿਆ ਦੇ ਕੰਮ ਤੋਂ ਪਹਿਲਾਂ   ਕਿਸੇ ਪੂਰੇ ਹੋ ਚੁਕੇ ਕੰਮ ਦੀ ਸੂਚਨਾ ਦੇਂਦਾ ਹੈ। ਇਸ ਵਿੱਚ  ' ਕਿਰਿਆ '   ਅਤੇ  ' ਕਰਮ '  ਦੋਵੇਂ ਹੁੰਦੇ ਹਨ, ਜਿਵੇਂ:

      (1) ਡਾਕਟਰ ਮਰੀਜ਼ ਨੂੰ ਟੀਕਾ ਲਾ ਕੇ ਚਲਾ ਗਿਆ।

      ਇਸ ਵਾਕ ਵਿੱਚ ਡਾਕਟਰ ਨਾਂਵ ਹੈ, 'ਚਲਾ ਗਿਆ ' ਕਿਰਿਆ ਹੈ,' ਲਾ ਕੇ ' ਕਾਰਦੰਤਕ ਦਾ ' ਕਰਮ ' ਹੈ, ਕਿਰਿਆ ਦਾ ਨਹੀਂ।

      (2) ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ (ਪੰਨਾ 318) ਇਸ ਵਿੱਚ 'ਮੁਹਿ ਡਿਠੈ ਤਿਨ ਕੈ ਜੀਵੀਐ' ਪੂਰਬ ਪੂਰਨ ਕਾਰਦੰਤਕ ਹੈ। ਜੇ ਉਹਨਾਂ ਦਾ ਮੂੰਹ ਵੇਖ ਲਈਏ ..; ਜੇ ਉਹਨਾਂ ਦਾ (ਅੰਤਰ ਆਤਮੇ ) ਦਰਸ਼ਨ ਕਰ ਕੇ ਜੀਵਨ ਬਤੀਤ ਕਰੀਏ ..।

      (3) ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥(ਪੰਨਾ 320) ਇਸ ਵਿੱਚ  ' ਸਤਿਗੁਰਿ ਪੂਰੈ ਸੇਵਿਐਂ ' -{ਪੂਰਬ ਪੂਰਨ ਕਾਰਦੰਤਕ} ਹੈ। ਜੇ ਪੂਰੇ ਗੁਰੂ ਦੀ ਸੇਵਾ ਕੀਤੀ ਜਾਏ ..

      (4) ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥1॥ {ਪੰਨਾ 320}  ਇਸ ਵਿੱਚ  'ਨਾਮਿ ਅਰਾਧਿਐਂ '  -{ਪੂਰਬ ਪੂਰਨ ਕਾਰਦੰਤਕ} ਹੈ। ਜੇ ਪੂਰੇ ਗੁਰੂ (ਪ੍ਰਭੂ )ਗੁਣਾਂ ਨੂੰ ਮਨ ਵਿੱਚ ਯਾਦ ਰੱਖ ਕੇ ਕਾਰਜ ਕੀਤਾ ਜਾਵੇ, ਤਾਂ ਕਾਰਜ ਠੀਕ ਹੁੰਦਾ ਹੈ ।

      (5) ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥1॥ {ਪੰਨਾ 320} ਇਸ ਵਿੱਚ  'ਨਾਇ ਵਿਸਾਰਿਐਂ '  -{ਪੂਰਬ ਪੂਰਨ ਕਾਰਦੰਤਕ}ਹੈ। ਜੇ ਨਾਮ (ਪ੍ਰਭੂ ਦੇ ਗੁਣਾਂ ਨੂੰ) ਵਿਸਾਰ ਦਿੱਤਾ ਜਾਏ ..।

