ਕਿਰਿਆ , ਵਾਚ, ਧਾਤੂ , ਪੂਰਕ / Verb, Voice, Root of Word, Complement

ਕਿਰਿਆ :-   ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪਰਗਟ ਕਰੇ, ਉਸ ਨੂੰ   ਕਿਰਿਆ  ਆਖਦੇ ਹਨ,   ਜਿਵੇਂ:-  ਹਸਦਾ, ਉਡਦਾ, ਵਰ੍ਹਦਾ, ਖਾਧੀ, ਜਾਵੇਗਾ, ਆਦਿ ਸ਼ਬਦ ' ਕਿਰਿਆ ' ਹਨ।

 ਕਿਰਿਆ ਦੀਆਂ ਕੁਝ ਵਿਸ਼ੇਸ਼ਤਾਈਆਂ:  

  1. ਹਰ ਵਾਕ ਵਿੱਚ ਕਿਰਿਆ ਹੁੰਦੀ ਹੈ।

  2. ਕਿਰਿਆ ਆਮ ਤੌਰ 'ਤੇ ਵਾਕ ਦੇ ਅੰਤ ਵਿੱਚ ਆਉਂਦੀ ਹੈ।

  3. ਕਿਰਿਆ ਤੋਂ ਬਿਨਾਂ ਕਿਸੇ ਵਾਕ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।

  4. ਕਿਰਿਆ ਤੋਂ ਵਾਕ ਵਿੱਚ ਕਰਤਾ, ਕਰਮ, ਕਰਨ ਆਦਿ ਦਾ ਪਤਾ ਲਗਦਾ ਹੈ।

  ਕਰਤਾ, ਕਰਮ ਅਤੇ ਕਰਨ :  ਕਿਸੇ ਵਾਕ ਵਿੱਚ ਕੰਮ ਕਰਨ ਵਾਲੇ ਨੂੰ   ਕਰਤਾ  ਕਿਹਾ ਜਾਂਦਾ ਹੈ। ਜਿਸ ਉਤੇ ਉਹ ਕੰਮ ਕੀਤਾ ਜਾਵੇ, ਉਸ ਨੂੰ   ਕਰਮ  ਕਿਹਾ ਜਾਂਦਾ ਹੈ ਅਤੇ ਜਿਸ ਵਸੀਲੇ ਰਾਹੀਂ ਉਹ ਕੰਮ ਕੀਤਾ ਜਾਵੇ, ਉਸ ਨੂੰ ਕਰਨ ਕਿਹਾ ਜਾਂਦਾ ਹੈ, ਜਿਵੇਂ:

1.  ਸੁੰਦਰ ਸਿੰਘ ਨੇ ਪਾਣੀ ਪੀਤਾ। ਇਸ ਵਾਕ ਵਿੱਚ   ਸੁੰਦਰ ਸਿੰਘ ਕਰਤਾ  ਹੈ ਅਤੇ ਪੀਣ ਦਾ ਕੰਮ ਪਾਣੀ ਉਤੇ ਹੋਇਆ ਹੈ, ਇਸ ਲਈ   ਸੁੰਦਰ ਸਿੰਘ ਜੋ ਕਰਤਾ ਹੈ ,   ਉਸ ਲਈ  ' ਪਾਣੀ '  ਕਰਮ   ਹੈ।

2.  ਸੁੰਦਰ ਸਿੰਘ ਨੇ ਬੁੱਕ ਨਾਲ ਪਾਣੀ ਪੀਤਾ। ਇਸ ਵਾਕ ਵਿੱਚ   ਪਾਣੀ ਪੀਣ ਦਾ ਵਸੀਲਾ,   ' ਬੁੱਕ '   ਹੈ , ਇਸ ਲਈ   ' ਬੁੱਕ '   ਕਰਨ ਹੈ

  ਕਿਰਿਆ ਦੀ ਵੰਡ ਕਿੰਨੇ ਪ੍ਰਕਾਰ ਦੀ ਹੈ ?

 ਮੁੱਖ ਤੌਰ 'ਤੇ ਕਿਰਿਆ ਦੀ ਵੰਡ ਚਾਰ ਤਰਾਂ ਨਾਲ ਕੀਤੀ ਜਾ ਸਕਦੀ ਹੈ :-

    ਪਹਿਲੀ ਪ੍ਰਕਾਰ ਦੀ ਵੰਡ: 

  1. ਅਕਰਮਕ ਕਿਰਿਆ (Intransitive Verb) 

  2. ਸਕਰਮਕ ਕਿਰਿਆ ( Transitive Verb) 

  3. ਦੋਕਰਮਕ ਕਿਰਿਆ (Intransitive Verb)

    ਦੂਜੀ ਪ੍ਰਕਾਰ ਦੀ ਵੰਡ:

  1.   ਸਾਧਾਰਨ ਕਿਰਿਆ ( Simple Verb)  

  2.   ਪ੍ਰੇਰਨਾਰਥਕ ਕਿਰਿਆ (Induced Verb)  

  3.   ਦੂਹਰੀ ਪ੍ਰੇਰਨਾਰਥਕ ਕਿਰਿਆ(Double Induced Verb)

    ਤੀਜੀ ਪ੍ਰਕਾਰ ਦੀ ਵੰਡ:

  1. ਇਕਹਿਰੀ ਕਿਰਿਆ (Single Verb)

  2. ਸੰਜੁਗਤ ਕਿਰਿਆ (Combined Verb)

    ਚੌਥੀ ਪ੍ਰਕਾਰ ਦੀ ਵੰਡ:

  1. ਮੂਲ ਕਿਰਿਆ (Root Verb)

  2. ਸਹਾਇਕ ਕਿਰਿਆ (Secondary Verb)

 ਪਹਿਲੀ ਪ੍ਰਕਾਰ ਦੀ ਵੰਡ: 

  ਅਕਰਮਕ ਕਿਰਿਆ : ਜਿਸ ਵਾਕ ਵਿੱਚ ਕਿਰਿਆ ਦਾ ਕੇਵਲ ਕਰਤਾ ਹੀ ਹੋਵੇ ਅਤੇ ਕਰਮ ਨਾ ਹੋਵੇ, ਭਾਵ ' ਕਰਮ ਤੋਂ ਬਿਨਾਂ ਹੋਵੇ', ਉਸ ਨੂੰ ਅਕਰਮਕ ਕਿਰਿਆ ਆਖਦੇ ਹਨ, ਜਿਵੇਂ :

(1)  ਮੱਛੀਆਂ ਤਰਦੀਆਂ ਹਨ , (2)  ਪਿਆਰਾ ਸਿੰਘ ਦੌੜਦਾ ਹੈ , (3)  ਪਸ਼ੂ ਚਰਦੇ ਹਨ, ਆਦਿ ।

ਇਨ੍ਹਾਂ ਵਾਕਾਂ ਵਿੱਚੋਂ ਹਰ-ਇਕ ਵਾਕ ਵਿੱਚ ਨੰਬਰਵਾਰ, ( ਮੱਛੀਆਂ, ਪਿਆਰਾ ਸਿੰਘ, ਅਤੇ ਪਸ਼ੂ )ਕੇਵਲ ਕਰਤਾ ਹੀ ਹਨ। ਇਸ ਲਈ ਇਨ੍ਹਾਂ ਦੀਆਂ ਕਿਰਿਆਵਾਂ ( ਤਰਦੀਆਂ, ਦੌੜਦਾ , ਚਰਦੇ) ਅਕਰਮਕ ਕਿਰਿਆਵਾਂ ਹਨ।

  ਸਕਰਮਕ ਕਿਰਿਆ : ਜਿਸ ਵਾਕ ਵਿੱਚ ਕਿਰਿਆ ਦਾ ਕਰਤਾ ਅਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ, ਜਿਵੇਂ:

(1)  ਮੈਂ ਪੱਤਰ ਲਿੱਖਦਾ ਹਾਂ , (2)  ਪਸ਼ੂ ਘਾਹ ਚਰਦੇ ਹਨ, (3)  ਮੱਛੀਆਂ ਪਾਣੀ ਵਿੱਚ ਤਰਦੀਆਂ ਹਨ , (4)  ਪਿਆਰਾ ਸਿੰਘ ਸੜਕ ਉਤੇ ਦੌੜਦਾ ਹੈ, (5)  ਮੈਂ ਗਲਾਸ ਨਾਲ ਦੁਧ ਪੀਤਾ ਹੈ, ਆਦਿ ।

ਇਂਨ੍ਹਾਂ ਵਾਕਾਂ ਵਿੱਚ ਪੱਤਰ ਉਤੇ ਲਿਖਣ ਦਾ ਕੰਮ ਹੋਇਆ ਹੈ, ਇਸ ਲਈ ' ਪੱਤਰ ' ਲਿਖਣ ਲਈ ਕਰਮ ਹੈ ਜਦੋਂ ਕਿ ਲਿਖਣਾ ਕਿਰਿਆ ਹੈ। ਇਸੇ ਤਰ੍ਹਾਂ ( ਘਾਹ, ਪਾਣੀ, ਸੜਕ, ਦੁਧ ) ਸਾਰੇ ਕਰਮ ਹਨ।

 ਦੋਕਰਮਕ ਕਿਰਿਆ :- ਜਦੋਂ ਕਿਸੇ ਵਾਕ ਵਿੱਚ ਕਿਰਿਆ ਦੇ ਇਕ ਤੋਂ ਵਧੀਕ ਕਰਮ ਹੋਣ ਤਾਂ ਉਸ ਕਿਰਿਆ ਨੂੰ ਦੋਕਰਮਕ ਕਿਰਿਆ ਆਖਦੇ ਹਨ, ਜਿਵੇਂ:- ਪਹਿਲਾਂ ਪਾਣੀ ਪੀ ਲਉ ਅਤੇ ਫਿਰ ਚਾਹ ਪੀ ਲਉ। ਇਸ ਵਾਕ ਵਿੱਚ ' ਪੀ ਲਉ ' ਕਿਰਿਆ ਹੈ ਜਦੋਂ ਕਿ ' ਪਾਣੀ ' ਅਤੇ ' ਚਾਹ ' ਦੋ ਕਰਮ ਹਨ।

 ਦੂਜੀ ਪ੍ਰਕਾਰ ਦੀ ਵੰਡ: 

  ਸਾਧਾਰਨ ਕਿਰਿਆ:   ਜਦੋਂ ਕਿਸੇ ਵਾਕ ਵਿੱਚ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਹੋਵੇ , ਭਾਵ ਕਿਰਿਆ ਨਾਲ ਕੋਈ ਸੰਬੰਧਕ ਨਾ ਲੱਗਾ ਹੋਵੇ, ਉਸ ਕਿਰਿਆ ਨੂੰ ਸਾਧਾਰਨ ਕਿਰਿਆ ਆਖਦੇ ਹਨ, ਜਿਵੇਂ : ਮੈਂ ਚਿੱਠੀ ਲਿਖੀ ਹੈ। ਇਸ ਵਾਕ ਵਿੱਚ ' ਚਿੱਠੀ ' ਲਿਖਣ ਵਾਲਾ ਕਰਤਾ ਆਪ ਹੈ, ਇਸ ਲਈ ਇਹ ਸਾਧਾਰਨ ਕਿਰਿਆ ਹੈ।