      (6) ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥1॥ {ਪੰਨਾ 321} ਇਸ ਵਿੱਚ  'ਨਾਮਿ ਸਲਾਹਿਐਂ ' -{ਪੂਰਬ ਪੂਰਨ ਕਾਰਦੰਤਕ} ਹੈ। ਜੇ ਨਾਮ ਸਲਾਹਿਆ ਜਾਏ ..; ਜੇ ਪ੍ਰਭੂ ਦੇ ਨਾਮ ਦੀ ਵਡਿਆਈ ਕੀਤੀ ਜਾਏ ..;  ਜੇ ਪ੍ਰਭੂ ਦੇ ਗੁਣਾਂ ਦੀ ਵਡਿਆਈ ਕੀਤੀ ਜਾਏ .. ।।

      (7) ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥{ਪੰਨਾ 322}ਇਸ ਵਿੱਚ  ' ਨਾਇ ਵਿਸਰਿਐਂ '  -{ਪੂਰਬ ਪੂਰਨ ਕਾਰਦੰਤਕ} ਹੈ। ਜੇ ਨਾਮ ਵਿਸਰ ਜਾਏ ..; ।

      ਕਈ ਧਾਤੂ ਆਪਣੇ ਅਸਲ ਰੂਪ ਵਿੱਚ ਹੀ ਪੂਰਬ ਪੂਰਨ ਕਾਰਦੰਤਕ ਦਾ ਕੰਮ ਦਿੰਦੇ ਹਨ, ਜਿਵੇਂ:-

        ਸੋਹਣ ਬਾਲ  ' ਸੁੱਟ '  ਚਲਾ ਗਿਆ , ਵਿੱਚ  ( ਸੁੱਟ ਤੋਂ ਸੁੱਟ ਕੇ ),  ਪੂਰਬ ਪੂਰਨ ਕਾਰਦੰਤਕ ਵਿੱਚ   ' ਕੇ '  ਸਦਾ ਅੱਡ ਹੀ ਲਿਖਿਆ ਜਾਂਦਾ ਹੈ, ਜਿਵੇਂ:-

       ਖਾ ਕੇ,  ਸੁੱਟ ਕੇ,  ਪਾ ਕੇ ', ਆਦਿ।

        ਜੇ ਧਾਤੂ ਦੇ ਨਾਲ  ' ਕੇ '  ਜੋੜ ਕੇ  ਲਿਖਿਆ ਜਾਵੇ ਤਾਂ ਅਰਥ ਬਦਲ ਜਾਣਗੇ ਅਤੇ ਅਰਥ ਦਾ ਅਨਰਥ ਹੋ ਜਾਵੇਗਾ, ਜਿਵੇਂ:-

       ਖਾਕੇ = ਨਕਸ਼ੇ,   ਪਾਕੇ = ਪੱਕੇ ਹੋਏ,  ਆਦਿ, ਜਦੋਂ ਕਿ     ਖਾ ਕੇ = ਖਾਣ ਦੇ ਪਿਛੋਂ;   ਪਾ ਕੇ = ਕਪੜਾ ਪਾ ਕੇ;   ਜੁਤੀ ਪਾ ਕੇ;  ਆਦਿ।

       (6)  ਕਰਤਰੀ ਵਾਚ ਕਾਰਦੰਤਕ (Verbal nouns of Agent):-   ਭਾਵਾਰਥ ਕਾਰਦੰਤਕ ਦੇ ਅੰਤਲੇ ਕੰਨੇ ( ਾ ) ਨੂੰ ਹਟਾ ਕੇ, ਉਸ ਦੀ ਥਾਂ  ' ਹਾਰ '  ਜਾਂ '  ਵਾਲਾ ' ਲਾਉਣ ਨਾਲ ਜੋ ਕਾਰਦੰਤਕ ਬਣਦਾ ਹੈ, ਉਸਨੂੰ ਕਰਤਰੀ ਵਾਚ ਕਾਰਦੰਤਕ ਆਖਦੇ ਹਨ, ਜਿਵੇਂ :-