ਜਦੋਂ ਕਿਸੇ ਵਾਕ ਵਿੱਚ ਕਿਰਿਆ ਨਾਲ ਲੁਪਤ ਜਾਂ ਪਰਗਟ-ਰੂਪ ਸੰਬੰਧਕ ਨਾ ਲੱਗਾ ਹੋਵੇ ਤਾਂ ਉਸ ਕਿਰਿਆ ਨੂੰ ਸਾਧਾਰਨ ਕਿਰਿਆ ਕਿਹਾ ਜਾਂਦਾ ਹੈ।

  ਪ੍ਰੇਰਨਾਰਥਕ ਕਿਰਿਆ :  ਜਦੋਂ ਕਿਸੇ ਵਾਕ ਵਿੱਚ ਕਿਰਿਆ ਨੂੰ ਕਰਨ ਵਾਲਾ ਕਰਤਾ ਆਪ ਨਾ ਹੋਵੇ ਅਤੇ ਉਹ ਕਿਰਿਆ ਪ੍ਰੇਰਨਾ ਦੇ ਕੇ ਕਿਸੇ ਹੋਰ ਤੋਂ ਕਰਵਾਈ ਗਈ ਹੋਵੇ, ਤਾਂ ਉਸਨੂੰ ਪ੍ਰੇਰਨਾਰਥਕ ਕਿਰਿਆ ਆਖਦੇ ਹਨ।

 ਦੂਹਰੀ ਪ੍ਰੇਰਨਾਰਥਕ ਕਿਰਿਆ :  ਜਦੋਂ ਕਿਸੇ ਵਾਕ ਵਿੱਚ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਣ ਲਈ ਕਹਿੰਦਾ ਹੈ, ਤਾਂ ਉਸ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ ਕਿਰਿਆ ਆਖਦੇ ਹਨ।

 ਤੀਜੀ ਪ੍ਰਕਾਰ ਦੀ ਵੰਡ:  

 ਇਕਹਿਰੀ ਕਿਰਿਆ :  ਜਿਸ ਵਾਕ ਵਿੱਚ ਕਿਰਿਆ ਇਕ ਸ਼ਬਦ ਦੀ ਹੋਵੇ, ਉਸ ਨੂੰ ਇਕਹਿਰੀ ਕਿਰਿਆ ਆਖਦੇ ਹਨ, ਜਿਵੇਂ: ਤੂੰ ਕਿਤਾਬ ਪੜ੍ਹ। ਇਸ ਵਾਕ ਵਿਚ  ' ਪੜ੍ਹ '  ਇਕਹਿਰੀ ਕਿਰਿਆ ਹੈ।

 ਸੰਜੁਗਤ ਕਿਰਿਆ :  ਜਦੋਂ ਕਿਸੇ ਵਾਕ ਵਿੱਚ ਕਿਰਿਆ ਦਾ ਰੂਪ ਇਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਜੋਗ ਤੋਂ ਬਣੇ, ਤਾਂ ਉਸ ਕਿਰਿਆ ਨੂਂ ਸੰਜੁਗਤ ਕਿਰਿਆ ਆਖਦੇ ਹਨ, ਜਿਵੇਂ:- ਅੰਦਰ ਆਉਣ ਤੋਂ ਪਹਿਲਾਂ ਤੂੰ ਘੰਟੀ ਵਜਾ ਦਿਆ ਕਰ। ਇਸ ਵਾਕ ਵਿੱਚ ਕਿਰਿਆ ਇਕ ਤੋਂ ਜ਼ਿਆਦਾ ਸ਼ਬਦਾਂ ਦੇ ਸੰਜੋਗ ਨਾਲ ਬਣੀ ਹੈ, ਇਸ ਲਈ ਇਹ ਸੰਜੁਗਤ ਕਿਰਿਆ ਹੈ।

  ਚੌਥੀ ਪ੍ਰਕਾਰ ਦੀ ਵੰਡ  

 ਮੂਲ (ਜਾਂ ਮੁੱਖ ) ਕਿਰਿਆ :  ਮਾਸਟਰ ਜੀ ਕੁਰਸੀ ਉਤੇ ਬੈਠੇ ਹਨ। ਇਸ ਵਾਕ ਵਿੱਚ  ' ਬੈਠੇ ਹਨ '  ਕਿਰਿਆ ਹੈ ਅਤੇ ਇਸ ਵਿਚ ' ਬੈਠੇ ' ਮੂਲ (ਜਾਂ ਮੁੱਖ ) ਕਿਰਿਆ ਹੈ।

 ਸਹਾਇਕ ਕਿਰਿਆ :  ਮਾਸਟਰ ਜੀ ਕੁਰਸੀ ਉਤੇ ਬੈਠੇ ਹਨ। ਇਸ ਵਾਕ ਵਿੱਚ ਸ਼ਬਦ  ' ਬੈਠੇ '  ਮੂਲ ਕਿਰਿਆ ਹੈ ਅਤੇ   ' ਹਨ '  ਉਸਦੀ ਸਹਾਇਕ ਕਿਰਿਆ ਹੈ।

ਅਕਰਮਕ ਕਿਰਿਆ ਕਿੰਨੇ ਪ੍ਰਕਾਰ ਦੀ ਹੈ ?  