        ਲਿੱਖ ਤੋ ਲਿੱਖਣਾ ---> ਲਿੱਖਣ ਤੋਂ---> ਲਿੱਖਣ ਵਾਲਾ; ਅਕਲ ਤੋਂ --> ਅਕਲ ਵਾਲਾ;..ਸਿਰਜਨ ਤੋਂ ---> ਸਿਰਜਨਹਾਰ,..ਕਰਨ ਤੋਂ ---> ਕਰਨਹਾਰ, ਆਦਿ ।

      ਕਈ ਵਾਰ ਧਾਤੂ ਦੇ ਨਾਲ  ' ਦੁਲੈਂਕੜੇ '  ਜਾਂ  'ਊ '  ਲਗਾਉਣ ਨਾਲ ਜੋ  ਵਿਸ਼ੇਸ਼ਣ  ਬਣਦੇ ਹਨ, ਉਹ   ਕਰਤਰੀ ਵਾਚ ਨਾਉਂ  ਬਣ ਜਾਂਦੇ ਹਨ, ਜਿਵੇਂ :-

         ਗੁਆਊ,    ਪੇਟੂ,   ਕਮਾਊ,   ਡਰੂ,   ਖਾਊ, ਆਦਿ ।

      ਕਰਤਰੀ ਵਾਚ ਕਾਰਦੰਤਕ    ਨੂੰ    ਕਰਤਰੀ ਵਾਚ ਨਾਉਂ   ਜਾਂ   ਕਰਤਰੀ ਵਾਚ ਸੰਗਿਆ   ਵੀ ਆਖਦੇ ਹਨ। ਇਹ   ਕਦੇ ਨਾਉਂ ਅਤੇ ਕਦੇ ਵਿਸ਼ੇਸ਼ਣ  ਵਾਂਗ ਵਰਤੀ ਜਾਂਦੀ ਹੈ।

      ਪ੍ਰਸ਼ਨ

        ਵਾਚ

      1. ਵਾਚ ਕਿਸ ਨੂੰ ਆਖਦੇ ਹਨ ? ਇਸ ਦੇ ਭੇਦ ( ਕਿਸਮਾਂ ) ਦੱਸੋ।

      2. ਕਰਤਰੀ ਵਾਚ ਤੋਂ ਕਰਮਣੀ ਵਾਚ ਬਨਾਉਣ ਦੇ ਨੇਮ ਉਦਾਹਰਨਾਂ ਸਹਿਤ ਦੱਸੋ ।

      3. ਕਰਮਣੀ ਵਾਚ ਤੋਂ ਕਰਤਰੀ ਵਾਚ ਬਨਾਉਣ ਦੇ ਨੇਮ ਉਦਾਹਰਨਾਂ ਸਹਿਤ ਦੱਸੋ ।

          ਹੇਠ ਲਿਖੇ ਵਾਕਾਂ ਦੇ ' ਵਾਚ ' ਬਦਲੋ :-

        • ਇਸ ਨੂੰ ਫੜਿਆ ਜਾਏ ਅਤੇ ਪੁਲੀਸ ਦੇ ਹਵਾਲੇ ਕੀਤਾ ਜਾਵੇ।

        • ਕੀ ਤੁਹਾਥੋਂ ਪਾਠ ਯਾਦ ਹੋ ਸਕੇਗਾ ?

        • ਉਸ ਤੋਂ ਭੱਜਿਆ ਨਹੀਂ ਜਾਂਦਾ।

        • ਰਾਮ ਨੇ ਸ਼ਾਮ ਨੂੰ ਕੁੱਟਿਆ ਹੈ।

        • ਏਥੇ ਲੋਕ ਸੱਚ ਬੋਲਦੇ ਹਨ।

        ਕਾਲ

      1. ਕਾਲ ਕਿਸ ਨੂੰ ਆਖਦੇ ਹਨ ? ਇਸ ਦੇ ਮੁੱਖ ਭੇਦ ਉਦਾਹਰਨਾਂ ਦੇ ਕੇ ਸਮਝਾਓ।

      2. ਭੂਤ ਕਾਲ ਦੀਆਂ ਕਿੰਨੀਆਂ ਮੁੱਖ ਕਿਸਮਾਂ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।

      3. ਭਵਿੱਖਤ ਕਾਲ ਦੇ ਕਿੰਨੇ ਮੁੱਖ ਭੇਦ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।

      4. ਪੂਰਨ ਵਰਤਮਾਨ ਕਾਲ ਅਤੇ ਪੂਰਨ ਭਵਿੱਖਤ ਕਾਲ ਵਿੱਚ ਕੀ ਅੰਤਰ ਹੈ ?

        ਉਦਾਹਰਨਾਂ ਸਹਿਤ ਸਪੱਸ਼ਟ ਕਰੋ।

          ਹੇਠ ਲਿਖੇ ਵਾਕਾਂ ਨੂੰ ਚਾਲੂ ਵਰਤਮਾਨ ਕਾਲ ਵਿੱਚ ਬਦਲੋ:-

        • ਚਿੜੀਆਂ ਆਕਾਸ਼ ਵਿੱਚ ਉਡਦੀਆਂ ਹਨ।

        • ਅਸੀਂ ਪਾਠ ਯਾਦ ਕਰਦੇ ਹਾਂ।

        • ਕੁੜੀਆਂ ਪੀਂਘ ਝੂਟਦੀਆਂ ਹਨ।

        • ਚਿੱਤਰਕਾਰ ਚਿੱਤਰ ਬਨਣਾਉਂਦਾ ਹੈ।

        ਕਾਰਦੰਤਕ

      1. ਕਾਰਦੰਤਕ ਕਿਸ ਨੂੰ ਆਖਦੇ ਹਨ? ਉਦਾਹਰਨਾਂ ਦਿਉ।

      2. ਕਾਰਦੰਤਕ ਕਿੰਨੇ ਪ੍ਰਕਾਰ (ਕਿਸਮਾਂ) ਦੇ ਹਨ ? ਕਾਰਦੰਤਕ ਦੀਆਂ ਉਦਾਹਰਨਾਂ ਦਿਉ।

      3. ਭਾਵਾਰਥ ਕਾਰਦੰਤਕ ਕਿਸ ਨੂੰ ਆਖਦੇ ਹਨ ? ਭਾਵਾਰਥ ਕਾਰਦੰਤਕ ਦੀਆਂ ਉਦਾਹਰਨਾਂ ਦਿਉ।

      4. ਭਾਵਾਰਥ ਕਾਰਦੰਤਕ ਅਤੇ ਭਾਵਾਰਥ ਅਪਾਦਾਨ ਰੂਪ ਕੀ ਹਨ? ਉਦਾਹਰਨਾਂ ਦਿਉ।

      5. ਵਰਤਮਾਨ ਕਾਰਦੰਤਕ ਸਬੰਧੀ ਕੀ ਯਾਦ ਰਖਣ ਵਾਲੀਆਂ ਗੱਲਾਂ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।

      6. ਵਰਤਮਾਨ ਕਾਰਦੰਤਕ ਦੀ ਕਾਰਕ ਰੂਪ ਸਾਧਨਾ ਬਾਰੇ ਉਦਾਹਰਨਾਂ ਦਿਉ?

      7. ਪੂਰਬ ਪੂਰਨ ਕਾਰਦੰਤਕ ਬਾਰੇ ਕੀ ਯਾਦ ਰੱਖਣ ਦੀ ਲੋੜ ਹੈ ?

        ਉਦਾਹਰਨਾਂ ਸਹਿਤ ਸਪੱਸ਼ਟ ਕਰੋ।

      Back / ਵਾਪਸ ਜਾਉ

    Akali Singh Services, History | Sikhism | Sikh Youth Camp Programs | Punjabi and Gurbani Grammar | Home