    ਅਕਰਮਕ ਕਿਰਿਆ ਦੋ ਪ੍ਰਕਾਰ ਦੀ ਹੈ

  1. ਪੂਰਨ ਅਕਰਮਕ ਕਿਰਿਆ : ਜਿਹੜੀ ਕਿਰਿਆ ਆਪਣੇ ਕਰਤਾ ਨਾਲ ਮਿਲਕੇ ਵਾਕ ਦੇ ਭਾਵ ਨੂੰ ਪੂਰਾ ਕਰ ਦੇਵੇ, ਉਹ ਪੂਰਨ ਅਕਰਮਕ ਕਿਰਿਆ ਅਖਵਾਉਂਦੀ ਹੈ, ਜਿਵੇਂ: (1) ਲਤਾ ਮੰਗੇਸ਼ਕਰ ਗਾਉਂਦੀ ਹੈ, (2) ਪਿਆਰਾ ਸਿੰਘ ਦੌੜਦਾ ਹੈ । ਇਨ੍ਹਾਂ ਵਾਕਾਂ ਵਿਚ ' ਲਤਾ ' ਅਤੇ ' ਪਿਆਰਾ ਸਿੰਘ ' ਕਰਤਾ ਹਨ ; ' ਗਾਉਂਦੀ ' ਅਤੇ ' ਦੌੜਦਾ ' ਕਿਰਿਆਵਾਂ ਹਨ, ਪ੍ਰੰਤੂ ਦੋਨਾਂ ਵਾਕਾਂ ਵਿਚ ਕਰਮ ਬਾਰੇ ਕੁਝ ਨਹੀਂ ਦੱਸਿਆ, ਇਸ ਲਈ ਦੋਨੋਂ ਅਕਰਮਰਕ ਕਿਰਿਆਵਾਂ ਹਨ । ਇਨ੍ਹਾਂ ਦੋਨਾਂ ਵਾਕਾਂ ਵਿੱਚ ਕਿਰਿਆਵਾਂ ਆਪਣੇ ਆਪਣੇ ਕਰਤਾ ਨਾਲ ਮਿਲਕੇ, ਵਾਕ ਦੇ ਭਾਵ ਨੂੰ ਪੂਰਾ ਕਰਦੀਆਂ ਹਨ।

  2. ਅਪੂਰਨ ਅਕਰਮਕ ਕਿਰਿਆ : ਜਿਹੜੀ ਕਿਰਿਆ ਵਾਕ ਦੇ ਭਾਵ ਨੂੰ ਪੂਰਾ ਨਾ ਕਰੇ, ਉਸ ਨੂੰ ਅਪੂਰਨ ਅਕਰਮਕ ਕਿਰਿਆ ਆਖਦੇ ਹਨ, ਜਿਵੇਂ: (1) ਕੰਪਿਊਟਰ .... ਹੋ ਗਿਆ ਹੈ। (2) ਸੋਹਣ ਸਿੰਘ .... ਕਰ ਰਿਹਾ ਹੈ।

    ਇਨ੍ਹਾਂ ਦੋਨਾਂ ਵਾਕਾਂ ਵਿੱਚ ਦੋਨੋਂ ਕਿਰਿਆਵਾਂ ' ਹੋ ਗਿਆ ' ਅਤੇ 'ਕਰ ਰਿਹਾ ' ਤੋਂ ਵਾਕਾਂ ਦੇ ਭਾਵ ਪੂਰੇ ਨਹੀਂ ਹੁੰਦੇ, ਇਸ ਲਈ ਇਹ ਦੋਨੋ ਅਪੂਰਨ ਅਕਰਮਕ ਕਿਰਿਆਵਾਂ ਹਨ ।

ਸਕਰਮਕ ਕਿਰਿਆ ਕਿੰਨੇ ਪ੍ਰਕਾਰ ਦੀ ਹੈ ?  

ਸਕਰਮਕ ਕਿਰਿਆ ਦੋ ਪ੍ਰਕਾਰ ਦੀ ਹੈ

ਪੂਰਨ ਸਕਰਮਕ ਕਿਰਿਆ : ਜਿਹੜੀ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲਕੇ ਵਾਕ ਨੂੰ ਪੂਰਾ ਕਰ ਦੇਵੇ, ਉਸ ਨੂੰ ਪੂਰਨ ਸਕਰਮਕ ਕਿਰਿਆ ਆਖਦੇ ਹਨ, ਜਿਵੇਂ:-

  1. ਖਿਡਾਰੀ ਹਾਕੀ ਖੇਡਦੇ ਹਨ। ਇਸ ਵਾਕ ਵਿੱਚ ' ਖਿਡਾਰੀ ' ਕਰਤਾ ਹੈ, ' ਹਾਕੀ ' ਕਰਮ ਹੈ ਅਤੇ ; ' ਖੇਡਦੇ ' ਕਿਰਿਆ ਹੈ।
  2. ਵਿਦਿਆਰਥੀ ਕਿਤਾਬ ਪੜ੍ਹਦਾ ਹੈ।
ਅਪੂਰਨ ਸਕਰਮਕ ਕਿਰਿਆ : ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲਕੇ ਵਾਕ ਨੂੰ ਪੂਰਾ ਨਾ ਕਰ ਸਕੇ, ਉਸ ਨੂੰ ਅਪੂਰਨ ਸਕਰਮਕ ਕਿਰਿਆ ਆਖਦੇ ਹਨ, ਜਿਵੇਂ:
  1. ਬਾਬਾ ਜੀ ਨੇ ਲੋਕਾਂ ਨੂੰ .....ਬਣਾ ਦਿਤਾ ਹੈ। ਇਸ ਵਾਕ ਵਿੱਚ  ' ਬਾਬਾ ਜੀ ' ਕਰਤਾ ਹੈ,  ' ਲੋਕਾਂ '  ਕਰਮ ਹੈ ਅਤੇ   ' ਬਣਾ ਦਿਤਾ ਹੈ'  ਸਕਰਮਕ ਕਿਰਿਆ ਹੈ। ਪ੍ਰੰਤੂ, ਇਹ ਵਾਕ ਪੂਰਾ ਨਹੀਂ, ਅਧੂਰਾ ਹੈ। ਇਸ ਲਈ   ' ਬਣਾ ਦਿਤਾ ਹੈ '  ਅਪੂਰਨ ਸਕਰਮਕ ਕਿਰਿਆ ਹੈ।

ਵਾਚ:-

  ਕਿਰਿਆ ਦੇ ਉਸ ਭੇਦ (difference) ਨੂੰ  ' ਵਾਚ '  ਆਖਦੇ ਹਨ ਜੋ ਇਹ ਦੱਸੇ ਕਿ ਵਾਕ ਦਾ  ਵਿਸ਼ਾ  ਜਾਂ ਤਾਂ  ਕਿਰਿਆ ਦਾ  ' ਕਰਤਾ '  ਹੈ   ਜਾਂ   'ਕਰਮ '    ਹੈ।

     ਵਾਚ ਕਰਕੇ ਕਿਰਿਆ ਅਤੇ ਉਸਦਾ ਧਾਤੂ ਦੋ ਤਰਾਂ ਦੇ ਹੁੰਦੇ ਹਨ।

  1.  ਕਰਤਰੀ ਵਾਚ ( Active Voice)   

  2.  ਕਰਮਨੀ ਵਾਚ (Passive Voice)

(1)  ਕਰਤਰੀ ਵਾਚ:-  ਜਦੋਂ ਵਾਕ ਦਾ ਵਿਸ਼ਾ ਕਰਤਾ ਹੋਵੇ ਤਾਂ ਉਸ ਦੀ ਕਿਰਿਆ ਦਾ ਧਾਤੂ ' ਕਰਤਰੀ-ਵਾਚ ' ਵਿੱਚ ਹੁੰਦਾ ਹੈ, ਜਿਵੇਂ :- ਮੈਂ ਲਿਖਦਾ ਹਾਂ। ਇਸ ਵਾਕ ਦਾ ਕਰਤਾ ' ਮੈਂ ' ਹੈ ਅਤੇ ਇਸ ਦੀ ਕਿਰਿਆ  ' ਲਿਖਦਾ ' ਹੈ । ਇਸ ਕਿਰਿਆ ਸ਼ਬਦ ਦਾ ਧਾਤੂ ' ਲਿਖ '   ਕਰਤਰੀ-ਵਾਚ  ਵਿੱਚ ਹੈ।

(2) ਕਰਮਨੀ ਵਾਚ :-   ਜਦ ਵਾਕ ਦਾ ਵਿਸ਼ਾ  ' ਕਰਮ '  ਹੋਵੇ ਤਾਂ ਉਸ ਦੀ ਕਿਰਿਆ ਅਤੇ ਉਸ ਦਾ ਧਾਤੂ,  ਕਰਮਨੀ-ਵਾਚ ਵਿੱਚ ਹੁੰਦੇ ਹਨ, ਜਿਵੇਂ: ਚਿੱਠੀ ਮੈਥੋਂ ਲਿਖੀ ਗਈ ਹੈ। ਇਸ ਵਾਕ ਵਿੱਚ ਕੰਮ  ' ਚਿੱਠੀ '  ਉਤੇ ਹੋਇਆ ਹੈ। ਇਸ ਲਈ  ' ਚਿਠੀ '   ਕਰਮ ਹੈ,  ' ਲਿਖੀ '  ਕਿਰਿਆ ਹੈ ਅਤੇ ਇਸ ਦਾ ਧਾਤੂ  ' ਲਿਖੀ ਗਈ '  ਕਰਮਨੀ-ਵਾਚ ਵਿੱਚ ਹੈ।

ਕਰਤਰੀ ਵਾਚ ਤੋਂ ਕਰਮਨੀ ਵਾਚ ਬਨਾਉਣ ਦੀਆਂ ਉਦਾਹਰਨਾਂ

   (1)    ਅਸੀਂ ਇਹ ਕੰਮ ਨਹੀਂ ਕਰ ਸਕਦੇ ।    ਇਹ ਕੰਮ ਸਾਥੋਂ ਨਹੀ ਹੁੰਦਾ।
   (2)    ਅਸ਼ੋਕ ਭਾਰਤ ਉਤੇ ਰਾਜ ਕਰਦਾ ਸੀ ।   ਭਾਰਤ ਉਤੇ ਅਸ਼ੋਕ ਵਲੋਂ ਰਾਜ ਕੀਤਾ ਗਿਆ ਸੀ।
   (3)    ਡਾਕੂ ਪਿੰਡ ਨੂੰ ਲੁੱਟ ਚੁੱਕੇ ਸਨ ।   ਪਿੰਡ ਡਾਕੂਆਂ ਕੋਲੋਂ ਲੁੱਟਿਆ ਜਾ ਚੁੱਕਾ ਸੀ ।
   (4)   ਫੌਜੀ ਕਈ ਦਿਨਾਂ ਤੋਂ ਚਾਂਦ ਮਾਰੀ ਕਰ ਰਹੇ ਸਨ।   ਚਾਂਦ ਮਾਰੀ ਫੌਜੀਆਂ ਵਲੋਂ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ।
  (5)   ਕੁੜੀਆਂ ਰੱਸਾ ਟਪਦੀਆਂ ਹਨ ।   ਰੱਸਾ ਕੁੜੀਆਂ ਤੋਂ ਟੱਪਿਆ ਜਾਂਦਾ ਹੈ ।

  ਪੂਰਕ (Complement)  

  ਪੂਰਕ:- ਜਿਹੜੇ ਸ਼ਬਦ ਜਾਂ ਵਾਕੰਸ਼ ਅਪੂਰਨ ਕਿਰਿਆ ਨਾਲ ਆ ਕੇ ਵਾਕ ਦੇ ਭਾਵ ਨੂੰ ਪੂਰਾ ਕਰਨ, ਉਹ  ਪੂਰਕ  ਅਖਵਾਉਂਦੇ ਹਨ, ਜਿਵੇਂ:- ਬਾਬਾ ਜੀ ਨੇ ਲੋਕਾਂ ਨੂੰ ਮੂਰਖ ਬਣਾ ਦਿਤਾ ਹੈ । ਇਸ ਵਾਕ ਵਿੱਚ ਸ਼ਬਦ   ' ਮੂਰਖ '  ਪੂਰਕ ਸ਼ਬਦ ਹੈ।

 ਪੂਰਕ ਦੋ ਪ੍ਰਕਾਰ ਦਾ ਹੈ।  

  (1) ਕਰਤਰੀ ਪੂਰਕ ( Subjective Complement)  

  (2) ਕਰਮਨੀ ਪੂਰਕ (Objective Complement)  

 ਕਰਤਰੀ ਪੂਰਕ :-   ਜੋ ਪੂਰਕ, ਅਕਰਮਕ ਕਿਰਿਆ ਦੇ ਹੋਣ, ਉਹ ਕਰਤਰੀ ਪੂਰਕ ਅਖਵਾਉਂਦੇ ਹਨ, ਜਿਵੇਂ ਵਾਕ: ਸੁਰਿੰਦਰ .. ਹੋ ਗਿਆ ਹੈ , ਵਿੱਚ   ' ਹੋ ਗਿਆ ਹੈ ' ਨੂੰ ਸੁਰਿੰਦਰ ' ਸਫਲ ' ਹੋ ਗਿਆ ਹੈ , ਲਿਖਣ ਨਾਲ ਵਾਕ ਦਾ ਭਾਵ ਪੂਰਾ ਹੋ ਜਾਂਦਾ ਹੈ। ਇਸ ਲਈ ਇਥੇ   'ਸਫਲ '  ਸ਼ਬਦ  ' ਕਰਤਰੀ ਪੂਰਕ ' ਹੈ ।

 ਕਰਮਨੀ ਪੂਰਕ :-   ਜੋ ਪੂਰਕ , ਸਕਰਮਕ ਕਿਰਿਆ ਦੇ ਹੋਣ, ਉਹ ਕਰਮਨੀ ਪੂਰਕ ਅਖਵਾਉਂਦੇ ਹਨ, ਜਿਵੇਂ: ਤੁਸੀਂ ਉਹਨਾਂ ਨੂੰ ਚੰਗਾ ਜਾਣਦੇ ਹੋ। ਵਿੱਚ ਸ਼ਬਦ  ' ਚੰਗਾ '   ਕਰਮਨੀ ਪੂਰਕ ਹੈ।

  ਧਾਤੂ ਰਚਨਾ ( Compositions of Verbs from Root Words of Punjabi)  

    ਧਾਤੂ ਰਚਨਾ:-   ਧਾਤੂ   ਉਹ ਸ਼ਬਦ ਹਨ ਜਿਨ੍ਹਾਂ ਤੋਂ ਹਰ ਤਰਾਂ ਦੀਆਂ   ਕਿਰਿਆਵਾਂ ਬਣਦੀਆਂ ਹਨ  , ਜਿਵੇਂ: ਗਿਣ, ਖਿੜ, ਸੁਣ, ਚੁਣ, ਪੜ੍ਹ, ਲਿਖ, ਆਦਿ। ਇਨ੍ਹਾਂ ਸ਼ਬਦਾ ਤੋਂ ਹਰ ਕਿਸਮ ਦੀਆਂ ਕਿਰਿਆਵਾਂ, ਜਿਵੇਂ:- ਤੂੰ ਗਿਣ, ਤੂੰ ਸੁਣ, ਤੂੰ ਚੁਣ, ਤੂੰ ਪੜ੍ਹ, ਤੂੰ ਲਿਖ ਆਦਿ ਬਣਦੀਆਂ ਹਨ ।

  ਧਾਤੂ :-  ਸਦਾ ਇਕ ਵਚਨ ਮਧਮ ਪੁਰਖ ਵਿੱਚ ਹੁੰਦਾ ਹੈ ਅਤੇ ਇਹ   ' ਆਗਿਆ ਜਾਂ ਹੁਕਮ '  ਦੇ ਭਾਵ ਦਸਦਾ ਹੈ, ਜਿਵੇਂ: ਤੂੰ ਗਿਣ, ਤੂੰ ਸੁਣ, ਤੂੰ ਚੁਣ, ਤੂੰ ਪੜ੍ਹ, ਆਦਿ।

  ਧਾਤੂ   ਦੋ ਤਰਾਂ ਦੇ ਹੁੰਦੇ ਹਨ

(1)   ਮੂਲ ਧਾਤੂ ( Root Word):   ਜੋ ਆਪਣੇ ਆਪ ਵਿੱਚ ਪੂਰਨ ਹੋਵੇ ਅਤੇ ਜੋ ਹੋਰਨਾਂ ਸ਼ਬਦਾਂ ਦੀ ਮਦਦ ਨਾਲ ਨਾ ਬਣਿਆ ਹੋਵੇ, ਜਿਵੇਂ: ਪੜ੍ਹ, ਚਰ, ਲਿਖ, ਸੁਣ, ਆ , ਜਾ, ਆਦਿ ।

(2)  ਰਚਿਤ ਧਾਤੂ ( Created from Root of Word ) :   ਜੋ ਆਪਣੇ ਆਪ ਵਿੱਚ ਪੂਰਨ ਨਾ ਹੋਵੇ ਅਤੇ ਜੋ ਹੋਰਨਾਂ ਸ਼ਬਦਾਂ ਦੀ ਮਦਦ ਨਾਲ ਬਣਿਆ ਹੋਵੇ, ਜਿਵੇਂ: ਪੜ੍ਹਾ, ਚਰਾ, ਲਿਖਾ, ਸੁਣਾ, ਆਦਿ, ਜੋ ਪੜ੍ਹ, ਚਰ, ਲਿਖ, ਸੁਣ, ਆਦਿ ਮੂਲ ਧਾਤੂਆਂ ਤੋਂ ਬਣਾਏ ਗਏ ਹਨ।

    ਰਚਿਤ ਧਾਤੂ :   ਚਾਰ ਪ੍ਰਕਾਰ ਦੇ ਹਨ:-

  1.   ਨਕਲੀ ਧਾਤੂ ।

  2.   ਸੰਯੁਕਤ ਧਾਤੂ ।

  3.   ਪ੍ਰੇਰਨਾਰਥਕ ਧਾਤੂ ।

  4.   ਕਰਮ ਵਾਚ ਧਾਤੂ ।

(1) ਨਕਲੀ ਧਾਤੂ :-   ਜੋ ਧਾਤੂ ਕਿਸੇ ਨਾਂਵ, ਵਿਸ਼ੇਸ਼ਣ ਜਾਂ ਕਿਸੇ ਹੋਰ ਸ਼ਬਦ ਤੋਂ ਬਣੇ, ਉਹ ਨਕਲੀ ਧਾਤੂ ਅਖਵਾਉਂਦਾ ਹੈ, ਜਿਵੇਂ :

ਸੁਣਾ, ਪੜ੍ਹਾ, ਲਿਖਾ, ਆਦਿ ।

(2) ਸੰਯੁਕਤ ਧਾਤੂ :-   ਜੋ ਧਾਤੂ ਦੋ ਜਾਂ ਦੋ ਤੋਂ ਵਧੀਕ ਧਾਤੂਆਂ ਦੇ ਮੇਲ ਤੋਂ ਬਣੇ, ਉਹ  

ਸੰਯੁਕਤ ਧਾਤੂ   ਅਖਵਾਉਂਦਾ ਹੈ, ਜਿਵੇਂ:

ਪੜ੍ਹਿਆ ਕਰ, ਸੁਣਦਾ ਜਾਹ, ਲਿਖਿਆ ਕਰ, ਸੁਣ ਲਿਆ ਕਰ, ਆਦਿ, ਸੰਯੁਕਤ ਧਾਤੂ   ਹਨ।

(3) ਪ੍ਰੇਰਨਾਰਥਕ ਧਾਤੂ (Casual Root of Verb) : -   ਉਹ ਸਕਰਮਕ ਧਾਤੂ ਜਿਹੜਾ

ਅਕਰਮਕ ਜਾਂ ਮੂਲ ਸਕਰਮਕ ਧਾਤੂ ਤੋਂ ਬਣਿਆ ਹੋਵੇ, ਜਾਂ ਜਦੋਂ ਵਾਕ ਦੀ ਕਿਰਿਆ ਦਾ ਕਰਤਾ, ਕਿਰਿਆ ਦਾ ਕੰਮ ਆਪ ਨਾ ਕਰੇ, ਕਿਸੇ ਹੋਰ ਨੂੰ ਪ੍ਰੇਰ ਕੇ, ਉਸ ਤੋਂ ਕਰਵਾਏ, ਤਾਂ ਉਸ ਨੂੰ ਪ੍ਰੇਰਨਾਰਥਕ ਕਿਰਿਆ ਅਤੇ ਉਸਦੇ ਧਾਤੂ ਨੂੰ ' ਪ੍ਰੇਰਨਾਰਥਕ ਧਾਤੂ ' ਅਖਦੇ ਹਨ, ਜਿਵੇਂ:

ਚੁੱਕ ਤੋਂ ਚੁਕਾ, ਸੁਣ ਤੋਂ ਸੁਣਾ, ਪੜ੍ਹ ਤੋਂ ਪੜ੍ਹਾ, ਲਿਖ ਤੋਂ ਲਿਖਾ ਆਦਿ ।

ਪ੍ਰੇਰਨਾਰਥਕ ਧਾਤੂ ਦੋ ਪ੍ਰਕਾਰ ਦੇ ਹਨ: -

(1)  ਸਮਾਨ :-

  ਸਮਾਨ ਪ੍ਰੇਰਨਾਰਥਕ ਧਾਤੂ:  ਮੂਲ ਧਾਤੂ ਦੇ ਪਿਛੇ ਕੰਨਾ ( ਾ )ਲਗਾ ਕੇ ਬਣਦਾ ਹੈ, ਜਿਵੇਂ: ਪੜ੍ਹ ਤੋ ਪੜ੍ਹਾ, ਲਿਖ ਤੋਂ ਲਿਖਾ, ਕਰ ਤੋਂ ਕਰਾ, ਹੱਸ ਤੋਂ ਹਸਾ, ਆਦਿ।

(2)   ਵਿਸ਼ੇਸ਼ :-

  ਵਿਸ਼ੇਸ਼ ਪ੍ਰੇਰਨਾਰਥਕ ਧਾਤੂ: ਮੂਲ ਧਾਤੂ ਦੇ ਪਿਛੇ ' ਵਾ ' ਲਗਾ ਕੇ ਬਣਦਾ ਹੈ, ਜਿਵੇਂ: ਪੜ੍ਹ ਤੋਂ ਪੜ੍ਹਵਾ, ਕਰ ਤੋਂ ਕਰਵਾ, ਲਿਖ ਤੋਂ ਲਿਖਵਾ, ਆਦਿ।

 (4) ਕਰਮ ਵਾਚ ਧਾਤੂ:- ਜੇ ਵਾਕ ਦਾ ਵਿਸ਼ਾ ਕਿਰਿਆ ਦਾ ਕਰਮ ( ਕੰਮ ਦੇ ਅਸਰ ਨੂੰ ਸਹਿਣ ਵਾਲਾ ) ਹੋਵੇ ; ਤਾਂ ਕਿਰਿਆ ਅਤੇ ਉਸਦੇ ਧਾਤੂ ਨੂੰ ' ਕਰਮ ਵਾਚ ਧਾਤੂ ' ਆਖਦੇ ਹਨ, ਜਿਵੇਂ:- ਚਾਹ ਬਣਦੀ ਹੈ, ਵਿੱਚ ' ਬਣਦੀ ਹੈ ', ਕਿਰਿਆ ਹੈ ਅਤੇ ਇਸ ਦਾ ਧਾਤੂ ' ਬਣ ' ਕਰਮ ਵਾਚ ( Root of Passive Voice) ਹੈ।

ਚਿਤਾਵਨੀ:- ਕਰਤਰੀ ਵਾਚ ਧਾਤੂ ,  ਅਕਰਮਕ ਅਤੇ ਸਕਰਮਕ ,  ਦੋਵੇਂ ਤਰਾਂ ਦੇ ਹੁੰਦੇ ਹਨ, ਪਰ   ਕਰਮ ਵਾਚ ਧਾਤੂ  ਕੇਵਲ   ਸਕਰਮਕ ਧਾਤੂਆਂ ਦੇ ਹੀ ਹੋ ਸਕਦੇ ਹਨ।

ਅਭਿਆਸ/ Review

ਪ੍ਰਸ਼ਨ:-

    ਕਿਰਿਆ

  1. ਕਿਰਿਆ ਕਿਸ ਨੂੰ ਆਖਦੇ ਹਨ ?

  2. ਕਿਰਿਆ ਬਾਰੇ ਕਿਹੜੀਆਂ ਯਾਦ ਰੱਖਣ ਵਾਲੀਆਂ ਗੱਲਾਂ ਹਨ?

  3. ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?

  4. ਅਕਰਮਕ ਅਤੇ ਸਕਰਮਕ ਕਿਰਿਆਵਾਂ ਕੀ ਹੁੰਦੀਆਂ ਹਨ? ਉਦਾਹਰਨਾਂ ਸਹਿਤ ਸਪਸ਼ਟ ਕਰੋ।

  5. ਕਰਤਰੀ ਵਾਚ ਧਾਤੂ ਬਾਰੇ ਕਿਹੜੀ ਗੱਲ ਖ਼ਾਸ ਤੌਰ 'ਤੇ ਧਿਆਨ ਵਿੱਚ ਰੱਖਣ ਦੀ ਲੋੜ ਹੈ ?

    ਵਾਚ

  1. ਵਾਚ ਕਿਸ ਨੂੰ ਆਖਦੇ ਹਨ ?

  2. ਵਾਚ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।

    ਪੂਰਕ

  1. ਪੂਰਕ ਕਿਸ ਨੂੰ ਆਖਦੇ ਹਨ ?

  2. ਪੂਰਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।

  3. ਕਰਤਰੀ ਅਤੇ ਕਰਮਨੀ ਪੂਰਕਾਂ ਦੇ ਭੇਦ ਉਦਾਹਰਨਾਂ ਸਹਿਤ ਸਮਝਾਉ ।

    ਧਾਤੂ

  1. ਧਾਤੂ ਕਿਸ ਨੂੰ ਆਖਦੇ ਹਨ ?

  2. ਧਾਤੂ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।

  3. ਰਚਿਤ ਧਾਤੂ ਕਿੰਨੀ ਪ੍ਰਕਾਰ ਦੇ ਹਨ? ਰਚਿਤ ਧਾਤੂਆਂ ਦੇ ਭੇਦ ਉਦਾਹਰਨਾਂ ਸਹਿਤ ਸਪੱਸ਼ਟ ਕਰੋ।

Back to previous page